- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਯੂਕਰੇਨੀ ਰਾਸ਼ਟਰਪਤੀ ਵਲੋਦਿਮਿਰ ਜ਼ੈਲੈਂਸਕੀ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ
ਕੈਨੇਡਾ ਵੱਲੋਂ ਯੂਕਰੇਨ ਨੂੰ 650 ਮਿਲੀਅਨ ਦੀ ਫ਼ੌਜੀ ਸਹਾਇਤਾ ਦਾ ਐਲਾਨ

ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੈਲੈਂਸਕੀ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ।
ਤਸਵੀਰ: Getty Images / AFP / Sean Kilpatrick
ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੈਲੈਂਸਕੀ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ।
ਅਮਰੀਕਾ ਵਿਚ ਸੰਯੁਕਤ ਰਾਸ਼ਟਰ ਦੀਆਂ ਮੀਟਿੰਗਾਂ ਤੋਂ ਬਾਅਦ ਜ਼ੈਲੈਂਸਕੀ ਨੇ ਕੈਨੇਡੀਅਨ ਪਾਰਲੀਮੈਂਟ ਦੀ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਿਤ ਕੀਤਾ। ਸੰਯੁਕਤ ਰਾਸ਼ਟਰ ਦੀ ਮਹਾਸਭਾ ਸਾਹਮਣੇ ਜ਼ੈਲੈਂਸਕੀ ਨੇ ਹੋਰ ਹਥਿਆਰਾਂ ਦੀ ਅਪੀਲ ਕੀਤੀ ਸੀ ਅਤੇ ਰੂਸ ਨੂੰ ਫਟਕਾਰ ਲਗਾਈ ਸੀ।
ਜ਼ੈਲੈਂਸਕੀ ਦੇ ਕੈਨੇਡੀਅਨ ਪਾਰਲੀਮੈਂਟ ਵਿਚ ਸੰਬੋਧਨ ਦੌਰਾਨ ਮੈਂਬਰਾਂ ਨੇ ਉਨ੍ਹਾਂ ਦੇ ਭਾਸ਼ਣ ‘ਤੇ ਕਈ ਵਾਰ ਉੱਠ ਉੱਠ ਕੇ ਤਾੜੀਆਂ ਮਾਰੀਆਂ।
ਜ਼ੈਲੈਂਸਕੀ ਨੇ ਕਿਹਾ, ਜਦੋਂ ਅਸੀਂ ਦੁਨੀਆ ਨੂੰ ਸਾਡਾ ਸਮਰਥਨ ਕਰਨ ਲਈ ਆਖਦੇ ਹਾਂ, ਤਾਂ ਇਹ ਸਿਰਫ਼ ਇੱਕ ਆਮ ਸੰਘਰਸ਼ ਬਾਰੇ ਨਹੀਂ ਹੈ। ਇਹ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਬਾਰੇ ਹੈ। ਸੱਚਮੁੱਚ ਸਰੀਰਕ ਮੁਕਤੀ, ਆਮ ਔਰਤਾਂ ਅਤੇ ਮਰਦ, ਬੱਚੇ, ਸਾਡੇ ਪਰਿਵਾਰ, ਪੂਰੇ ਸਮਾਜ, ਪੂਰੇ ਸ਼ਹਿਰ ਬਾਰੇ। ਮੈਰਿਓਪੋਲ ਜਾਂ ਬਖਮੁਤ ਜਾਂ ਕਿਸੇ ਹੋਰ ਸ਼ਹਿਰ ਦੀ ਤਬਾਹੀ ਲਈ ਰੂਸ ਸਜ਼ਾ ਤੋਂ ਮੁਕਤ ਨਹੀਂ ਹੋਣਾ ਚਾਹੀਦਾ
।
ਮਾਸਕੋ [ਰੂਸ] ਹੁਣ, ਹਮੇਸ਼ਾ ਦੀ ਤਰ੍ਹਾਂ, ਯੂਕਰੇਨ ਨੂੰ ਕੰਟਰੋਲ ਕਰਨ ਲਈ ਤੁਲਿਆ ਹੋਇਆ ਹੈ ਅਤੇ ਅਜਿਹਾ ਕਰਨ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਨਸਲਕੁਸ਼ੀ ਵੀ ਸ਼ਾਮਲ ਹੈ
।
ਨਸਲਕੁਸ਼ੀ ਨਹੀਂ, ਇਸ ਯੁੱਧ ਵਿੱਚ ਯੂਕਰੇਨ ਜੇਤੂ ਹੋਵੇਗਾ। ਲੋਕ ਜੇਤੂ ਹੋਣਗੇ, ਕ੍ਰੇਮਲਿਨ [ਰੂਸ] ਨਹੀਂ
।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸ਼ੁੱਕਰਵਾਰ ਨੂੰ 50 ਬਖਤਰਬੰਦ ਵਾਹਨਾਂ ਲਈ ਯੂਕਰੇਨ ਨੂੰ ਤਿੰਨ ਸਾਲਾਂ ਦੌਰਾਨ $650 ਮਿਲੀਅਨ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ। ਇਸ ਫਲੀਟ ਵਿੱਚ ਓਨਟੇਰਿਓ ਦੇ ਲੰਡਨ ਵਿੱਚ ਬਣਾਏ ਜਾਣ ਵਾਲੇ ਮੈਡੀਕਲ ਨਿਕਾਸੀ ਵਾਹਨ ਵੀ ਸ਼ਾਮਲ ਹੋਣਗੇ।
ਮਰੇ ਬ੍ਰੂਸਟਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ