1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕੈਨੇਡਾ ਦੀ ਆਬਾਦੀ ਵਾਧੇ ਵਿਚ ਪਰਵਾਸ ਸਭ ਤੋਂ ਵੱਡਾ ਕਾਰਨ: ਸਟੈਟਿਸਟਿਕਸ ਕੈਨੇਡਾ

2048 ਤੱਕ ਕੈਨੇਡਾ ਦੀ ਆਬਾਦੀ ਦੁੱਗਣੀ ਹੋਣ ਦਾ ਅਨੁਮਾਨ

ਕੈਨੇਡਾ ਵਿਚ ਆਬਾਦੀ ਦੀ ਵਿਕਾਸੀ ਦਰ ਇਸ ਸਮੇਂ 2.9 ਫ਼ੀਸਦੀ ਹੈ ਅਤੇ ਇਹ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ।

ਕੈਨੇਡਾ ਵਿਚ ਆਬਾਦੀ ਦੀ ਵਿਕਾਸੀ ਦਰ ਇਸ ਸਮੇਂ 2.9 ਫ਼ੀਸਦੀ ਹੈ ਅਤੇ ਇਹ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ।

ਤਸਵੀਰ:  (Sean Kilpatrick/The Canadian Press)

RCI

ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ 2023 ਦੌਰਾਨ ਕੈਨੇਡਾ ਦੀ ਆਬਾਦੀ ਦਰ 70 ਸਾਲਾਂ ਦੇ ਸਭ ਤੋਂ ਉਤਲੇ ਪੱਧਰ ‘ਤੇ ਦਰਜ ਕੀਤੀ ਗਈ ਹੈ ਅਤੇ ਐਲਬਰਟਾ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।

ਆਬਾਦੀ ਦੇ ਤਾਜ਼ਾ ਅਨੁਮਾਨਾਂ ਅਨੁਸਾਰ, ਜੁਲਾਈ 2022 ਤੋਂ ਜੁਲਾਈ 2023 ਦੇ ਦਰਮਿਆਨ, ਕੈਨੇਡਾ ਦੀ ਆਬਾਦੀ ਵਿਚ 1.15 ਮਿਲੀਅਨ ਦਾ ਵਾਧਾ ਹੋਇਆ। ਇਸ ਵਾਧੇ ਨੇ ਕੈਨੇਡਾ ਨੂੰ ਅਬਾਦੀ ਪੱਖੋਂ ਜੀ-7 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੁਲਕ ਵੱਜੋਂ ਬਰਕਰਾਰ ਰੱਖਿਆ ਹੈ। ਕੈਨੇਡਾ ਦੀ ਆਬਾਦੀ ਵਿਕਾਸ ਦਰ 2.9 % ਦਰਜ ਹੋਈ।

ਕੈਨੇਡਾ ਵਿਚ ਆਬਾਦੀ ਦੀ ਮੌਜੂਦਾ ਵਿਕਾਸ ਦਰ 1957 ਦੀ 3.3% ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ।

ਸਟੈਟਕੈਨ ਅਨੁਸਾਰ ਇਸ ਵਾਧੇ ਦਾ ਕਰੀਬ 98% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ। ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿਚ 46% ਵਾਧਾ ਹੋਇਆ, ਜਿਸ ਦਾ ਸਭ ਤੋਂ ਵੱਡਾ ਕਾਰਨ ਵਰਕ ਅਤੇ ਸਟਡੀ ਪਰਮਿਟ ਵਿਚ ਵਾਧਾ ਰਿਹਾ।

ਅੰਕੜੇ ਦਰਸਾਉਂਦੇ ਹਨ ਕਿ ਜੁਲਾਈ 2022 ਤੋਂ, ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਲਗਭਗ 700,000 ਵੱਧ ਕੇ 2.2 ਮਿਲੀਅਨ ਹੋ ਗਈ ਹੈ ਅਤੇ ਪਰਵਾਸੀਆਂ ਦੀ ਗਿਣਤੀ ਵਿੱਚ 468,817 ਦਾ ਵਾਧਾ ਹੋਇਆ ਹੈ।

ਸੀਆਈਬੀਸੀ ਕੈਪਿਟਲ ਮਾਰਕੀਟਸ ਨੇ ਅਗਸਤ (ਨਵੀਂ ਵਿੰਡੋ) ਮਹੀਨੇ ਇੱਕ ਰਿਪੋਰਟ ਛਾਪੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਵਿਚ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਅਸਲ ਗਿਣਤੀ ਕਰੀਬ 1 ਮਿਲੀਅਨ ਘੱਟ ਅਨੁਮਾਨੀ ਗਈ ਹੋ ਸਕਦੀ ਹੈ। ਇਸੇ ਕਰਕੇ ਸਟੈਟਿਸਟਿਕਸ ਕੈਨੇਡਾ ਨੇ ਕਿਸਮ ਅਤੇ ਸੂਬੇ ਦੇ ਹਿਸਾਬ ਨਾਲ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦਾ ਨਵਾਂ ਡਾਟਾ ਤਿਆਰ ਕੀਤਾ ਹੈ।

ਸਟੈਟਕੈਨ ਨੇ ਕਿਹਾ ਕਿ ਨਵੇਂ ਡਾਟਾ ਨੇ ਪੁਰਾਨੇ ਅੰਕੜਿਆਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ। ਏਜੰਸੀ ਅਨੁਸਾਰ ਨਵੇਂ ਅੰਕੜਿਆਂ ਵਿਚ ਅਜਿਹੇ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ ਜਾਂ ਜਿਹੜੇ ਪਰਮਿਟ ਨਵਿਆਉਣ ਦੀ ਪ੍ਰਕਿਰਿਆ ਵਿਚ ਹੋਣ।

ਐਲਬਰਟਾ ਦੀ ਆਬਾਦੀ ਵਿਕਾਸ ਦਰ 4% ਦਰਜ ਹੋਈ, ਜਿਸ ਵਿਚ ਕੁਝ ਹਿੱਸਾ ਅੰਤਰਰਾਸ਼ਟਰੀ ਪਰਵਾਸ ਅਤੇ ਕੁਝ ਯੋਗਦਾਨ ਕੈਨੇਡਾ ਦੇ ਬਾਕੀ ਸੂਬਿਆਂ ਤੋਂ ਹੁੰਦੇ ਪਰਵਾਸ ਦਾ ਰਿਹਾ।

ਪਿਛਲੇ ਸਾਲ ਐਲਰਬਟਾ ਛੱਡ ਕੇ ਜਾਣ ਵਾਲਿਆਂ ਅਤੇ ਐਲਬਰਟਾ ਆਉਣ ਵਾਲਿਆਂ ਵਿਚ, 56,245 ਵਧੇਰੇ ਲੋਕ ਐਲਬਰਟਾ ਪਹੁੰਚੇ। 1971/72 ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਉਛਾਲ ਹੈ।

ਬਾਕੀ ਸੂਬਿਆਂ ਵਿਚ ਆਬਾਦੀ ਵਿਕਾਸ ਦਰ:

  • ਪ੍ਰਿੰਸ ਐਡਵਰਡ ਆਈਲੈਂਡ : 3.9%
  • ਨੋਵਾ ਸਕੋਸ਼ੀਆ : 3.2%
  • ਨਿਊਬ੍ਰੰਜ਼ਵਿਕ : 3.1%
  • ਓਨਟੇਰਿਓ: 3.0%
  • ਮੈਨੀਟੋਬਾ : 2.9%
  • ਸਸਕੈਚਵਨ: 2.6%
  • ਕਿਊਬੈਕ: 2.3%
  • ਬ੍ਰਿਟਿਸ਼ ਕੋਲੰਬੀਆ: 2.9%

2048 ਤੱਕ ਕੈਨੇਡਾ ਦੀ ਆਬਾਦੀ ਦੁੱਗਣੀ ਹੋਣ ਦਾ ਅਨੁਮਾਨ

ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਤਿੰਨ ਸੂਬਿਆਂ ਵਿੱਚ ਅਸਥਾਈ ਪਰਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਸੀ, ਓਨਟੇਰਿਓ ਵਿੱਚ ਲਗਭਗ 1 ਮਿਲੀਅਨ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ, ਕਿਊਬੈਕ ਵਿੱਚ ਲਗਭਗ 500,000 ਅਤੇ ਬੀਸੀ ਵਿਚ ਕਰੀਬ 400,000 ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦਰਜ ਕੀਤੇ ਗਏ।

ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਕੈਨੇਡਾ ਵਿਚ ਜਨਮ ਦਰ ਹੁਣ ਪ੍ਰਤੀ ਔਰਤ 1.33 ਬੱਚੇ ਦੇ ਰਿਕਾਰਡ ਹੇਠਲੇ ਪੱਧਰ 'ਤੇ ਹੈ, ਜਦ ਕਿ 2021 ਵਿੱਚ ਇਹ 1.44 ਸੀ।

ਇਸ ਘਟਦੀ ਜਨਮ ਦਰ ਦੇ ਬਾਵਜੂਦ, ਜੇਕਰ ਆਉਣ ਵਾਲੇ ਦਹਾਕਿਆਂ ਵਿੱਚ ਅੰਤਰਰਾਸ਼ਟਰੀ ਪਰਵਾਸ ਦਾ ਪੱਧਰ ਸਥਿਰ ਰਹਿੰਦਾ ਹੈ ਤਾਂ ਕੈਨੇਡਾ ਦੀ ਆਬਾਦੀ 25 ਸਾਲਾਂ ਵਿੱਚ ਦੁੱਗਣੀ ਹੋ ਸਕਦੀ ਹੈ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ