- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਖ਼ਾਲਿਸਤਾਨ ਪੱਖੀਆਂ ਵੱਲੋਂ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਭਾਰਤ ਵਿਰੋਧੀ ਮੁਜ਼ਾਹਰੇ
ਵੈਨਕੂਵਰ ਤੇ ਟੋਰੌਂਟੋ ਦੇ ਭਾਰਤੀ ਕਾਂਸੁਲੇਟ ਅਤੇ ਔਟਵਾ ਵਿਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਪ੍ਰਦਰਸ਼ਨ

ਖ਼ਾਲਿਸਤਾਨ ਲਹਿਰ ਦੇ ਸਮਰਥਕ ਸੋਮਵਾਰ ਨੂੰ ਵੈਨਕੂਵਰ ਵਿੱਚ ਭਾਰਤੀ ਕਾਂਸੁਲੇਟ ਜਨਰਲ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।
ਤਸਵੀਰ: (Ben Nelms/CBC)
ਇੱਕ ਕੈਨੇਡੀਅਨ ਨਾਗਰਿਕ ਅਤੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦੀ ਕਥਿਤ ਸ਼ਮੂਲੀਅਤ ਦਾ ਵਿਰੋਧ ਕਰਨ ਲਈ ਸੋਮਵਾਰ ਨੂੰ ਖ਼ਾਲਿਸਤਾਨ ਪੱਖੀਆਂ ਨੇ ਵੈਨਕੂਵਰ ਅਤੇ ਟੋਰੌਂਟੋ ਦੇ ਭਾਰਤੀ ਕਾਂਸੁਲੇਟ ਤੇ ਔਟਵਾ ਵਿਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ।
ਨਿੱਝਰ ਖ਼ਾਲਿਸਤਾਨ ਦਾ ਸਮਰਥਕ ਸੀ। 18 ਜੂਨ ਨੂੰ ਨਿੱਝਰ ਦਾ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਾਰਕਿੰਟ ਲੌਟ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। 45 ਸਾਲ ਦਾ ਨਿੱਝਰ ਇਸ ਗੁਰਦੁਆਰੇ ਦਾ ਪ੍ਰਧਾਨ ਸੀ।
ਭਾਰਤ ਸਰਕਾਰ ਨੇ 2020 ਵਿਚ ਨਿੱਝਰ ਨੂੰ ਅੱਤਵਾਦੀ ਐਲਾਨਿਆ ਸੀ।
ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਇਕ ਵਿਸਫੋਟਕ ਬਿਆਨ ਦਿੱਤਾ ਸੀ ਕਿ ਕੈਨੇਡਾ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਭਰੋਸੇਯੋਗ ਇਲਜ਼ਾਮਾਂ
ਦੀ ਪੜਚੋਲ ਕਰ ਰਿਹਾ ਹੈ।
ਵੈਨਕੂਵਰ ਵਿੱਚ ਭਾਰਤੀ ਕਾਂਸੁਲੇਟ ਦੇ ਬਾਹਰ ਕਰੀਬ 75 ਖ਼ਾਲਿਸਤਾਨ ਹਿਮਾਇਤੀ ਇਕੱਠੇ ਹੋਏ ਤੇ ਉਨ੍ਹਾਂ ਨੇ ਕੈਨੇਡਾ ਅਤੇ ਖ਼ਾਲਿਸਤਾਨ ਦੇ ਝੰਡੇ ਲਹਿਰਾਉਂਦਿਆਂ ਭਾਰਤ ਸਰਕਾਰ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੁਜ਼ਾਹਰੇ ਦੌਰਾਨ ਇਹਤਿਆਤ ਵੱਜੋਂ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ ਸੀ।
ਇਸ ਮੁਜ਼ਾਹਰੇ ਵਿਚ ਸ਼ਾਮਲ ਹੋਣ ਐਬਟਸਫ਼ੋਰਡ ਤੋਂ ਵੈਨਕੂਵਰ ਆਏ ਗੁਰਕੀਰਤ ਸਿੰਘ ਨੇ ਕਿਹਾ ਕਿ ਉਹ ਆਪਣੇ ਚੰਗੇ ਦੋਸਤ ਨਿੱਝਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੈ।
ਉਸਨੇ ਕਿਹਾ, ਅਸੀਂ ਇੱਥੇ ਉਸਦੇ ਵਿਰਸੇ ਵਿੱਚ ਖੜੇ ਹਾਂ ਅਤੇ ਅੱਜ ਭਾਰਤ ਸਰਕਾਰ ਨੂੰ ਇਹ ਦੱਸਣ ਲਈ ਆਏ ਹਾਂ ਕਿ ਕੈਨੇਡਾ ਦੀ ਪ੍ਰਭੂਸੱਤਾ ਦੇ ਵਿਰੁੱਧ, ਇੱਕ ਕੈਨੇਡੀਅਨ ਨਾਗਰਿਕ ਵਿਰੁੱਧ ਇਸ ਤਰ੍ਹਾਂ ਦੀ ਦਹਿਸ਼ਤਗਰਦ ਕਾਰਵਾਈ ਨੂੰ ਸਿੱਖ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਕੈਨੇਡੀਅਨਜ਼ ਕਦੇ ਵੀ ਸਵੀਕਾਰ ਨਹੀਂ ਕਰਨਗੇ
।
ਮੁਜ਼ਾਹਰੇ ਵਿਚ ਅਵਤਾਰ ਸਿੰਘ ਪੰਨੂ ਵੀ ਮੌਜੂਦ ਸੀ।
ਪੰਨੂ ਨੇ ਕਿਹਾ, ਅਸੀਂ ਇਸ ਕਰਕੇ ਆਏ ਹਾਂ ਕਿ ਅੱਜ ਦੁਨੀਆਂ ਵਿੱਚ ਹਰ ਭਾਰਤੀ ਕਾਂਸੁਲੇਟ ਨੂੰ ਬੰਦ ਕਰਨਾ ਹੈ ਕਿਉਂਕਿ ਭਾਰਤ ਦਾ ਚਿਹਰਾ ਸਾਹਮਣੇ ਆ ਗਿਆ ਹੈ
।
ਇਹ ਵਿਰੋਧ ਕਈ ਸਮੂਹਾਂ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਖ਼ਾਲਿਸਤਾਨ ਦੀ ਵਕਾਲਤ ਕਰਨ ਵਾਲਾ ਅਮਰੀਕਾ-ਅਧਾਰਤ ਸਮੂਹ ਸਿੱਖ ਫ਼ੌਰ ਜਸਟਿਸ ਵੀ ਸ਼ਾਮਲ ਸੀ।
ਟੋਰੌਂਟੋ ਅਤੇ ਔਟਵਾ ਵਿੱਚ ਵੀ ਰੋਸ ਮੁਜ਼ਾਹਰੇ ਕੀਤੇ ਗਏ ਜਿੱਥੇ 70 ਦੇ ਕਰੀਬ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਕੈਨੇਡਾ ਸਰਕਾਰ ਨਾਲ ਭਾਰਤ ਦੇ ਸਹਿਯੋਗ ਦੀ ਮੰਗ ਕੀਤੀ।
ਭਾਰਤ ਬਹੁਤ ਸਖ਼ਤੀ ਨਾਲ ਟ੍ਰੂਡੋ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਚੁੱਕਾ ਹੈ ਕਿ ਉਹ ਨਿੱਝਰ ਦੀ ਮੌਤ ਲਈ ਜ਼ਿੰਮੇਵਾਰ ਸੀ। ਭਾਰਤ ਨੇ ਟ੍ਰੂਡੋ ਦੇ ਦਾਅਵਿਆਂ ਨੂੰ ਬੇਤੁਕਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।

ਸੋਮਵਾਰ ਨੂੰ ਔਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਤਸਵੀਰ।
ਤਸਵੀਰ: (Sean Kilpatrick/The Canadian Press)
ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਦੋਵੇਂ ਮੁਲਕਾਂ ਦੇ ਸਬੰਧਾਂ ਵਿਚ ਕੜਵਾਹਟ ਆ ਗਈ ਹੈ। ਭਾਰਤ ਅਤੇ ਕੈਨੇਡਾ ਇੱਕ ਦੂਸਰੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਬਰਖ਼ਾਸਤ ਕਰ ਚੁੱਕੇ ਹਨ ਅਤੇ ਵੀਰਵਾਰ ਤੋਂ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਹਨ।
ਦੋਵਾਂ ਮੁਲਕਾਂ ਦਰਮਿਆਨ ਵਪਾਰਕ ਗੱਲਬਾਤ ਵੀ ਰੁਕ ਗਈ ਹੈ।
ਨਿੱਝਰ ਦੀ ਮੌਤ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਕੈਨੇਡਾ ਵਿੱਚ ਲਗਭਗ 770,000 ਸਿੱਖ ਰਹਿੰਦੇ ਹਨ, ਜੋ ਕਿ ਪੰਜਾਬ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਹੈ। ਸਾਰੇ ਸਿੱਖ ਇੱਕ ਸੁਤੰਤਰ ਖ਼ਾਲਿਸਤਾਨ ਬਣਾਉਣ ਦਾ ਸਮਰਥਨ ਨਹੀਂ ਕਰਦੇ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ