- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਨਾਜ਼ੀਆਂ ਲਈ ਲੜਨ ਵਾਲੇ ਸ਼ਖ਼ਸ ਨੂੰ ਪਾਰਲੀਮੈਂਟ ਵਿਚ ਸੱਦਣ ‘ਤੇ ਐਨਡੀਪੀ ਨੇ ਸਪੀਕਰ ਤੋਂ ਅਸਤੀਫ਼ਾ ਮੰਗਿਆ
ਯੈਰੋਸਲੈਵ ਹੁਨਕਾ ਨਾਜ਼ੀਆਂ ਨਾਲ ਜੁੜੇ 1st ਗੈਲੀਸ਼ੀਅਨ ਡਿਵੀਜ਼ਨ ਵਿਚ ਤੈਨਾਤ ਸੀ
ਹਾਊਸ ਔਫ਼ ਕੌਮਨਜ਼ ਦੇ ਸਪੀਕਰ ਐਂਥਨੀ ਰੋਟਾ
ਤਸਵੀਰ: The Canadian Press / Adrian Wyld
ਐਨਡੀਪੀ ਹਾਊਸ ਲੀਡਰ ਪੀਟਰ ਜੂਲੀਅਨ ਨੇ ਹਾਊਸ ਔਫ਼ ਕੌਮਨਜ਼ ਦੇ ਸਪੀਕਰ ਐਂਥਨੀ ਰੋਟਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ਵਿਚ ਸੰਬੋਧਨ ਸੁਣਨ ਲਈ ਸਪੀਕਰ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਸੱਦਾ ਦਿੱਤਾ ਜਾਣਾ, ਜਿਸ ਨੇ ਨਾਜ਼ੀਆਂ ਦੀ ਯੂਨਿਟ ਵਿਚ ਕੰਮ ਕੀਤਾ ਹੋਵੇ, ਤੋਂ ਬਾਅਦ ਇਹ ਮਾਮਲਾ ਸੁਰਖ਼ੀਆਂ ਵਿਚ ਆਇਆ ਹੈ।
ਓਨਟੇਰਿਓ ਦੇ ਨੌਰਥ ਬੇਅ ਵਿਚ ਰਹਿਣ ਵਾਲਾ 98 ਸਾਲ ਦਾ ਯੈਰੋਸਲੈਵ ਹੁਨਕਾ ਇੱਕ ਯੂਕਰੇਨੀ ਕੈਨੇਡੀਅਨ ਹੈ ਅਤੇ ਉਹ ਐਂਥਨੀ ਦੀ ਨਿਪੀਸਿੰਗ-ਟਿਮੀਸਕੇਮਿੰਗ ਰਾਈਡਿੰਗ ਦਾ ਬਾਸ਼ਿੰਦਾ ਹੈ। ਹੁਨਕਾ ਇਕ ਸਾਬਕਾ ਫ਼ੌਜੀ ਹੈ ਜੋ ਨਾਜ਼ੀਆਂ ਨਾਲ ਜੁੜੇ ਯੂਨਿਟ ਵਿਚ ਤੈਨਾਤ ਸੀ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦਾ ਭਾਸ਼ਣ ਸੁਣਨ ਲਈ ਐਂਥਨੀ ਨੇ ਹੁਨਕਾ ਨੂੰ ਸੱਦਾ ਦਿੱਤਾ ਸੀ ਅਤੇ ਇਸ ਦੌਰਾਨ ਐਂਥਨੀ ਨੇ ਹੁਨਕਾ ਨੂੰ ਯੂਕਰੇਨੀ ਹੀਰੋ
ਅਤੇ ਕੈਨੇਡੀਅਨ ਹੀਰੋ
ਵੀ ਆਖਿਆ ਸੀ, ਜਿਸ ਤੋਂ ਬਾਅਦ ਹੁਨਕਾ ਨੂੰ ਸਟੈਂਡਿੰਗ ਓਵੇਸ਼ਨ ਮਿਲੀ ਭਾਵ ਲੋਕ ਉਸਦੇ ਸਨਮਾਨ ਵਿਚ ਖੜੇ ਹੋਏ।
ਸੋਮਵਾਰ ਨੂੰ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਨੇ ਐਮਪੀਜ਼ ਤੋਂ ਮੁਆਫ਼ੀ ਮੰਗੀ।
ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ ਆਪਣੀ ਹਰਕਤ ਅਤੇ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਇਹ ਪਹਿਲ ਪੂਰੀ ਤਰ੍ਹਾਂ ਮੇਰੀ ਆਪਣੀ ਸੀ
।
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਇਰਾਦਾ ਹਾਊਸ ਨੂੰ ਸ਼ਰਮਿੰਦਾ ਕਰਨਾ ਨਹੀਂ ਸੀ
।
ਹਾਊਸ ਵਿਚ ਸਰਕਾਰ ਦੀ ਲੀਡਰ, ਕਰੀਨਾ ਗੋਲਡ ਨੇ ਹੁਨਕਾ ਨੂੰ ਦਿੱਤੇ ਗਏ ਸੱਦੇ ਨੂੰ ਬੇਹੱਦ ‘ਬੇਹੱਦ ਸ਼ਰਨਮਾਕ’ ਆਖਿਆ ਅਤੇ ਇਸਨੂੰ ਪਾਰਲੀਮੈਂਟ ਦੇ ਰਿਕਾਰਡ ਚੋਂ ਵੀ ਬਾਹਰ ਕਰਨ ਦੀ ਮੰਗ ਕੀਤੀ।
ਕਰੀਨਾ ਨੇ ਕਿਹਾ ਕਿ ਨਾ ਤਾਂ ਕੈਨੇਡਾ ਸਰਕਾਰ ਅਤੇ ਨਾ ਹੀ ਯੂਕਰੇਨੀ ਵਫ਼ਦ ਨੂੰ ਹੁਨਕਾ ਨੂੰ ਸੱਦਾ ਦਿੱਤੇ ਜਾਣ ਬਾਰੇ ਕੋਈ ਜਾਣਕਾਰੀ ਸੀ।
ਕੰਜ਼ਰਵੇਟਿਵ ਹਾਊਸ ਲੀਡਰ ਐਂਡਰੂ ਸ਼ੀਅਰ ਪ੍ਰਧਾਨ ਮੰਤਰੀ ਦਫਤਰ 'ਤੇ ਦੋਸ਼ ਮੜ੍ਹ ਰਹੇ ਹਨ ਕਿ ਸੁਰੱਖਿਆ ਕਾਰਨਾਂ ਕਰਕੇ ਅਜਿਹੇ ਹਾਈ-ਪ੍ਰੋਫਾਈਲ ਸਮਾਗਮ ਵਿਚ ਹਾਜ਼ਰ ਹੋਣ ਵਾਲੇ ਲੋਕਾਂ ਦੀ ਪੜਚੋਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਸੀ।
ਜੂਲੀਅਨ ਨੇ ਸਦਨ ਨੂੰ ਕਿਹਾ ਕਿ ਐਂਥਨੀ ਦੀ ਇਹ ਗਲਤੀ ਮੁਆਫ਼ੀਯੋਗ ਨਹੀਂ
ਹੈ ਅਤੇ ਇਸਨੇ ਪਵਿੱਤਰ ਵਿਸ਼ਵਾਸ
ਨੂੰ ਤੋੜ ਦਿੱਤਾ ਹੈ ਅਤੇ ਸਪੀਕਰ ਨੂੰ ਪਾਰਲੀਮੈਂਟ ਦੇ ਭਲੇ ਲਈ ਅਸਤੀਫ਼ਾ ਦੇਣਾ ਚਾਹੀਦਾ ਹੈ।
ਯਹੂਦੀ ਗਰੁੱਪ ਐਮਪੀਜ਼ ਵੱਲੋਂ ਹੁਨਕਾ ਨੂੰ ਪਾਰਲੀਮੈਂਟ ਵਿਚ ਬੁਲਾਉਣ ਅਤੇ ਉਸਦੇ ਲਈ ਖੜੇ ਹੋਕੇ ਤਾੜੀਆਂ ਮਾਰੇ ਜਾਣ ਨੂੰ ਲੈਕੇ ਕਾਫ਼ੀ ਨਾਖ਼ੁਸ਼ ਹਨ।
ਫ਼੍ਰੈਂਡਜ਼ ਔਫ਼ ਸਾਈਮਨ ਵੀਜ਼ਨਥੈਲ ਸੈਂਟਰ ਦੇ ਡਾਇਰੈਕਟਰ, ਡੈਨ ਪੈਨੇਟਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਯੂਨਿਟ ਨਾਲ ਜੁੜਨਾ ਤੁਹਾਨੂੰ ਇੱਕ ਨਾਜ਼ੀ ਸਹਿਯੋਗੀ ਬਣਾਉਂਦਾ ਹੈ। ਇਸ ਯੂਨਿਟ ਦਾ ਹਿੱਸਾ ਬਣਨ ਲਈ, ਤੁਸੀਂ ਹਿਟਲਰ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਧੀ ਸੀ ਅਤੇ ਤੁਸੀਂ ਨਾਗਰਿਕਾਂ ਦੇ ਕਤਲੇਆਮ ਵਿੱਚ ਸ਼ਾਮਲ ਸੀ। ਇਸ ਲਈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੋਸ਼ਿਸ਼ ਕਰੋ ਅਤੇ ਦਾਅਵਾ ਕਰੋ ਕਿ ਤੁਸੀਂ ਕਮਿਊਨਿਜ਼ਮ ਦੇ ਵਿਰੁੱਧ ਲੜ ਰਹੇ ਸੀ, ਤੁਸੀਂ ਨਾਜ਼ੀ ਯੁੱਧ ਤੰਤਰ ਨਾਲ ਹੀ ਜੁੜੇ ਹੋਏ ਸੀ
।
ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ