1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਕੈਨੇਡਾ ਪਹੁੰਚੇ

ਕੈਨੇਡਾ ਦੀ ਸਾਈਬਰ ਇੰਟੈਲੀਜੈਂਸ ਏਜੰਸੀ ਨੇ ਜ਼ੈਲੈਂਸਕੀ ਦੀ ਫ਼ੇਰੀ ਦੌਰਾਨ ਸੰਭਾਵੀ ਸਾਈਬਰ ਹਮਲਿਆਂ ਦੀ ਚਿਤਾਵਨੀ ਦਿੱਤੀ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦੀ 22 ਸਤੰਬਰ ਦੀ ਔਟਵਾ ਦੀ ਤਸਵੀਰ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦੀ 22 ਸਤੰਬਰ ਦੀ ਔਟਵਾ ਦੀ ਤਸਵੀਰ।

ਤਸਵੀਰ: Reuters / Blair Gable

RCI

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਵੀਰਵਾਰ ਰਾਤ ਨੂੰ ਕੈਨੇਡਾ ਪਹੁੰਚ ਗਏ ਹਨ। 

ਫ਼ਰਵਰੀ 2022 ਵਿਚ ਰੂਸ ਵੱਲੋਂ ਯੁਕਰੇਨ ‘ਤੇ ਕੀਤੇ ਹਮਲੇ ਤੋਂ ਬਾਅਦ ਜ਼ੈਲੈਂਸਕੀ ਦਾ ਇਹ ਪਹਿਲਾ ਅਧਿਕਾਰਤ ਕੈਨੇਡੀਅਨ ਦੌਰਾ ਹੈ।

ਜ਼ੈਲੈਂਸਕੀ ਆਪਣੀ ਪਤਨੀ ਓਲੇਨਾ ਜ਼ੈਲੈਂਸਕਾ ਨਾਲ ਔਟਵਾ ਪਹੁੰਚੇ ਹਨ।

ਜ਼ੈਲੈਂਸਕੀ ਦੇ ਔਟਵਾ ਪਹੁੰਚਣ ‘ਤੇ ਜਿਸ ਵਫ਼ਦ ਨੇ ਉਨ੍ਹਾਂ ਦਾ ਸਵਾਗਤ ਕੀਤਾ ਉਸ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀ ਉਚੇਚ ਤੌਰ ‘ਤੇ ਸ਼ਾਮਲ ਸਨ। ਨਾਲ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਅਤੇ ਕੈਨੇਡਾ ਲਈ ਯੂਕਰੇਨ ਦੀ ਰਾਜਦੂਤ ਯੂਲੀਆ ਕੋਵਾਲਿਵ ਵੀ ਹਾਜ਼ਰ ਰਹੇ।

ਵੀਰਵਾਰ ਨੂੰ ਜ਼ੈਲੈਂਸਕੀ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸਕੈਜੁਅਲ ਵਿਚ ਕੈਨੇਡਾ ਦੇ ਉੱਚ ਅਧਿਕਾਰੀਆਂ ਅਤੇ ਯੂਕਰੇਨੀ ਕੈਨੇਡੀਅਨ ਭਾਈਚਾਰਿਆਂ ਨਾਲ ਮੁਲਾਕਾਤ ਵੀ ਸ਼ਾਮਲ ਹੈ।

ਇਸ ਫੇਰੀ ਦੌਰਾਨ ਟ੍ਰੂਡੋ ਅਤੇ ਜ਼ੈਲੈਂਸਕੀ ਦੋਵੇਂ ਦੇਸ਼ਾਂ ਦਰਮਿਆਨ ਆਰਥਿਕ ਰਿਸ਼ਤੇ ਮਜ਼ਬੂਤ ਕਰਨ ਬਾਬਤ ਇੱਕ ਸਮਝੌਤੇ ‘ਤੇ ਦਸਤਖ਼ਤ ਕਰਨਗੇ।

ਇਸ ਹਫ਼ਤੇ ਜ਼ੈਲੈਂਸਕੀ ਨੇ ਨਿਊਯੌਰਕ ਵਿਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੂੰ ਵੀ ਸੰਬੋਧਨ ਕੀਤਾ ਸੀ, ਜਿੱਥੇ ਟ੍ਰੂਡੋ ਨੇ ਹੋਰ ਦੇਸ਼ਾਂ ਨੂੂੰ ਯੂਕਰੇਨ ਦੀ ਵਧੇਰੇ ਸਹਾਇਤਾ ਕਰਨ ਅਤੇ ਰੂਸ ‘ਤੇ ਫੌਜਾਂ ਵਾਪਸ ਲੈਣ ਦਾ ਦਬਾਅ ਪਾਉਣ ਦੀ ਮੰਗ ਕੀਤੀ।

ਕੈਨੇਡਾ ਯੂਕਰੇਨ ਨੂੰ 4.95 ਬਿਲੀਅਨ ਡਾਲਰ ਦੀ ਵਿੱਤੀ ਮਦਦ ਅਤੇ 1.8 ਬਿਲੀਅਨ ਦੀ ਫ਼ੌਜੀ ਮਦਦ ਪ੍ਰਦਾਨ ਕਰ ਚੁੱਕਾ ਹੈ। ਇਸ ਮਦਦ ਵਿਚ ਹਥਿਆਰ, ਗੋਲਾ ਬਾਰੂਦ, ਟੈਂਕ ਅਤੇ ਯੂਕਰੇਨੀ ਫੌਜੀਆਂ ਦੀ ਸਿਖਲਾਈ ਵੀ ਸ਼ਾਮਲ ਹੈ।

ਪਰ ਯੂਕਰੇਨ ਅਜੇ ਵੀ ਆਪਣੇ ਭਾਈਵਾਲਾਂ ਕੋਲੋਂ ਵਧੇਰੇ ਡੋਨੇਸ਼ਨਾਂ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਅਨੁਸਾਰ ਜ਼ੈਲੈਂਸਕੀ ਟੋਰੌਂਟੋ ਵਿਚ ਬਿਜ਼ਨਸ ਲੀਡਰਾਂ ਨਾਲ ਵੀ ਮੁਲਾਕਾਤ ਕਰਨਗੇ।

ਕੈਨੇਡਾ ਦੀ ਸਾਈਬਰ ਇੰਟੈਲੀਜੈਂਸ ਏਜੰਸੀ ਨੇ ਜ਼ੈਲੈਂਸਕੀ ਦੀ ਫ਼ੇਰੀ ਦੌਰਾਨ ਸੰਭਾਵੀ ਸਾਈਬਰ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ।

ਕੈਨੇਡਾ ਦੀ ਕਮਿਊਨੀਕੇਸ਼ਨਜ਼ ਸਿਕਿਓਰਟੀ ਇਸਟੈਬਲਿਸ਼ਮੈਂਟ (CSE) ਨੇ ਸਰਕਾਰੀ ਅਤੇ ਕ੍ਰਿਟਿਕਲ ਇਨਫ਼ਰਾਸਟਰਕਚਰ ਸਬੰਧੀ ਵੈਬਸਾਈਟਾਂ ਨੂੰ ਚੌਕਸ ਰਹਿਣ ਦੀ ਹਿਦਾਇਤ ਦਿੱਤੀ ਹੈ।

ਏਜੰਸੀ ਨੇ ਕਿਹਾ ਕਿ ਯੂਕਰੇਨ ਦਾ ਸਮਰਥਨ ਕਰਨ ਵਾਲੇ ਨਾਟੋ ਦੇਸ਼ਾਂ, ਜਾਂ ਯੂਕਰੇਨ ਦੇ ਸਰਕਾਰੀ ਅਧਿਕਾਰੀਆਂ ਦੀਆਂ ਮੁਲਾਕਾਤਾਂ ਦੀ ਮੇਜ਼ਬਾਨੀ ਕਰਨ ਵਾਲੇ ਨਾਟੋ ਦੇਸ਼ਾਂ ਦੇ ਵਿਰੁੱਧ ਸਾਈਬਰ ਹਮਲੇ ਕੋਈ ਅਸਧਾਰਨ ਗੱਲ ਨਹੀਂ ਹੈ।

ਕੈਥਰੀਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ