1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਸਪੀਕਰ ਦੇ ਅਸਤੀਫ਼ੇ ਦੀ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋਏ

ਨਾਜ਼ੀਆਂ ਦੇ ਯੂਨਿਟ ‘ਚ ਰਹੇ ਵਿਅਕਤੀ ਨੂੰ ਪਾਰਲੀਮੈਂਟ ‘ਚ ਸੱਦੇ ਜਾਣ ‘ਤੇ ਛਿੜਿਆ ਵਿਵਾਦ

ਹਾਊਸ ਔਫ਼ ਕੌਮਨਜ਼ ਦੇ ਸਪੀਕਰ ਐਂਥਨੀ ਰੋਟਾ

ਹਾਊਸ ਔਫ਼ ਕੌਮਨਜ਼ ਦੇ ਸਪੀਕਰ ਐਂਥਨੀ ਰੋਟਾ

ਤਸਵੀਰ: La Presse canadienne / Justin Tang

RCI

ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ‘ਤੇ ਹਾਊਸ ਸਪੀਕਰ ਐਂਥਨੀ ਰੋਟਾ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਪਹਿਲਾਂ ਵਿਰੋਧੀ ਧਿਰ ਨੇ ਸਪੀਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਹੁਣ ਇਹ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋ ਗਏ ਹਨ।

ਦਰਅਸਲ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ਵਿਚ ਸੰਬੋਧਨ ਸੁਣਨ ਲਈ ਸਪੀਕਰ ਨੇ 98 ਸਾਲ ਦੇ ਯੈਰੋਸਲੈਵ ਹੁਨਕਾ ਨੂੰ ਵੀ ਸੱਦਾ ਦਿੱਤਾ ਸੀ। ਹੁਨਕਾ ਇਕ ਯੂਕਰੇਨੀ ਕੈਨੇਡੀਅਨ ਹੈ ਅਤੇ ਉਹ ਦੂਸਰੇ ਵਿਸ਼ਵ ਯੁੱਧ ਦੌਰਾਨ ਇੱਕ ਸੈਨਿਕ ਵੱਜੋਂ ਨਾਜ਼ੀਆਂ ਨਾਲ ਜੁੜੇ ਯੂਨਿਟ ਵਿਚ ਤੈਨਾਤ ਸੀ।  ਹੁਨਕਾ ਐਂਥਨੀ ਦੀ ਨਿਪੀਸਿੰਗ-ਟਿਮੀਸਕੇਮਿੰਗ ਰਾਈਡਿੰਗ ਦਾ ਬਾਸ਼ਿੰਦਾ ਹੈ।

ਐਂਥਨੀ ਨੇ ਸੋਮਵਾਰ ਨੂੰ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਐਮਪੀਜ਼ ਤੋਂ ਮੁਆਫ਼ੀ ਵੀ ਮੰਗੀ ਸੀ।

ਪਰ ਪਾਰਲੀਮੈਂਟ ਵਿਚ ਸਮਾਗਮ ਦੌਰਾਨ ਐਂਥਨੀ ਨੇ ਹੁਨਕਾ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਵੀ ਆਖਿਆ, ਜਿਸ ਤੋਂ ਬਾਅਦ ਹੁਨਕਾ ਨੂੰ ਸਟੈਂਡਿੰਗ ਓਵੇਸ਼ਨ ਮਿਲੀ ਭਾਵ ਲੋਕ ਉਸਦੇ ਸਨਮਾਨ ਵਿਚ ਖੜੇ ਹੋਏ ਸਨ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਕੈਬਿਨੇਟ ਦੇ ਕੁਝ ਮੈਂਬਰਾਂ ਨੂੰ ਐਂਥਨੀ ਦੀ ਮੁਆਫ਼ੀ ਕਾਫ਼ੀ ਨਹੀਂ ਲੱਗਦੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਐਂਥਨੀ ਰੋਟਾ ਨੂੰ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਵਿਦੇਸ਼ ਮੰਤਰੀ ਮੈਲੇਨੀ ਜੋਲੀ (ਖੱਬੇ) ਅਤੇ ਹਾਊਸ ਲੀਡਰ ਕਰੀਨਾ ਗੋਲਡ

ਵਿਦੇਸ਼ ਮੰਤਰੀ ਮੈਲੇਨੀ ਜੋਲੀ (ਖੱਬੇ) ਅਤੇ ਹਾਊਸ ਲੀਡਰ ਕਰੀਨਾ ਗੋਲਡ

ਤਸਵੀਰ: (Hanna Johre/NTB/Reuters, Justin Tang/The Canadian Press )

ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ਸ਼ੁੱਕਰਵਾਰ ਨੂੰ ਜੋ ਹੋਇਆ ਉਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਸਦਨ ਅਤੇ ਕੈਨੇਡੀਅਨਾਂ ਲਈ ਨਮੋਸ਼ੀ ਵਾਲੀ ਗੱਲ ਸੀ। ਮੈਨੂੰ ਲੱਗਦਾ ਹੈ ਕਿ ਸਪੀਕਰ ਨੂੰ ਸਦਨ ਦੇ ਮੈਂਬਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਅਹੁਦਾ ਛੱਡ ਦੇਣਾ ਚਾਹੀਦਾ ਹੈ

22 ਸਤੰਬਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦੇ ਕੈਨੇਡੀਅਨ ਸੰਸਦ ਵਿਚ ਸੰਬੋਧਨ ਸੁਣਨ ਲਈ ਪਹੁੰਚੇ 98 ਸਾਲ ਦਾ ਯਾਰੋਸਲੈਵ ਹੁਨਕਾ (ਸੱਜੇ)। ਸਾਬਕਾ ਫ਼ੌਜੀ ਹੁਨਕਾ ਨਾਜ਼ੀਆਂ ਦੇ ਯੂਨਿਟ ਵਿਚ ਵੀ ਤੈਨਾਤ ਰਿਹਾ ਸੀ।

22 ਸਤੰਬਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦੇ ਕੈਨੇਡੀਅਨ ਸੰਸਦ ਵਿਚ ਸੰਬੋਧਨ ਸੁਣਨ ਲਈ ਪਹੁੰਚੇ 98 ਸਾਲ ਦਾ ਯਾਰੋਸਲੈਵ ਹੁਨਕਾ (ਸੱਜੇ)। ਸਾਬਕਾ ਫ਼ੌਜੀ ਹੁਨਕਾ ਨਾਜ਼ੀਆਂ ਦੇ ਯੂਨਿਟ ਵਿਚ ਵੀ ਤੈਨਾਤ ਰਿਹਾ ਸੀ।

ਤਸਵੀਰ: La Presse canadienne / Patrick Doyle

ਗਵਨਰਮੈਂਟ ਹਾਊਸ ਲੀਡਰ ਕਰੀਨਾ ਗੋਲਡ ਵੀ ਐਂਥਨੀ ਦੇ ਅਸਤੀਫ਼ੇ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਐਂਥਨੀ ਰੋਟਾ ਨੇ ਨਾ ਸਿਰਫ਼ ਸਰਕਾਰ ਜਾਂ ਯੂਕਰੇਨੀ ਵਫ਼ਦ ਨੂੰ ਦੱਸੇ ਬਿਨਾ ਇੱਕ ਅਜਿਹੇ ਸ਼ਖ਼ਸ ਨੂੰ ਪਾਰਲੀਮੈਂਟ ਵਿਚ ਬੁਲਾਇਆ ਜੋ Waffen-SS (ਨਾਜ਼ੀਆਂ ਦੀ ਪੈਰਾਮਿਲਟਰੀ ਯੂਨਿਟ) ਨਾਲ ਜੁੜਿਆ ਸੀ, ਸਗੋਂ ਉਸ ਸ਼ਖ਼ਸ ਦਾ ਸਨਮਾਨ ਵੀ ਹੋਇਆ। ਗੋਲਡ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਲਿਬਰਲ ਐਮਪੀ ਐਂਥਨੀ ਨੂੰ ਸਮਰਥਨ ਜਾਰੀ ਰੱਖਣਗੇ।

ਮੈਨੂੰ ਲੱਗਦਾ ਹੈ ਕਿ ਉਨ੍ਹਾਂ ਲਈ ਹੁਣ ਸਤਿਕਾਰਯੋਗ ਕੰਮ ਕਰਨ [ਅਸਤੀਫ਼ਾ ਦੇਣ] ਦਾ ਸਹੀ ਸਮਾਂ ਹੈ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਂਥਨੀ ਦੇ ਅਸਤੀਫ਼ੇ ਬਾਰੇ ਬੋਲਣ ਤੋਂ ਤਾਂ ਗੁਰੇਜ਼ ਕੀਤਾ ਪਰ ਉਨ੍ਹਾਂ ਨੇ ਆਪਣਾ ਪੱਖ ਜ਼ਰੂਰ ਸਪਸ਼ਟ ਕੀਤਾ।

ਟ੍ਰੂਡੋ ਨੇ ਕਿਹਾ, ਇਹ ਸਦਨ ਅਤੇ ਕੈਨੇਡਾ ਲਈ ਬਹੁਤ ਸ਼ਰਮਨਾਕ ਸੀ। ਇਹ ਚੰਗੀ ਗੱਲ ਹੈ ਕਿ ਸਪੀਕਰ ਰੋਟਾ ਨੇ ਨਿੱਜੀ ਤੌਰ 'ਤੇ ਮੁਆਫੀ ਮੰਗੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਹੁਣ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਅੱਗੇ ਵਾਸਤੇ ਸਦਨ ਦੀ ਮਰਿਆਦਾ ਨੂੰ ਯਕੀਨੀ ਕਿਵੇਂ ਬਣਾਇਆ ਜਾਵੇ

ਕੰਜ਼ਰਵੇਟਿਵਜ਼, ਐਨਡੀਪੀ ਅਤੇ ਬਲੌਕ ਵੱਲੋਂ ਵੀ ਐਂਥਨੀ ਰੋਟਾ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਐਂਥਨੀ ਦਾ ਕਹਿਣਾ ਹੈ ਕਿ ਉਹ ਹੁਨਕਾ ਨੂੰ ਸੱਦਾ ਦੇਣ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਸਨ। ਐਂਥਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਸਪੀਕਰ ਦੀ ਮਹਿਮਾਨ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਜਾਂ ਕਿਸੇ ਹੋਰ ਧਿਰ ਨਾਲ ਸਾਂਝੀ ਨਹੀਂ ਕੀਤੀ ਗਈ ਸੀ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ