1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਾਜ਼ੀਆਂ ਦੇ ਯੂਨਿਟ ‘ਚ ਰਹੇ ਵਿਅਕਤੀ ਨੂੰ ਪਾਰਲੀਮੈਂਟ ‘ਚ ਸੱਦਿਆ ਜਾਣਾ “ਬੇਹੱਦ ਸ਼ਰਮਨਾਕ”: ਟ੍ਰੂਡੋ

ਹਾਊਸ ਔਫ਼ ਕੌਮਨਜ਼ ਚ ਉੱਠੀ ਸਪੀਕਰ ਦੇ ਅਸਤੀਫ਼ੇ ਦੀ ਮੰਗ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਨਾਜ਼ੀ ਯੂਨਿਟ ਵਿੱਚ ਤੈਨਾਤ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ਦਾ ਫ਼ੈਸਲਾ "ਬੇਹੱਦ ਸ਼ਰਮਨਾਕ" ਸੀ।

ਤਸਵੀਰ: Reuters / MIKE SEGAR

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਨਾਜ਼ੀ ਯੂਨਿਟ ਵਿੱਚ ਤੈਨਾਤ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ਦਾ ਫ਼ੈਸਲਾ "ਬੇਹੱਦ ਸ਼ਰਮਨਾਕ" ਸੀ।

ਹਾਊਸ ਔਫ਼ ਕੌਮਨਜ਼ ਵਿਚ ਸਪੀਕਰ ਐਂਥਨੀ ਰੋਟਾ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਦਰਅਸਲ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ਵਿਚ ਸੰਬੋਧਨ ਸੁਣਨ ਲਈ ਸਪੀਕਰ ਨੇ 98 ਸਾਲ ਦੇ ਯੈਰੋਸਲੈਵ ਹੁਨਕਾ ਨੂੰ ਵੀ ਸੱਦਾ ਦਿੱਤਾ ਸੀ। ਹੁਨਕਾ ਇਕ ਯੂਕਰੇਨੀ ਕੈਨੇਡੀਅਨ ਹੈ ਅਤੇ ਉਹ ਦੂਸਰੇ ਵਿਸ਼ਵ ਯੁੱਧ ਦੌਰਾਨ ਇੱਕ ਸੈਨਿਕ ਵੱਜੋਂ ਨਾਜ਼ੀਆਂ ਨਾਲ ਜੁੜੇ ਯੂਨਿਟ ਵਿਚ ਤੈਨਾਤ ਸੀ।

ਪਾਰਲੀਮੈਂਟ ਵਿਚ ਸਮਾਗਮ ਦੌਰਾਨ ਐਂਥਨੀ ਨੇ ਹੁਨਕਾ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਵੀ ਆਖਿਆ, ਜਿਸ ਤੋਂ ਬਾਅਦ ਹੁਨਕਾ ਨੂੰ ਸਟੈਂਡਿੰਗ ਓਵੇਸ਼ਨ ਮਿਲੀ ਭਾਵ ਲੋਕ ਉਸਦੇ ਸਨਮਾਨ ਵਿਚ ਖੜੇ ਹੋਏ।

ਟ੍ਰੂਡੋ ਨੇ ਕਿਹਾ, ਇਹ ਬਹੁਤ ਹੀ ਦੁਖਦਾਈ ਹੈ ਕਿ ਅਜਿਹਾ ਹੋਇਆ। ਸਪੀਕਰ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੁਆਫੀ ਮੰਗੀ ਹੈ

ਪਰ ਇਹ ਕੁਝ ਅਜਿਹਾ ਹੈ ਜੋ ਕੈਨੇਡਾ ਦੀ ਪਾਰਲੀਮੈਂਟ ਲਈ ਅਤੇ ਸਾਰੇ ਕੈਨੇਡੀਅਨਾਂ ਲਈ ਬਹੁਤ ਸ਼ਰਮਨਾਕ ਹੈ

ਟ੍ਰੂਡੋ ਨੇ ਆਗਾਹ ਕੀਤਾ ਕਿ ਇਹ ਘਟਨਾ ਰੂਸੀ ਦੁਸ਼ਟ ਪ੍ਰਚਾਰ ਨੂੰ ਵਧਾ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾਅਵਾ ਕਰਦੇ ਰਹੇ ਹਨ ਕਿ ਕਿ ਯੂਕਰੇਨ ਸੰਘਰਸ਼ ਦਰਅਸਲ ਨਾਜ਼ੀਆਂ ਨੂੰ ਜੜ੍ਹੋਂ ਪੁੱਟਣ ਬਾਰੇ ਹੈ।

ਸੋਮਵਾਰ ਨੂੰ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਨੇ ਐਮਪੀਜ਼ ਤੋਂ ਮੁਆਫ਼ੀ ਮੰਗੀ।

ਐਂਥਨੀ ਨੇ ਕਿਹਾ, ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ ਆਪਣੀ ਹਰਕਤ ਅਤੇ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਇਹ ਪਹਿਲ ਪੂਰੀ ਤਰ੍ਹਾਂ ਮੇਰੀ ਆਪਣੀ ਸੀ

ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਇਰਾਦਾ ਹਾਊਸ ਨੂੰ ਸ਼ਰਮਿੰਦਾ ਕਰਨਾ ਨਹੀਂ ਸੀ

ਪੱਤਰਕਾਰਾਂ ਨਾਲ ਗੱਲ ਕਰਦਿਆਂ ਟ੍ਰੂਡੋ ਨੇ ਐਂਥਨੀ ਦੇ ਅਸਤੀਫ਼ੇ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਆਪਣੀ ਮੁਆਫ਼ੀ ਦੌਰਾਨ ਐਂਥਨੀ ਰੋਟਾ ਵੀ ਭਾਵੁਕ ਨਜ਼ਰ ਆਏ, ਪਰ ਉਨ੍ਹਾਂ ਨੇ ਅਸਤੀਫ਼ੇ ਵਰਗੇ ਕੋਈ ਸੰਕੇਤ ਨਹੀਂ ਦਿੱਤੇ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ