- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਐਂਥਨੀ ਰੋਟਾ ਵੱਲੋਂ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ
ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਵਿਅਕਤੀ ਨੂੰ ਪਾਰਲੀਮੈਂਟ ਵਿਚ ਸੱਦਣ 'ਤੇ ਛਿੜਿਆ ਵਿਵਾਦ
ਐਂਥਨੀ ਰੋਟਾ ਨੇ ਹਾਊਸ ਔਫ਼ ਕੌਮਨਜ਼ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਤਸਵੀਰ: La Presse canadienne / Adrian Wyld
ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਹਾਊਸ ਸਪੀਕਰ ਐਂਥਨੀ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਐਂਥਨੀ ਦਾ ਅਸਤੀਫ਼ਾ ਬੁੱਧਵਾਰ ਨੂੰ ਹਾਊਸ ਦੇ ਕੰਮਕਾਜੀ ਦਿਨ ਦੇ ਅੰਤ ਤੋਂ ਪ੍ਰਭਾਵੀ ਹੋਵੇਗਾ।
ਐਂਥਨੀ ਨੇ ਮੰਗਲਵਾਰ ਨੂੰ ਕਿਹਾ, ਇਹ ਸਦਨ ਸਾਡੇ ਸਾਰਿਆਂ ਤੋਂ ਉੱਪਰ ਹੈ, ਇਸ ਲਈ, ਮੈਨੂੰ ਤੁਹਾਡੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ
।
ਐਂਥਨੀ ਨੇ ਸਾਬਕਾ ਯੂਕਰੇਨੀ ਸੈਨਿਕ ਯੈਰੋਸਲੈਵ ਹੁਨਕਾ, ਜੋਕਿ ਨਾਜ਼ੀਆਂ ਦੀ ਇੱਕ ਯੂਨਿਟ ਵਿਚ ਤੈਨਾਤ ਰਿਹਾ ਸੀ, ਨੂੰ ਪਾਰਲੀਮੈਂਟ ਵਿਚ ਸੱਦਣ ‘ਤੇ ਇੱਕ ਵਾਰ ਫਿਰ ਤੋਂ ਡੂੰਘਾ ਅਫਸੋਸ ਜ਼ਾਹਰ ਕੀਤਾ।
ਦਰਅਸਲ 22 ਸਤੰਬਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦਾ ਕੈਨੇਡੀਅਨ ਪਾਰਲੀਮੈਂਟ ਵਿਚ ਸੰਬੋਧਨ ਸੁਣਨ ਲਈ ਐਂਥਨੀ ਰੋਟਾ ਨੇ 98 ਸਾਲ ਦੇ ਯੈਰੋਸਲੈਵ ਹੁਨਕਾ ਨੂੰ ਵੀ ਸੱਦਾ ਦਿੱਤਾ ਸੀ। ਹੁਨਕਾ ਐਂਥਨੀ ਦੀ ਨਿਪੀਸਿੰਗ-ਟਿਮੀਸਕੇਮਿੰਗ ਰਾਈਡਿੰਗ ਦਾ ਬਾਸ਼ਿੰਦਾ ਹੈ।
22 ਸਤੰਬਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦੇ ਕੈਨੇਡੀਅਨ ਸੰਸਦ ਵਿਚ ਸੰਬੋਧਨ ਸੁਣਨ ਲਈ ਪਹੁੰਚੇ 98 ਸਾਲ ਦਾ ਯਾਰੋਸਲੈਵ ਹੁਨਕਾ (ਸੱਜੇ)। ਸਾਬਕਾ ਫ਼ੌਜੀ ਹੁਨਕਾ ਨਾਜ਼ੀਆਂ ਦੇ ਯੂਨਿਟ ਵਿਚ ਵੀ ਤੈਨਾਤ ਰਿਹਾ ਸੀ।
ਤਸਵੀਰ: La Presse canadienne / Patrick Doyle
ਭਾਵੇਂ ਇਸ ਮਾਮਲੇ ਵਿਚ ਐਂਥਨੀ ਰੋਟਾ ਨੇ ਮੁਆਫ਼ੀ ਮੰਗ ਲਈ ਸੀ, ਪਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ।
ਪਹਿਲਾਂ ਵਿਰੋਧੀ ਧਿਰ ਨੇ ਸਪੀਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਮੰਗਲਵਾਰ ਤੋਂ ਇਹ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋ ਗਏ ਸਨ।
ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ਸ਼ੁੱਕਰਵਾਰ ਨੂੰ ਜੋ ਹੋਇਆ ਉਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਸਦਨ ਅਤੇ ਕੈਨੇਡੀਅਨਾਂ ਲਈ ਨਮੋਸ਼ੀ ਵਾਲੀ ਗੱਲ ਸੀ। ਮੈਨੂੰ ਲੱਗਦਾ ਹੈ ਕਿ ਸਪੀਕਰ ਨੂੰ ਸਦਨ ਦੇ ਮੈਂਬਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਗਵਨਰਮੈਂਟ ਹਾਊਸ ਲੀਡਰ ਕਰੀਨਾ ਗੋਲਡ ਵੀ ਐਂਥਨੀ ਦੇ ਅਸਤੀਫ਼ੇ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਐਂਥਨੀ ਰੋਟਾ ਨੇ ਨਾ ਸਿਰਫ਼ ਸਰਕਾਰ ਜਾਂ ਯੂਕਰੇਨੀ ਵਫ਼ਦ ਨੂੰ ਦੱਸੇ ਬਿਨਾ ਇੱਕ ਅਜਿਹੇ ਸ਼ਖ਼ਸ ਨੂੰ ਪਾਰਲੀਮੈਂਟ ਵਿਚ ਬੁਲਾਇਆ ਜੋ Waffen-SS (ਨਾਜ਼ੀਆਂ ਦੀ ਪੈਰਾਮਿਲਟਰੀ ਯੂਨਿਟ) ਨਾਲ ਜੁੜਿਆ ਸੀ, ਸਗੋਂ ਉਸ ਸ਼ਖ਼ਸ ਦਾ ਸਨਮਾਨ ਵੀ ਹੋਇਆ। ਗੋਲਡ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਲਿਬਰਲ ਐਮਪੀ ਐਂਥਨੀ ਨੂੰ ਸਮਰਥਨ ਜਾਰੀ ਰੱਖਣਗੇ।
ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਹੁਨਕਾ ਦੇ ਵਿਵਾਦ ਤੋਂ ਬਾਅਦ ਪਾਰਲੀਮੈਂਟ ਦੀ ਸਾਖ ਦੀ ਰਾਖੀ ਲਈ ਐਂਥਨੀ ਰੋਟਾ ਦਾ ਪਾਸੇ ਹਟਣਾ ਜ਼ਰੂਰੀ ਹੈ।
ਜਿੱਥੇ ਐਨਡੀਪੀ ਅਤੇ ਬਲੌਕ ਵੱਲੋਂ ਐਂਥਨੀ ਰੋਟਾ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ, ਉਥੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪਾਰਲੀਮੈਂਟ ਵਿਚ ਹੁਨਕਾ ਦੀ ਮੌਜੂਦਗੀ ਦਾ ਦੋਸ਼ ਟ੍ਰੂਡੋ ਦੇ ਸਿਰ ਮੜ੍ਹਿਆ। ਪੌਲੀਐਵ ਵੀ ਰੋਟਾ ਦੇ ਅਸਤੀਫੇ ਦੀ ਮੰਗ ਕਰਨ ਵਾਲਿਆਂ ਦੀ ਕਤਾਰ ਵਿਚ ਮੋਹਰੀ ਸਨ।
ਐਂਥਨੀ ਦਾ ਕਹਿਣਾ ਹੈ ਕਿ ਉਹ ਹੁਨਕਾ ਨੂੰ ਸੱਦਾ ਦੇਣ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਸਨ। ਐਂਥਨੀ ਦੇ ਬੁਲਾਰੇ ਅਨੁਸਾਰ ਸਪੀਕਰ ਦੀ ਮਹਿਮਾਨ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਜਾਂ ਕਿਸੇ ਹੋਰ ਧਿਰ ਨਾਲ ਸਾਂਝੀ ਨਹੀਂ ਕੀਤੀ ਗਈ ਸੀ।
ਸਪੀਕਰ ਦੇ ਅਸਤੀਫਾ ਦੇਣ ਦੇ ਫ਼ੈਸਲੇ ਦਾ ਮਤਲਬ ਹੈ ਕਿ ਐਮਪੀਜ਼ ਨੂੰ ਜਲਦੀ ਹੀ ਇੱਕ ਹੋਰ ਪ੍ਰੀਜ਼ਾਈਡਿੰਗ ਅਫਸਰ ਦੀ ਚੋਣ ਕਰਨੀ ਪਵੇਗੀ ਤਾਂ ਜੋ ਹਾਊਸ ਦੇ ਕੰਮਕਾਜ ਨੂੰ ਜਾਰੀ ਰੱਖਿਆ ਜਾ ਸਕੇ।
- ਸਾਡੇ ਆਰਕਾਈਜ਼ ਵਿੱਚੋਂ: ਵਿਵਾਦਿਤ ਯੂਕਰੇਨੀ ਰਾਸ਼ਟਰੀ ਨਾਇਕ ਦੇ ਕੈਨੇਡਾ ਸਮਾਰਕ 'ਤੇ ਛਿੜੀ ਬਹਿਸ
ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ