- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਕੈਨੇਡਾ ਨੇ ਭਾਰਤ ਲਈ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ
ਦੋਵਾਂ ਦੇਸ਼ਾਂ ਦਰਮਿਆਨ ਕੜਵਾਹਟ ਜਾਰੀ

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।
ਤਸਵੀਰ: AP / Sean Kilpatrick
ਕੈਨੇਡਾ ਅਤੇ ਭਾਰਤ ਦਰਮਿਆਨ ਕੂਟਨੀਤਿਕ ਤਕਰਾਰ ਜਾਰੀ ਹੈ ਅਤੇ ਤਾਜ਼ਾ ਘਟਨਾਕ੍ਰਮ ਵਿਚ ਕੈਨੇਡਾ ਨੇ ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਆਪਣੀ ਟ੍ਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ।
ਐਡਵਾਈਜ਼ਰੀ ਵਿਚ ਕੈਨੇਡੀਅਨਜ਼ ਖ਼ਿਲਾਫ਼ ਮੁਜ਼ਾਹਰੇ ਅਤੇ ਨਕਾਰਾਤਮਕ ਭਾਵਨਾਵਾਂ ਹੋਣ ਦਾ ਖ਼ਦਸ਼ਾ ਪ੍ਰਗਟਇਆ ਗਿਆ ਹੈ।
ਅਪਡੇਟ ਕੀਤੀ ਐਡਵਾਈਜ਼ਰੀ (ਨਵੀਂ ਵਿੰਡੋ) ਅਨੁਸਾਰ, ਕੈਨੇਡਾ ਅਤੇ ਭਾਰਤ ਵਿੱਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ਵਿੱਚ ਸੋਸ਼ਲ ਮੀਡੀਆ ‘ਤੇ, ਕੈਨੇਡਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਦੇ ਸੱਦੇ ਹਨ। ਕਿਰਪਾ ਕਰਕੇ ਸੁਚੇਤ ਰਹੋ ਅਤੇ ਸਾਵਧਾਨੀ ਵਰਤੋ
।
ਕੈਨੇਡਾ ਵੱਲੋਂ ਭਾਰਤ ਜਾਣ ਵਾਲਿਆਂ ਲਈ ਅਪਡੇਟ ਕੀਤੀ ਐਡਵਾਈਜ਼ਰੀ ਦਾ ਸਕਰੀਨਸ਼ੌਟ।
ਤਸਵੀਰ: travel.gc.ca
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੁਆਰਾ ਇੱਕ ਖ਼ਾਲਿਸਤਾਨੀ ਸਮਰਥਕ ਅਤੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਉਣ ਤੋਂ ਬਾਅਦ ਦੋਵਾਂ ਮੁਲਕਾਂ ਵਿਚ ਤਕਰਾਰ ਸ਼ੁਰੂ ਹੋਈ ਹੈ।
ਪਿਛਲੇ ਸੋਮਵਾਰ ਨੂੰ ਟ੍ਰੂਡੋ ਨੇ ਹਾਊਸ ਔਫ਼ ਕੌਮਨਜ਼ ਨੂੰ ਦੱਸਿਆ ਸੀ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਤੰਤਰ ਕੋਲ ਇਹ ਮੰਨਣ ਦੇ ਭਰੋਸੇਯੋਗ ਕਾਰਨ ਮੌਜੂਦ ਹਨ ਕਿ ਨਿੱਝਰ ਦੀ ਹੱਤਿਆ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤੀ ਹੈ।
ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ ਨੂੰ ਗੁਰਦੁਆਰੇ ਦੇ ਪਾਰਕਿੰਟ ਲੌਟ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਭਾਰਤ ਨੇ ਕੈਨੇਡਾ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ, ਪਰ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਦੋਵੇਂ ਮੁਲਕਾਂ ਦੇ ਸਬੰਧਾਂ ਵਿਚ ਕੜਵਾਹਟ ਆ ਗਈ ਹੈ। ਭਾਰਤ ਵੀ ਕੈਨੇਡਾ ਵਿਚ ਰਹਿੰਦੇ ਜਾਂ ਕੈਨੇਡਾ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਐਡਵਾਈਜ਼ਰੀ ਜਾਰੀ ਕਰ ਚੁੱਕਾ ਹੈ।
ਇਸ ਤੋਂ ਇਲਾਵਾ ਵੀਰਵਾਰ ਤੋਂ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਹਨ।