1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕਿਊਬੈਕ ਦੀ ਰੌਕਸਮ ਰੋਡ ‘ਤੇ ਬਣੀ ਆਪਣੀ ਪੁਲਿਸ-ਚੌਕੀ ਬੰਦ ਕਰੇਗੀ ਆਰਸੀਐਮਪੀ

ਪੁਲਿਸ ਦੇ ਬੁਲਾਰੇ ਅਨੁਸਾਰ ਇਸ ਅਣਅਧਿਕਾਰਤ ਸਰਹੱਦੀ ਲਾਂਘੇ ਰਾਹੀਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਘਟੀ

ਰੌਕਸਮ ਰੋਡ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਪਨਾਹਗੀਰਾਂ ਦੇ ਇੱਕ ਪਰਿਵਾਰ ਦੀ ਪੁਰਾਣੀ ਤਸਵੀਰ।

ਰੌਕਸਮ ਰੋਡ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਪਨਾਹਗੀਰਾਂ ਦੇ ਇੱਕ ਪਰਿਵਾਰ ਦੀ ਪੁਰਾਣੀ ਤਸਵੀਰ।

ਤਸਵੀਰ: La Presse canadienne

RCI

ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਰੌਕਸਮ ਰੋਡ 'ਤੇ ਸਥਿਤ ਆਪਣੀ ਚੌਕੀ ਦਾ ਕੰਮਕਾਜ ਸਮਾਪਤ ਕਰ ਰਹੀ ਹੈ।

ਰੌਕਸਮ ਰੋਡ ਉੱਪਰ ਲੰਬੇ ਸਮੇਂ ਤੋਂ ਇੱਕ ਅਨਿਯਮਿਤ ਬਾਰਡਰ ਕ੍ਰਾਸਿੰਗ ਬਣ ਗਈ ਸੀ ਜਿਸ ਰਾਹੀਂ ਅਮਰੀਕਾ ਤੋਂ ਪੈਦਲ ਆਉਂਦੇ ਹਜ਼ਾਰਾਂ ਪਨਾਹਗੀਰ ਕੈਨੇਡਾ ਦਾਖ਼ਲ ਹੁੰਦੇ ਰਹੇ ਸਨ।

ਮਾਰਚ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਨਵੀਂ ਸਹਿਮਤੀ ਐਲਾਨੀ ਸੀ ਜਿਸ ਤਹਿਤ ਅਮਰੀਕਾ ਤੋਂ ਅਣਅਧਿਕਾਰਤ ਸਰਹੱਦੀ ਲਾਂਘਿਆਂ, ਜਿਵੇਂ ਰੌਕਸਮ ਰੋਡ, ਰਾਹੀਂ ਕੈਨੇਡਾ ਆਉਣ ਵਾਲੇ ਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਮੋੜਨ ਦੀ ਵਿਵਸਥਾ ਬਣਾਈ ਦਿੱਤੀ ਗਈ ਸੀ।

ਨਵੇਂ ਸਮਝੌਤੇ ਵਿਚ ਸੇਫ਼ ਥਰਡ ਕੰਟਰੀ ਅਗਰੀਮੈਂਟ ਦੇ ਉਸ ਨੁਕਸ ਨੂੰ ਦੂਰ ਕੀਤਾ ਗਿਆ ਜਿਸ ਤਹਿਤ ਅਮਰੀਕਾ ਤੋਂ ਅਣਅਧਿਕਾਰਤ ਪੋਰਟ ਔਫ਼ ਐਂਟਰੀ ਰਾਹੀਂ ਕੈਨੇਡਾ ਆਉਣ ਵਾਲੇ ਪਰਵਾਸੀਆਂ ਨੂੰ ਪਨਾਹ ਦੀ ਅਰਜ਼ੀ ਲਾਉਣ ਦੀ ਇਜਾਜ਼ਤ ਸੀ। ਹੁਣ ਪਨਾਹਗੀਰਾਂ ਨੂੰ ਦੋਵੇਂ ਦੇਸ਼ਾਂ ਚੋਂ ਪਹਿਲਾਂ ਪਹੁੰਚੇ ਦੇਸ਼ ਵਿਚ ਪਨਾਹ ਦੀ ਅਰਜ਼ੀ ਲਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਮਾਰਚ ਤੋਂ ਪਹਿਲਾਂ ਇਹ ਸਮਝੌਤਾ ਸਿਰਫ਼ ਅਧਿਕਾਰਤ ਸਰਹੱਦੀ ਲਾਂਘਿਆਂ ’ਤੇ ਹੀ ਲਾਗੂ ਸੀ।

ਆਰਸੀਐਮਪੀ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਅਧਿਕਾਰੀਆਂ ਨੇ 2017 ਤੋਂ ਹੁਣ ਤੱਕ ਰੌਕਸਮ ਰੋਡ 'ਤੇ 113,000 ਲੋਕਾਂ ਨੂੰ ਰੋਕਿਆ ਹੈ।

ਸਾਰਜੈਂਟ ਚਾਰਲਜ਼ ਪੋਏਰੀਏ ਨੇ ਕਿਹਾ, ਸੇਫ਼ ਥਰਡ ਕੰਟਰੀ ਅਗਰੀਮੈਂਟ ਵਿਚ ਤਬਦੀਲੀਆਂ ਕਰਨ ਤੋਂ ਬਾਅਦ ਰੌਕਸਮ ਰੋਡ ਤੋਂ ਲੰਘਣ ਵਾਲੇ ਪਰਵਾਸੀਆਂ ਦੀ ਗਿਣਤੀ ਘਟ ਗਈ ਹੈ ਅਤੇ ਇੱਥੇ ਸਾਡੀ ਮੌਜੂਦਗੀ ਦੀ ਹੁਣ ਕੋਈ ਲੋੜ ਨਹੀਂ ਹੈ

ਪੋਏਰੀਏ ਨੇ ਕਿਹਾ ਕਿ ਰੌਕਸਮ ਰੋਡ ‘ਤੇ ਆਪਣੀਆਂ ਫ਼ੈਸਿਲਟੀਜ਼ ਨੂੰ ਹਟਾਉਣ ਦਾ ਮਤਲਬ ਹੈ ਕਿ ਆਰਸੀਐਮਪੀ ਦੀ ਹੁਣ ਰੌਕਸਮ ਰੋਡ ‘ਤੇ ਨਿਰੰਤਰ ਮੌਜੂਦਗੀ ਨਹੀਂ ਰਹੇਗੀ। ਇਸ ਦੀ ਬਜਾਏ ਇਹ ਨਿਯਮਤ ਗਸ਼ਤ ਅਤੇ ਕੈਮਰੇ ਦੀ ਨਿਗਰਾਨੀ 'ਤੇ ਨਿਰਭਰ ਕਰੇਗੀ।

ਬੁਲਾਰੇ ਨੇ ਕਿਹਾ ਕਿ ਰੌਕਸਮ ਰੋਡ 'ਤੇ ਇਹ ਫ਼ੈਸਿਲਟੀਜ਼ ਤਿੰਨ ਤੋਂ ਪੰਜ ਸਾਲ ਤੱਕ ਚੱਲਣੀਆਂ ਸਨ। ਪੈਦਲ ਆਵਾਜਾਈ ਵਿੱਚ ਕਮੀ ਅਤੇ ਸਹੂਲਤਾਂ ਨੂੰ ਅੱਪਗ੍ਰੇਡ ਕਰਨ ਦੀ ਲਾਗਤ ਕਾਰਨ ਆਰਸੀਐਮਪੀ ਨੇ ਇਨ੍ਹਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ।

ਪੋਏਰੀਏ ਨੇ ਇਹ ਨਹੀਂ ਦੱਸਿਆ ਕਿ ਅਣਅਧਿਕਾਰਤ ਸਰਹੱਦੀ ਲਾਂਘੇ ‘ਤੇ ਨਿਰੰਤਰ ਮੌਜੂਦਗੀ ਲਈ ਆਰਸੀਐਮਪੀ ਲਈ ਕਿੰਨਾ ਖ਼ਰਚਾ ਆਉਂਦਾ ਸੀ, ਪਰ ਉਸਨੇ ਕਿਹਾ ਕਿ ਇਹ ਲਾਗਤ ਮਿਲੀਅਨਜ਼ ਵਿਚ ਸੀ।

ਐਂਟਨੀ ਨੈਰੇਸਟੈਂਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ