1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਨੇ ਬੀਸੀ ਨਾਲ ਬਿਹਤਰ ਜਾਣਕਾਰੀ ਸਾਂਝੀ ਕਰਨ ਦਾ ਭਰੋਸਾ ਦਵਾਇਆ: ਪ੍ਰੀਮੀਅਰ ਈਬੀ

ਨਿੱਝਰ ਦੀ ਮੌਤ ਤੋਂ ਬਾਅਦ ਸੂਬੇ ਨਾਲ ਜਾਣਕਾਰੀ ਸਾਂਝੀ ਕਰਨ ਵਿਚ ਸੁਧਾਰ ਕੀਤਾ ਜਾਵੇਗਾ

ਹਰਦੀਪ ਸਿੰਘ ਨਿੱਝਰ ਦੀ ਪੁਰਾਣੀ ਤਸਵੀਰ।

ਹਰਦੀਪ ਸਿੰਘ ਨਿੱਝਰ ਦੀ ਪੁਰਾਣੀ ਤਸਵੀਰ। ਨਿੱਝਰ ਦਾ 18 ਜੂਨ ਨੂੰ ਸਰੀ ਵਿੱਖੇ ਕਤਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ 'ਤੇ ਨਿੱਝਰ ਦੇ ਕਤਲ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ।

ਤਸਵੀਰ: Sikhs for Justice/Radio-Canada

RCI

ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਫ਼ੈਡਰਲ ਮੰਤਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸੂਬੇ ਨੂੰ ਆਪਣੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਪ੍ਰੀਮੀਅਰ ਈਬੀ ਦਾ ਬਿਆਨ ਉਦੋਂ ਆਇਆ ਹੈ ਜਦੋਂ ਬੀਸੀ ਅਤੇ ਓਨਟੇਰਿਓ ਦੀਆਂ ਗੁਰਦੁਆਰਾ ਕੌਂਸਲਾਂ ਨੇ ਭਾਰਤ ਨਾਲ ਸਾਰੇ ਖ਼ੂਫ਼ੀਆ ਅਤੇ ਸੁਰੱਖਿਆ ਸਮਝੌਤਿਆਂ ਨੂੰ ਮੁਅੱਤਲ ਕਰਨ ਅਤੇ ਹਰਦੀਪ ਸਿੰਘ ਨਿੱਝਰ ਦੀ ਮੌਤ ਵਿਚ ਜਨਤਕ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕੌਂਸਲ ਅਤੇ ਓਨਟੇਰਿਓ ਗੁਰਦੁਆਰਾਜ਼ ਕਮੇਟੀ ਨੇ ਕਿਹਾ ਕਿ ਜਨਤਕ ਰਿਪੋਰਟਾਂ ਦੇ ਅਧਾਰ ‘ਤੇ ਇਹ ਸਪਸ਼ਟ ਹੈ ਕਿ ਖ਼ੂਫ਼ੀਆ ਏਜੰਸੀਆਂ ਨਿੱਝਰ ਦੀ ਜਾਨ ਨੂੰ ਖ਼ਤਰੇ ਬਾਰੇ ਜਾਣੂ ਸਨ, ਅਤੇ ਇਹ ਗੱਲ ਕੈਨੇਡੀਅਨ ਸੁਰੱਖਿਆ ਏਜੰਸੀਆਂ ਦੀ ਚਿੰਤਾਜਨਕ ਅਸਫਲਤਾ ਦਾ ਸੰਕੇਤ ਦਿੰਦੀ ਹੈ ਵਰਨਾ ਇੱਕ ਹਿੰਸਕ ਅਪਰਾਧ ਨੂੰ ਰੋਕਿਆ ਜਾ ਸਕਦਾ ਸੀ।

ਬੀਸੀ ਪ੍ਰੀਮੀਅਰ ਡੇਵਿਡ ਈਬੀ

ਬੀਸੀ ਪ੍ਰੀਮੀਅਰ ਡੇਵਿਡ ਈਬੀ

ਤਸਵੀਰ: La Presse canadienne / Darryl Dyck

ਈਬੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹਨਾਂ ਨੂੰ ਕਾਫ਼ੀ ਸ਼ੱਕ ਹੈ ਕਿ ਫ਼ੈਡਰਲ ਸਰਕਾਰ ਅਜਿਹੀ ਜਾਣਕਾਰੀ ਨੂੰ ਰੋਕ ਰਹੀ ਸੀ ਜੋ ਬੀਸੀ ਦੀ ਭਾਰਤ ਨਾਲ ਸਬੰਧਾਂ ਵਾਲੇ ਆਪਣੇ ਵਸਨੀਕਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਹਿਫ਼ਾਜ਼ਤ ਕਰਨ ਵਿੱਚ ਮਦਦ ਕਰ ਸਕਦੀ ਸੀ।

ਪ੍ਰੀਮੀਅਰ ਈਬੀ ਦੋ ਦਿਨ ਔਟਵਾ ਵਿਚ ਰਹੇ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸਣੇ ਕਈ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ। ਈਬੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੂਫ਼ੀਆ ਤੰਤਰ ਤੋਂ ਸੁਰੱਖਿਆ ਖ਼ਦਸ਼ਿਆਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਜ਼ਾਹਰ ਕੀਤੀ ਤਾਂ ਕਿ ਬੀਸੀ ਇਨ੍ਹਾਂ ਮੁੱਦਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਸੂਬਾਈ ਰਿਸਪਾਂਸ ਵੀ ਤਿਆਰ ਕਰ ਸਕੇ।

ਈਬੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੱਤਿਆ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਮਿਲੀ ਹੈ, ਪਰ ਟ੍ਰੂਡੋ ਅਤੇ ਪਬਲਿਕ ਸੇਫ਼ਟੀ ਮਿਨਿਸਟਰ ਡੋਮਿਨਿਕ ਲੇਬਲੌਂ ਨੇ ਈਬੀ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਸੁਧਾਰ ਬਾਬਤ ਵਚਨਬੱਧਤਾਵਾਂ ਕੀਤੀਆਂ।

ਪ੍ਰੀਮੀਅਰ ਈਬੀ ਨੇ ਕਿਹਾ, ਅਜਿਹਾ ਕਿਸ ਵਿਧੀ ਦੁਆਰਾ ਵਾਪਰੇਗਾ, ਉਹ ਅਜੇ ਸਪੱਸ਼ਟ ਨਹੀਂ ਹੈ, ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ CSIS ਐਕਟ ਉਹ ਚੀਜ਼ ਹੈ ਜੋ ਜਾਣਕਾਰੀ ਨੂੰ ਸਾਂਝੀ ਕਰਨ ਵਿੱਚ ਮੁਸ਼ਕਿਲ ਪੈਦਾ ਕਰਦਾ ਹੈ, ਅਤੇ ਉਹਨਾਂ ਦੋਵਾਂ ਨੇ ਅਹਿਦ ਕੀਤਾ ਹੈ ਕਿ ਰੁਕਾਵਟ ਨੂੰ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ

CSIS ਐਕਟ ਕੈਨੇਡੀਅਨ ਸੁਰੱਖਿਆ ਇੰਟੈਲੀਜੈਂਸ ਸਰਵਿਸ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਦੀ ਰੂਪਰੇਖਾ ਦਿੰਦਾ ਹੈ, ਵਿਸ਼ੇਸ਼ ਸ਼ਕਤੀਆਂ ਪ੍ਰਦਾਨ ਕਰਦਾ ਹੈ ਅਤੇ ਕੁਝ ਪਾਬੰਦੀਆਂ ਵੀ ਲਾਉਂਦਾ ਹੈ। ਇਹ ਕਾਨੂੰਨ ਏਜੰਸੀ ਨੂੰ ਕਨੂੰਨੀ ਤੌਰ ‘ਤੇ ਜਾਇਜ਼ ਹਿਮਾਇਤ ਜਾਂ ਵਿਰੋਧ ਪ੍ਰਦਰਸ਼ਨਾਂ ਦੀ ਜਾਂਚ ਕਰਨ ਤੋਂ ਵੀ ਵਰਜਦਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ