- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਨਿੱਝਰ ਮਾਮਲਾ: ਸੰਯੁਕਤ ਰਾਸ਼ਟਰ ਚ ਭਾਰਤੀ ਡਿਪਲੋਮੈਟ ਨੇ ਕੈਨੇਡੀਅਨ ਹਮਰੁਤਬਾ ਕੋਲ ਕੀਤੀ ਪਹੁੰਚ
‘ਮੈਨੂੰ ਇਹ ਦੇਖ ਕੇ ਕੁਝ ਸਕੂਨ ਮਿਲਿਆ ਕਿ ਅਜੇ ਕੂਟਨੀਤੀ ਦੀ ਗੁੰਜਾਇਸ਼ ਹੈ’ : ਬੌਬ ਰੇਅ

ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਬੌਬ ਰੇਅ।
ਤਸਵੀਰ: (Sean Kilpatrick/Canadian Press)
ਸੰਯੁਕਤ ਰਾਸ਼ਟਰ ਵਿਚ ਕੈਨੇਡਾ ਦੇ ਰਾਜਦੂਤ ਬੌਬ ਰੇਅ ਨੇ ਦੱਸਿਆ ਕਿ ਮੰਗਲਵਾਰ ਨੂੰ ਉਹਨਾਂ ਦੇ ਭਾਰਤੀ ਹਮਰੁਤਬਾ ਨੇ ਉਨ੍ਹਾਂ ਕੋਲ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਬਾਰੇ ਚਰਚਾ ਕਰਨ ਲਈ ਪਹੁੰਚ ਕੀਤੀ।
ਰੇਅ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ, ਰੁਚਿਰਾ ਕਮਬੋਜ ਮੰਗਲਵਾਰ ਨੂੰ ਰੇਅ ਦੇ ਸੰਯੁਕਤ ਰਾਸ਼ਟਰ ਵਿਚ ਭਾਸ਼ਣ ਤੋਂ ਬਾਅਦ ਉਨ੍ਹਾਂ ਕੋਲ ਪਹੁੰਚੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਰੇਅ ਨੇ ਕਿਹਾ, ਉਸਨੇ ਮੈਨੂੰ ਇੱਕ ਪਾਸੇ ਬੁਲਾਇਆ ‘ਤੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਮਿਲ ਕੇ ਕੰਮ ਕਰਦੇ ਰਹੀਏ ਕਿਉਂਕਿ ਸਰਕਾਰਾਂ ਉਸ ਸਥਿਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ 'ਤੇ ਕੰਮ ਕਰਨਾ ਜ਼ਰੂਰੀ ਹੈ
।
ਮੈਨੂੰ ਇਹ ਦੇਖ ਕੇ ਕੁਝ ਸਕੂਨ ਮਿਲਿਆ ਕਿ ਅਜੇ ਕੂਟਨੀਤੀ ਦੀ ਗੁੰਜਾਇਸ਼ ਹੈ, ਅਤੇ ਮੈਨੂੰ ਲੱਗਦਾ ਕਿ ਅੱਗੇ ਵਧਦਿਆਂ ਅਸੀਂ ਹੋਰ ਗੁੰਜਾਇਸ਼ ਦੇਖਾਂਗੇ
।
ਬੀਸੀ ਦੇ ਇੱਕ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਸਰੀ ਦੇ ਇੱਕ ਗੁਰਦੁਆਰੇ ਵਿੱਖੇ ਕਤਲ ਕਰ ਦਿੱਤਾ ਗਿਆ ਸੀ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਵਿਰੋਧ ਵਿੱਚ 24 ਜੂਨ, 2023 ਨੂੰ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਹੋਏ ਪ੍ਰਦਰਸ਼ਨ ਦੀ ਤਸਵੀਰ।
ਤਸਵੀਰ: (Ethan Cairns/The Canadian Press)
ਨਿੱਝਰ ਭਾਰਤੀ ਪੰਜਾਬ ਵਿਚ ਇੱਕ ਵੱਖਰਾ ਸਿੱਖ ਸੂਬਾ ਖ਼ਾਲਿਸਤਾਨ ਬਣਾਏ ਜਾਣ ਦਾ ਨਾਮਵਰ ਹਿਮਾਇਤੀ ਸੀ। ਭਾਰਤ ਸਰਕਾਰ ਨੇ ਨਿੱਝਰ ਨੂੰ ਅੱਤਵਾਦੀ ਐਲਾਨਿਆ ਹੋਇਆ ਸੀ, ਪਰ ਭਾਰਤ ਨੇ ਨਿੱਝਰ ਦੇ ਕਤਲ ਵਿਚ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਰੇਅ ਨੇ ਕਿਹਾ ਕਿ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੈਨੇਡਾ ਵੱਲੋਂ ਉਠਾਏ ਮੁੱਦਿਆਂ ਨਾਲ ਨਜਿੱਠਣ ਅਤੇ ਹੱਲ ਲੱਭਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ।
ਰੇਅ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਕ ਬਿਹਤਰ ਮਕਾਮ ‘ਤੇ ਪਹੁੰਚਣ ਲਈ ਇੱਕ ਦੂਸਰੇ ਪ੍ਰਤੀ ਬਹੁਤ ਜ਼ਿਆਦਾ ਆਪਸੀ ਸਤਿਕਾਰ ‘ਤੇ ਪਹੁੰਚਣ ਦੀ ਵੀ ਜ਼ਰੂਰਤ ਹੈ।
ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ ਨਿੱਝਰ ਦੀ ਮੌਤ ਬਾਰੇ ਕਿਸੇ ਵੀ ਖ਼ਾਸ ਜਾਣਕਾਰੀ ਦੀ ਪੜਚੋਲ ਲਈ ਤਿਆਰ ਹੈ।
ਟ੍ਰੂਡੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੈਨੇਡਾ ਨੇ ਭਾਰਤ ਨਾਲ ਕਈ ਹਫ਼ਤੇ ਪਹਿਲਾਂ ਭਰੋਸੇਯੋਗ ਇਲਜ਼ਾਮ
ਸਾਂਝੇ ਕੀਤੇ ਸਨ।
ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਕੈਨੇਡੀਅਨ ਸਰਕਾਰ ਨੇ ਹਦਰੀਪ ਸਿੰਘ ਨਿੱਝਰ ਦੀ ਮੌਤ ਦੀ ਕਈ ਮਹੀਨੇ ਚੱਲੀ ਲੰਬੀ ਜਾਂਚ ਵਿੱਚ ਮਨੁੱਖੀ ਅਤੇ ਸਿਗਨਲ ਇੰਟੈਲੀਜੈਂਸ ਇਕੱਠੀ ਕੀਤੀ ਹੈ ਅਤੇ ਇਸ ਖ਼ੂਫ਼ੀਆ ਜਾਣਕਾਰੀ ਵਿੱਚ ਕੈਨੇਡਾ ਵਿੱਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਖ਼ੁਦ ਭਾਰਤੀ ਅਧਿਕਾਰੀਆਂ ਦੀ ਗੱਲਬਾਤ ਵੀ ਸ਼ਾਮਲ ਹੈ।
ਵਾਸ਼ਿੰਗਟਨ ਪੋਸਟ ਨੇ ਸੋਮਵਾਰ ਨੂੰ ਖ਼ਬਰ ਦਿੱਤੀ ਕਿ ਉਸਨੇ ਇੱਕ 90-ਸਕਿੰਟ ਦੇ ਵੀਡੀਓ ਦੀ ਸਮੀਖਿਆ ਕੀਤੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਨਿੱਝਰ ਦੇ ਕਤਲ ਵਿੱਚ ਘੱਟੋ-ਘੱਟ ਛੇ ਵਿਅਕਤੀ ਅਤੇ ਮਸ਼ਕੂਕਾਂ ਦੇ ਭੱਜਣ ਲਈ ਤਿਆਰ ਦੋ ਕਾਰਾਂ ਸ਼ਾਮਲ ਸਨ - ਜਿਸ ਦਾ ਮਤਲਬ ਹੈ ਕਿ ਇਹ ਕਾਂਢ ਪਹਿਲਾਂ ਰਿਪੋਰਟ ਕੀਤੀ ਕਾਰਵਾਈ ਨਾਲੋਂ ਵੱਡਾ ਸੀ।
ਸੀਬੀਸੀ ਨਿਊਜ਼ ਨੇ ਵੀਡੀਓ ਨੂੰ ਨਹੀਂ ਦੇਖਿਆ ਹੈ ਅਤੇ ਇਸਦੇ ਕਾਨਟੈਂਟ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਦਾ।
ਖ਼ੂਫ਼ੀਆ ਜਾਣਕਾਰੀ ਬਹੁਤ ਭਰੋਸੇਯੋਗ: ਜਗਮੀਤ ਸਿੰਘ
ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ, ਜੋਡੀ ਥਾਮਸ ਤੋਂ ਖ਼ੂਫੀਆ ਬ੍ਰੀਫ਼ਿੰਗ ਪ੍ਰਾਪਤ ਕਰਨ ਤੋਂ ਬਾਅਦ ਟ੍ਰੂਡੋ ਦੀ ਗੱਲ ਦਾ ਸਮਰਥਨ ਕੀਤਾ।
ਜਗਮੀਤ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਨੇ ਜਨਤਕ ਤੌਰ 'ਤੇ ਜੋ ਸਾਂਝਾ ਕੀਤਾ ਹੈ - ਕਿ ਇਸ ਗੱਲ ਦੀ ਸਪੱਸ਼ਟ ਖ਼ੂਫੀਆ ਜਾਣਕਾਰੀ ਹੈ ਕਿ ਇੱਕ ਕੈਨੇਡੀਅਨ ਨਾਗਰਿਕ ਨੂੰ ਕੈਨੇਡੀਅਨ ਧਰਤੀ 'ਤੇ ਮਾਰੇ ਜਾਣ ਵਿਚ ਇੱਕ ਵਿਦੇਸ਼ੀ ਸਰਕਾਰ ਸ਼ਾਮਲ ਸੀ, ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ
।
ਉਹ ਖ਼ੂਫ਼ੀਆ ਜਾਣਕਾਰੀ, ਮੇਰਾ ਮੰਨਣਾ ਹੈ ਕਿ ਬਹੁਤ ਭਰੋਸੇਯੋਗ ਹੈ
।
ਜਗਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਮਾਮਲੇ 'ਤੇ ਬ੍ਰੀਫਿੰਗ ਦੀ ਬੇਨਤੀ ਕਰਨ ਦੇ ਯੋਗ ਇਸ ਲਈ ਸਨ ਕਿਉਂਕਿ ਉਨ੍ਹਾਂ ਨੂੰ ਸਾਬਕਾ ਵਿਸ਼ੇਸ਼ ਅਧਿਕਾਰੀ ਡੇਵਿਡ ਜੌਨਸਟਨ ਦੁਆਰਾ ਤਿਆਰ ਵਿਦੇਸ਼ੀ ਦਖਲਅੰਦਾਜ਼ੀ ਸਮੱਗਰੀ ਦੀ ਸਮੀਖਿਆ ਕਰਨ ਵੇਲੇ ਟੌਪ-ਸੀਕਰੇਟ ਸੁਰੱਖਿਆ ਲਈ ਮਨਜ਼ੂਰੀ ਦਿੱਤੀ ਗਈ ਸੀ।
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ, ਜਿਨ੍ਹਾਂ ਨੇ ਜੌਨਸਟਨ ਦੀ ਰਿਪੋਰਟ ਨਾਲ ਸਬੰਧਤ ਟੌਪ-ਸੀਕਰੇਟ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਸੁਰੱਖਿਆ ਮਨਜ਼ੂਰੀ ਪ੍ਰਾਪਤ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਬ੍ਰੀਫ਼ਿੰਗ ਦੀ ਪੇਸ਼ਕਸ਼ ਕੀਤੀ ਗਈ ਸੀ ਜਿਹੋ ਜਿਹੀ ਪਿਛਲੇ ਹਫ਼ਤੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਦਿੱਤੀ ਗਈ ਸੀ।
ਈਬੀ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਬ੍ਰੀਫਿੰਗਜ਼ ਹੁਣ ਤੱਕ ਜਨਤਕ ਤੌਰ 'ਤੇ ਉਪਲਬਧ ਜਾਣਕਾਰੀ ਤੱਕ ਹੀ ਸੀਮਤ ਸਨ।
ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਇਕ ਵਿਸਫੋਟਕ ਬਿਆਨ ਦਿੱਤਾ ਸੀ ਕਿ ਕੈਨੇਡਾ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਭਰੋਸੇਯੋਗ ਇਲਜ਼ਾਮਾਂ ਦੀ ਪੜਚੋਲ ਕਰ ਰਿਹਾ ਹੈ। ਇਸ ਟਿੱਪਣੀ ਤੋਂ ਬਾਅਦ ਦੋਵੇਂ ਮੁਲਕਾਂ ਦੇ ਆਪਸੀ ਰਿਸ਼ਤਿਆਂ ਵਿਚ ਕੜਵਾਹਟ ਆ ਗਈ ਹੈ।
ਪਿਛਲੇ ਹਫ਼ਤੇ ਕੈਨੇਡਾ ਨੇ ਭਾਰਤੀ ਖ਼ੂਫ਼ੀਆ ਏਜੰਸੀ, ਰਾਅ, ਦੇ ਕੈਨੇਡਾ ਵਿਚ ਮੁਖੀ, ਪਵਨ ਕੁਮਾਰ ਰਾਏ ਨੂੰ ਕੈਨੇਡਾ ਚੋਂ ਕੱਢ ਦਿੱਤਾ, ਜਿਸ ਦੇ ਜਵਾਬ ਵਿਚ ਭਾਰਤ ਨੇ ਵੀ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਬਰਖ਼ਾਸਤ ਕਰ ਦਿੱਤਾ।
ਭਾਰਤ ਵੱਲੋਂ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਹਨ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ