1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਰਾਜਨੀਤੀ

ਭਾਰਤ ਵੱਲੋਂ ਕੈਨੇਡੀਅਨਜ਼ ਲਈ ਵੀਜ਼ਾ ਸੇਵਾਵਾਂ ਮੁਅੱਤਲੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ !

ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਸਥਿਤੀ ਦੀ ਨਿਰੰਤਰ ਸਮੀਖਿਆ ਕਰ ਰਹੇ ਹਨ

20 ਸਤੰਬਰ 2023 ਨੂੰ ਔਟਵਾ ਸਥਿਤ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਲਹਿਰਾਉਂਦੇ ਭਾਰਤ ਦੇ ਤਿਰੰਗੇ ਦੀ ਤਸਵੀਰ।

20 ਸਤੰਬਰ 2023 ਨੂੰ ਔਟਵਾ ਸਥਿਤ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਲਹਿਰਾਉਂਦੇ ਭਾਰਤ ਦੇ ਤਿਰੰਗੇ ਦੀ ਤਸਵੀਰ। ਟ੍ਰੂਡੋ ਵੱਲੋਂ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚ ਭਾਰਤ ਦੇ ਸ਼ਾਮਲ ਹੋਣ ਦੇ ਇਲਜ਼ਾਮ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਕੂਟਨੀਤਕ ਤਣਾਅ ਵਧ ਗਿਆ ਹੈ ਅਤੇ ਕੈਨੇਡਾ ਵਿਚ ਭਾਰਤ ਦੇ ਵੀਜ਼ਾ ਪ੍ਰੋਸੈਸਿੰਗ ਸੈਂਟਰ ਨੇ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਤਸਵੀਰ: The Canadian Press / PATRICK DOYLE

RCI

ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਵਧਣ ਤੋਂ ਬਾਅਦ ਲੰਘੇ ਵੀਰਵਾਰ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੁਆਰਾ ਇੱਕ ਖ਼ਾਲਿਸਤਾਨੀ ਸਮਰਥਕ ਅਤੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਉਣ ਤੋਂ ਬਾਅਦ ਦੋਵਾਂ ਮੁਲਕਾਂ ਵਿਚ ਤਕਰਾਰ ਸ਼ੁਰੂ ਹੋ ਗਈ ਹੈ।

ਪਰ ਭਾਰਤ ਦੀ ਯਾਤਰਾ ਦਾ ਪਲਾਨ ਬਣਾ ਰਹੇ ਕੈਨੇਡੀਅਨਜ਼ ਲਈ ਇਸ ਵੀਜ਼ਾ ਸੇਵਾਵਾਂ ਮੁਅੱਤਲੀ ਦਾ ਕੀ ਮਤਲਬ ਹੈ? ਆਓ ਜਾਣਦੇ ਹਾਂ !

ਕੌਣ ਹੋਣਗੇ ਪ੍ਰਭਾਵਿਤ?

ਜਿਨ੍ਹਾਂ ਕੈਨੇਡੀਅਨਜ਼ ਕੋਲ ਭਾਰਤ ਦਾ ਵੀਜ਼ਾ ਨਹੀਂ ਹੈ ਜਾਂ ਜੋ ਵੀਜ਼ਾ ਅਪਲਾਈ ਕਰਨ ਦੀ ਪ੍ਰਕਿਰਿਆ ਵਿਚ ਸਨ, ਉਹ ਪ੍ਰਭਾਵਿਤ ਹੋਣਗੇ।

ਮੈਂ ਕਿਸ ਤਰ੍ਹਾਂ ਦਾ ਭਾਰਤ ਦਾ ਵੀਜ਼ਾ ਅਪਲਾਈ ਕਰ ਸਕਦਾ ਹਾਂ?

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਉਸਨੇ ਆਪਣੇ ਫ਼ੈਸਲੇ ਵਿਚ ਕੈਨੇਡੀਅਨਜ਼ ਲਈ ਸਾਰੀਆਂ ਸ਼੍ਰੇਣੀਆਂ ਦੇ ਵੀਜ਼ਾ ਰੋਕ ਦਿੱਤੇ ਹਨ, ਜਿਸ ਵਿਚ ਈ-ਵੀਜ਼ਾ ਵੀ ਸ਼ਾਮਲ ਹੈ। ਜੇ ਤੁਸੀਂ ਇੱਕ ਕੈਨੇਡੀਅਨ ਨਾਗਰਿਕ ਹੋ ਅਤੇ ਕਿਸੇ ਤੀਸਰੇ ਦੇਸ਼, ਜਿਵੇਂ ਕਿ ਅਮਰੀਕਾ, ਰਾਹੀਂ ਭਾਰਤ ਦਾ ਵੀਜ਼ਾ ਅਪਲਾਈ ਕਰਨ ਦਾ ਸੋਚ ਰਹੇ ਹੋ, ਤਾਂ ਵੀ ਤੁਸੀਂ ਵੀਜ਼ਾ ਸੇਵਾਵਾਂ ਦੀ ਮੁਅੱਤਲੀ ਦੇ ਪਾਤਰ ਹੋਵੋਗੇ।

ਮੈਂ ਤਾਂ ਜਹਾਜ਼ ਦੀ ਟਿਕਟ ਤੱਕ ਖ਼ਰੀਦ ਲਈ ਹੈ, ਕੀ ਮੇਰੀ ਯਾਤਰਾ ਪ੍ਰਭਾਵਿਤ ਹੋਵੇਗੀ?

ਜੇ ਤੁਹਾਡੇ ਕੋਲ ਭਾਰਤ ਦਾ ਵੈਧ ਵੀਜ਼ਾ ਜਾਂ ਭਾਰਤੀ ਪਾਸਪੋਰਟ ਹੈ ਤਾਂ ਤੁਸੀਂ ਯਾਤਰਾ ਕਰ ਸਕਦੇ ਹੋ। ਯਾਤਰਾ ‘ਤੇ ਕੋਈ ਪਾਬੰਦੀ ਨਹੀਂ ਹੈ। ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕੀਤਾ ਹੈ, ਜਿਸ ਦਾ ਅਰਥ ਹੈ ਕਿ ਕੈਨੇਡੀਅਨ ਨਾਗਰਿਕ ਉਦੋਂ ਤੱਕ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਜਾਂ ਉਦੋਂ ਤੱਕ ਉਨ੍ਹਾਂ ਦੇ ਵੀਜ਼ਾ ਪ੍ਰੋਸੈਸ ਨਹੀਂ ਹੋਣੇ ਜਦੋਂ ਤੱਕ ਭਾਰਤ ਸਰਕਾਰ ਵੀਜ਼ਾ ਸੇਵਾਵਾਂ ਬਹਾਲ ਨਹੀਂ ਕਰਦੀ।

ਨੋਟ: ਵੀਜ਼ਾ ਤੁਹਾਨੂੰ ਕਿਸੇ ਦੇਸ਼ ਵਿੱਚ ਦਾਖ਼ਲੇ ਦੀ ਗਰੰਟੀ ਨਹੀਂ ਦਿੰਦਾ। ਇਹ ਕਿਸੇ ਨੂੰ ਦਾਖ਼ਲਾ ਲੈਣ ਲਈ ਪੋਰਟ ਔਫ਼ ਐਂਟਰੀ ‘ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ ਇਜਾਜ਼ਤ ਦਿੰਦਾ ਹੈ।

ਕੀ ਮੈਨੂੰ ਇਸ ਸਮੇਂ ਭਾਰਤ ਵਿੱਚ ਆਪਣੇ ਕੈਨੇਡੀਅਨ ਪਰਿਵਾਰਕ ਮੈਂਬਰ ਲਈ ਚਿੰਤਤ ਹੋਣਾ ਚਾਹੀਦਾ ਹੈ? ਕੀ ਉਹ ਕੈਨੇਡਾ ਵਾਪਸ ਆ ਸਕਦੇ ਹਨ?

ਜੇਕਰ ਭਾਰਤ ਵਿੱਚ ਇੱਕ ਕੈਨੇਡੀਅਨ ਨਾਗਰਿਕ ਨੂੰ ਵੀਜ਼ਾ ਦੀ ਮਿਆਦ ਵਧਾਉਣ ਦੀ ਲੋੜ ਹੈ, ਤਾਂ ਉਹ ਇਸ ਦੇ ਯੋਗ ਨਹੀਂ ਹੋਣਗੇ। ਪਰ ਜੇਕਰ ਉਨ੍ਹਾਂ ਕੋਲ ਵੀਜ਼ਾ ਹੈ, ਤਾਂ ਉਨ੍ਹਾਂ ਕੋਲ ਭਾਰਤ ਵਿੱਚ ਰਹਿਣ ਜਾਂ ਮਿਆਦ ਤੀਕਰ ਆਉਂਦੇ ਜਾਂਦੇ ਰਹਿਣ ਦੀ ਇਜਾਜ਼ਤ ਹੈ।

ਕੀ ਇਸ ਸਮੇਂ ਭਾਰਤ ਦੀ ਯਾਤਰਾ ਕਰਨਾ ਮੇਰੇ ਲਈ ਸੁਰੱਖਿਆ ਜੋਖਮ ਹੈ?

ਕੈਨੇਡਾ ਨੇ ਭਾਰਤੀ ਸੂਬਿਆਂ ਜੰਮੂ ਅਤੇ ਕਸ਼ਮੀਰ, ਪੰਜਾਬ, ਗੁਜਰਾਤ ਅਤੇ ਰਾਜਸਥਾਨ ਲਈ ਰੀਜਨਲ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ।

ਭਾਰਤ ਨੇ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ।

ਮੈਂ ਵਿਆਹ ਲਈ ਨਵੰਬਰ ਜਾਂ ਦਸੰਬਰ ਵਿੱਚ ਭਾਰਤ ਜਾਣ ਦੀ ਯੋਜਨਾ ਬਣਾ ਰਿਹਾ ਹਾਂ। ਉਸ ਯਾਤਰਾ ਲਈ ਇਸਦਾ ਕੀ ਅਰਥ ਹੈ?

ਉਨ੍ਹਾਂ ਮਹੀਨਿਆਂ ਦੌਰਾਨ ਬਹੁਤ ਸਾਰੇ ਲੋਕ ਭਾਰਤ ਦੀ ਯਾਤਰਾ ਕਰਦੇ ਹਨ, ਭਾਵੇਂ ਉਹ ਛੁੱਟੀਆਂ ਲਈ ਹੋਵੇ ਜਾਂ ਵਿਆਹਾਂ ਲਈ। ਜੇਕਰ ਤੁਹਾਡੇ ਕੋਲ ਵੀਜ਼ਾ ਜਾਂ ਭਾਰਤੀ ਪਾਸਪੋਰਟ ਹੈ ਤਾਂ ਤੁਸੀਂ ਯਾਤਰਾ ਕਰ ਸਕਦੇ ਹੋ।

ਭਾਰਤ ਵਿੱਚ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਨਿਯਮਿਤ ਅਧਾਰ 'ਤੇ ਸਥਿਤੀ ਦੀ ਸਮੀਖਿਆ ਕਰੇਗਾ। ਤੁਸੀਂ ਭਾਰਤ ਦੇ ਵੀਜ਼ਾ ਪ੍ਰੋਸੈਸਿੰਗ ਪਲੇਟਫਾਰਮ, BLS ਇੰਟਰਨੈਸ਼ਨਲ 'ਤੇ ਅੱਪਡੇਟ ਪ੍ਰਾਪਤ ਕਰ ਸਕਦੇ ਹੋ। ਸੀਬੀਸੀ ਵੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਤੁਸੀਂ ਸਾਡੀ ਵੈੱਬਸਾਈਟ 'ਤੇ ਵੀ ਅੱਪਡੇਟ ਦੇਖ ਸਕਦੇ ਹੋ।

ਕੀ ਇਸਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਲੋਕ ਕੈਨੇਡਾ ਲਈ ਯਾਤਰਾ ਨਹੀਂ ਕਰ ਸਕਣਗੇ?

ਕੈਨੇਡਾ ਦਾ ਵੈਧ ਵੀਜ਼ਾ ਵਾਲੇ ਭਾਰਤੀ ਨਾਗਰਿਕਾਂ ਨੂੰ ਅਜੇ ਵੀ ਕੈਨੇਡਾ ਆਉਣ ਦੀ ਇਜਾਜ਼ਤ ਹੈ। ਕੈਨੇਡਾ ਭਾਰਤ ਵਿਚ ਆਪਣੇ ਡਿਪਲੋਮੈਟਾਂ ਨੂੰ ਔਨਲਾਈਨ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਹਾਈ ਕਮਿਸ਼ਨ ਅਤੇ ਕੌਂਸਲੇਟ ਵਿੱਚ ਸਟਾਫ਼ ਵਿੱਚ ਬਦਲਾਅ ਕਰ ਰਿਹਾ ਹੈ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਆਉਣ ਵਾਲੇ ਮਹੀਨਿਆਂ, ਹਫ਼ਤਿਆਂ ਜਾਂ ਦਿਨਾਂ ਵਿੱਚ ਸਥਿਤੀ ਕੀ ਹੋਵੇਗੀ।

ਕੀ ਇਹ ਵੀਜ਼ਾ ਸੇਵਾ ਸਸਪੈਂਸ਼ਨ ਕੈਨੇਡੀਅਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਨੂੰ ਪ੍ਰਭਾਵਿਤ ਕਰੇਗੀ? ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਵੀ ਕੋਈ ਅਸਰ?

ਅਜੇ ਤੱਕ, ਕੈਨੇਡਾ ਨੇ ਭਾਰਤ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਨਹੀਂ ਕੀਤਾ ਹੈ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਸਟਾਫ਼ ਦੀ ਗਿਣਤੀ ਵਿਚ ਸਮਾਨਤਾ ਲਿਆਉਣ ਲਈ ਆਖਿਆ ਹੈ। ਭਾਰਤ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਭਾਰਤ ਅੰਦਰ ਇੱਕ ਦੂਸਰੇ ਦੇ ਕੂਟਨੀਤਿਕ ਸਟਾਫ਼ ਦੇ ਪੱਖੋਂ, ਕੈਨੇਡਾ ਦੀ ਕੂਟਨੀਤਕ ਮੌਜੂਦਗੀ ਵਧੇਰੇ ਹੈ ਅਤੇ ਭਾਰਤ ਨੇ ਕੈਨੇਡਾ ਦੀ ਮੌਜੂਦਗੀ ਨੂੰ ਘੱਟ ਕਰਨ ਦੀ ਬੇਨਤੀ ਕੀਤੀ ਹੈ।

ਕੈਨੇਡਾ ਦੇ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਕੁਝ ਡਿਪਲੋਮੈਟਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧਮਕੀਆਂ ਮਿਲਣ ਦੇ ਕਾਰਨ ਭਾਰਤ ਵਿੱਚ ਆਪਣੇ ਕਮਿਸ਼ਨ ਅਤੇ ਕੌਂਸਲੇਟ ਟਿਕਾਣਿਆਂ 'ਤੇ ਆਪਣੇ ਸਟਾਫ ਦੀ ਮੌਜੂਦਗੀ ਨੂੰ ਅਸਥਾਈ ਤੌਰ 'ਤੇ ਐਡਜਸਟ ਕਰ ਰਹੇ ਹਨ।

ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ, ਇਸਦਾ ਮਤਲਬ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ, ਜਾਂ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨਾ ਹੋ ਸਕਦਾ ਹੈ।

ਕੀ ਉਹ ਲੋਕ ਜਿਨ੍ਹਾਂ ਕੋਲ ਪਹਿਲਾਂ ਹੀ ਭਾਰਤ ਦਾ ਵੀਜ਼ਾ ਹੈ, ਉਹ ਦੇਸ਼ ਵਿੱਚ ਦਾਖ਼ਲ ਹੋ ਸਕਦੇ ਹਨ?

ਕੈਨੇਡਾ ਵਿੱਚ ਜਿਨ੍ਹਾਂ ਕੋਲ ਭਾਰਤ ਦਾ ਵੈਧ ਵੀਜ਼ਾ ਹੈ, ਜਾਂ ਜਿਨ੍ਹਾਂ ਕੋਲ ਭਾਰਤ ਦੀ ਵਿਦੇਸ਼ੀ ਨਾਗਰਿਕਤਾ (OCI) ਹੈ, ਉਹ ਭਾਰਤ ਦੀ ਯਾਤਰਾ ਕਰਨ ਸਕਦੇ ਹਨ।

ਮੈਂ ਭਾਰਤੀ ਨਾਗਰਿਕ ਹਾਂ। ਕੀ ਮੈਂ ਭਾਰਤ ਜਾ ਸਕਦਾ ਹਾਂ?

ਹਾਂ! ਜੇ ਤੁਸੀਂ ਭਾਰਤੀ ਨਾਗਰਿਕ ਹੋ (ਭਾਰਤੀ ਪਾਸਪੋਰਟ ਧਾਰਕ), ਤਾਂ ਤੁਹਾਨੂੰ ਭਾਰਤ ਵਿਚ ਦਾਖ਼ਲ ਹੋਣ ਲਈ ਕਿਸੇ ਵੀਜ਼ਾ ਦੀ ਲੋੜ ਨਹੀਂ ਹੈ।

ਜੇ ਮੈਂ ਮੁਅੱਤਲੀ ਦੇ ਐਲਾਨ ਤੋਂ ਪਹਿਲਾਂ ਵੀਜ਼ਾ ਲਈ ਅਪਲਾਈ ਕੀਤਾ ਹੋਵੇ?

ਭਾਰਤ ਸਰਕਾਰ ਦੇ ਅਗਲੇ ਨੋਟਿਸ ਤੱਕ ਤੁਹਾਡੀ ਵੀਜ਼ਾ ਅਰਜ਼ੀ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ।

ਕੀ ਕੈਨੇਡੀਅਨਜ਼ ਨੂੰ ਟ੍ਰਾਂਜ਼ਿਟ ਵੀਜ਼ਾ ਦੀ ਲੋੜ ਹੈ?

ਜੇ ਤੁਹਾਨੂੰ ਏਅਰਪੋਰਟ ਤੋਂ ਬਾਹਰ ਆਉਣ ਦੀ ਲੋੜ ਨਹੀਂ, ਤਾਂ ਤੁਹਾਨੂੰ ਟ੍ਰਾਂਜ਼ਿਟ ਵੀਜ਼ਾ ਨਹੀਂ ਚਾਹੀਦਾ। ਪਰ ਜੇ ਤੁਹਾਨੂੰ ਆਪਣੀ ਯਾਤਰਾ ਦੌਰਾਨ ਭਾਰਤ ਰੁਕਣਾ ਪੈਂਦਾ ਹੈ, ਤਾਂ ਤੁਹਾਨੂੰ ਟ੍ਰਾਂਜ਼ਿਟ ਵੀਜ਼ਾ ਦੀ ਲੋੜ ਹੋਵੇਗੀ। ਕੈਨੇਡੀਅਨ ਨਾਗਰਿਕ ਉਦੋਂ ਤੱਕ ਟ੍ਰਾਂਜ਼ਿਟ ਵੀਜ਼ਾ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ ਜਦੋਂ ਤੱਕ ਵੀਜ਼ਾ ਸੇਵਾਵਾਂ ਦੀ ਮੁਅੱਤਲੀ ਨਹੀਂ ਹਟ ਜਾਂਦੀ।

ਅਜਿਹਾ ਕਦੋਂ ਤੱਕ ਚੱਲੇਗਾ?

ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਨਿਯਮਿਤ ਤੌਰ 'ਤੇ ਸਥਿਤੀ ਦੀ ਸਮੀਖਿਆ ਕਰ ਰਹੀ ਹੈ।

ਜੇ ਮੈਂ ਟਿਕਟਾਂ ਬੁੱਕ ਕਰ ਲਈਆਂ ਹਨ, ਪਰ ਮੇਰੇ ਕੋਲ ਵੀਜ਼ਾ ਨਹੀਂ ਹੈ ਤਾਂ ਕੀ ਹੋਵੇਗਾ?

ਸੀਬੀਸੀ ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿਚ ਏਅਰ ਕੈਨੇਡਾ ਨੇ ਕਿਹਾ, ਭਾਰਤ ਲਈ ਹਫ਼ਤੇ ਵਿਚ 19 ਉਡਾਣਾਂ ਦਾ ਸਾਡੀ ਆਮ ਸੇਵਾ ਦਾ ਸੰਚਾਲਨ ਜਾਰੀ ਹੈ। ਉਹਨਾਂ ਗਾਹਕਾਂ ਲਈ ਜੋ ਨਵੀਆਂ ਵੀਜ਼ਾ ਜ਼ਰੂਰਤਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ, ਅਸੀਂ ਇੱਕ ਲਚਕਦਾਰ ਰੀਬੁਕਿੰਗ ਨੀਤੀ ਰੱਖੀ ਹੈ ਤਾਂ ਜੋ ਉਹ ਬਿਨਾਂ ਕਿਸੇ ਬਦਲਾਅ ਦੀ ਫੀਸ ਦੇ ਆਪਣੀਆਂ ਉਡਾਣਾਂ ਬਦਲ ਸਕਣ ਜੇਕਰ ਉਹਨਾਂ ਨੂੰ ਤਿਆਰੀ ਲਈ ਹੋਰ ਸਮਾਂ ਚਾਹੀਦਾ ਹੈ

ਸਲੋਨੀ ਭੁਗਰਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ