- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਵਿਵਾਦਗ੍ਰਸਤ ਗ੍ਰੀਨਬੈਲਟ ਡੀਲ ਉਲਟਾਏਗੀ ਓਨਟੇਰਿਓ ਸਰਕਾਰ: ਪ੍ਰੀਮੀਅਰ ਫ਼ੋਰਡ
ਪ੍ਰੀਮੀਅਰ ਨੇ ਕਿਹਾ ਕਿ ਗ੍ਰੀਨਬੈਲਟ ਖੋਲਣਾ ‘ਗ਼ਲਤੀ’ ਸੀ

ਪ੍ਰੀਮੀਅਰ ਡੱਗ ਫ਼ੋਰਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਗ੍ਰੀਨਬੈਲਟ ਲੈਂਡ ਸਵੈਪ ਨੂੰ ਉਲਟਾ ਰਿਹਾ ਹੈ।
ਤਸਵੀਰ: (Mike Crawley/CBC)
ਓਨਟੇਰਿਓ ਸਰਕਾਰ ਵਿਵਾਦਗ੍ਰਸਤ ਗ੍ਰੀਨਬੈਲਟ ਮਾਮਲੇ ਵਿਚ ਆਪਣੀ ਦਿਸ਼ਾ ਬਦਲਦਿਆਂ ਸੁਰੱਖਿਅਤ ਜ਼ਮੀਨ ਨੂੰ ਨਿਰਮਾਣ ਲਈ ਖੋਲਣ ਦੇ ਫ਼ੈਸਲੇ ਤੋਂ ਪਿੱਛੇ ਹਟ ਗਈ ਹੈ।
ਪ੍ਰੀਮੀਅਰ ਡਗ ਫ਼ੋਰਡ ਨੇ ਵੀਰਵਾਰ ਨੂੰ ਇਸ ਫ਼ੈਸਲੇ ਦਾ ਐਲਾਨ ਕੀਤਾ।
ਫ਼ੋਰਡ ਨੇ ਕਿਹਾ, ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੈਂ ਗ੍ਰੀਨਬੈਲਟ ਨੂੰ ਨਹੀਂ ਛੂਹਣਾ। ਪਰ ਮੈਂ ਉਹ ਵਾਅਦਾ ਤੋੜਿਆ। ਅਤੇ ਇਸ ਕਰਕੇ ਮੈਂ ਬਹੁਤ, ਬਹੁਤ ਮੁਆਫ਼ੀ ਚਾਹੁੰਦਾ ਹਾਂ
।
ਫ਼ੋਰਡ ਨੇ ਕਿਹਾ, ਗ੍ਰੀਨਬੈਲਟ ਨੂੰ ਖੋਲ੍ਹਣਾ ਇੱਕ ਗਲਤੀ ਸੀ। ਇੱਕ ਅਜਿਹੀ ਪ੍ਰਕਿਰਿਆ ਸਥਾਪਤ ਕਰਨਾ ਇੱਕ ਗ਼ਲਤੀ ਸੀ ਜੋ ਬਹੁਤ ਤੇਜ਼ੀ ਨਾਲ ਚੱਲੀ ਸੀ। ਇਸ ਪ੍ਰਕਿਰਿਆ ਨੇ ਕੁਝ ਲੋਕਾਂ ਲਈ ਦੂਜਿਆਂ ਨਾਲੋਂ ਵੱਧ ਫ਼ਾਇਦਾ ਬਟੋਰਨ ਲਈ ਥਾਂ ਪੈਦਾ ਕੀਤੀ ਹੈ। ਇਸ ਕਾਰਨ ਲੋਕ ਸਾਡੇ ਇਰਾਦਿਆਂ 'ਤੇ ਸਵਾਲ ਉਠਾਉਂਦੇ ਹਨ। ਤੁਹਾਡੇ ਭਰੋਸੇ ਨੂੰ ਵਾਪਸ ਹਾਸਲ ਕਰਨ ਦੇ ਪਹਿਲੇ ਕਦਮ ਵਜੋਂ, ਮੈਂ ਸਾਡੇ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਉਲਟਾਵਾਂਗਾ ਅਤੇ ਭਵਿੱਖ ਵਿੱਚ ਗ੍ਰੀਨਬੈਲਟ ਵਿੱਚ ਕੋਈ ਬਦਲਾਅ ਨਹੀਂ ਕਰਾਂਗਾ
।
ਫ਼ੋਰਡ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੇ ਕੌਕਸ ਅਤੇ ਕੈਬਨਿਟ ਨਾਲ ਦੋ ਦਿਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਆਇਆ ਹੈ, ਜਿੱਥੇ ਮੰਤਰੀਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਆਪਣੇ ਹਲਕੇ ਤੋਂ ਕੀ ਕੁਝ ਸੁਣ ਰਹੇ ਹਨ।
ਪ੍ਰੀਮੀਅਰ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਓਨਟੇਰਿਓ ਦੇ ਲੋਕ ਇਹ ਜਾਣਨ ਕਿ ਮੈਂ ਉਨ੍ਹਾਂ ਦੀ ਗੱਲ ਸੁਣ ਰਿਹਾ ਹਾਂ
।
ਪਿਛਲੇ ਸਾਲ, ਸੂਬਾ ਸਰਕਾਰ ਨੇ ਰਿਹਾਇਸ਼ੀ ਸੰਕਟ ਦਾ ਹਵਾਲਾ ਦਿੰਦੇ ਹੋਏ, 50,000 ਘਰ ਬਣਾਉਣ ਲਈ ਗ੍ਰੀਨਬੈਲਟ ਵਿਚੋਂ 7,400 ਏਕੜ ਜ਼ਮੀਨ ਲਈ ਸੀ।
ਪਰ ਆਡੀਟਰ ਜਨਰਲ ਅਤੇ ਇੰਟੈਗ੍ਰਿਟੀ ਕਮਿਸ਼ਨਰ ਦੀਆਂ ਹਾਲੀਆ ਰਿਪੋਰਟਾਂ ਵਿੱਚ ਪਾਇਆ ਗਿਆ ਸੀ ਕਿ ਜ਼ਮੀਨਾਂ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਜਲਦਬਾਜ਼ੀ ਕੀਤੀ ਗਈ ਸੀ ਅਤੇ ਇਸ ਦੌਰਾਨ ਕੁਝ ਡਿਵੈਲਪਰਾਂ ਦਾ ਪੱਖ ਪੂਰਿਆ ਗਿਆ ਸੀ।
ਗ੍ਰੀਨਬੈਲਟ ਡੀਲ ਨੂੰ ਉਲਟਾਉਣ ਬਾਰੇ ਐਲਾਨ, ਮਿਸੀਸਾਗਾ ਈਸਟ-ਕੁਕਸਵਿਲ ਦੇ ਐਮਪੀਪੀ ਕਲੀਦ ਰਸ਼ੀਦ ਦੇ ਗ੍ਰੀਨਬੈਲਟ ਡੀਲ ਨਾਲ ਸਬੰਧਾਂ ਕਾਰਨ ਪਬਲਿਕ ਅਤੇ ਬਿਜ਼ਨਸ ਸਰਵਿਸ ਡਿਲੀਵਰੀ ਮਿਨਿਸਟਰ ਅਤੇ ਪੀਸੀ ਪਾਰਟੀ ਦੇ ਮੈਂਬਰ ਵਜੋਂ ਅਸਤੀਫ਼ੇ ਦੇ ਇੱਕ ਦਿਨ ਬਾਅਦ ਆਇਆ ਹੈ।
ਕੁਝ ਹਫ਼ਤਿਆਂ ਪਹਿਲਾਂ ਸਾਬਕਾ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਇੰਟੈਗ੍ਰਿਟੀ ਕਮਿਸ਼ਨਰ ਨੇ ਪਾਇਆ ਸੀ ਕਿ ਕਲਾਰਕ ਦਾ ਚੀਫ਼ ਔਫ਼ ਸਟਾਫ ਰਾਇਨ ਅਮਾਟੋ ਗ੍ਰੀਨਬੈਲਟ ਡੀਲ ਵਿਚ ਇੱਕ ਅਹਿਮ ਧੁਰਾ ਸੀ ਜਿਸ ਨੇ ਜ਼ਮੀਨਾਂ ਨੂੰ ਹਾਊਸਿੰਗ ਨਿਰਮਾਣ ਲਈ ਚੁਣਨ ਦੀ ਪ੍ਰਕਿਰਿਆ ਦੌਰਾਨ ਕੁਝ ਡਿਵੈਲਪਰਾਂ ਨੂੰ ਲਾਭ ਪਹੁੰਚਾਇਆ ਸੀ ਅਤੇ ਮਿਨਿਸਟਰ ਕਲਾਰਕ ਆਪਣੇ ਸਟਾਫ ਦੀ ਨਿਗਰਾਨੀ ਕਰਨ ਵਿੱਚ ਅਸਫ਼ਲ ਰਹੇ ਸਨ।
ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੂੰ ਗ੍ਰੀਨਬੈਲਟ ਡੀਲ ਉਲਟਾਉਣ ਦੇ ਫੈਸਲੇ ‘ਤੇ ਡਿਵੈਲਪਰਾਂ ਵੱਲੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਬਾਰੇ ਕੋਈ ਚਿੰਤਾ ਹੈ, ਤਾਂ ਫ਼ੋਰਡ ਨੇ ਕਿਹਾ ਕਿ ਉਹ ਭਵਿੱਖਬਾਣੀ ਨਹੀਂ ਕਰ ਸਕਦੇ, ਪਰ ਉਨ੍ਹਾਂ ਦਾ ਟੀਚਾ ਬਿਲਡਰਾਂ ਨਾਲ ਕੰਮ ਕਰਨਾ ਹੈ।
ਫ਼ੋਰਡ ਨੇ ਕਿਹਾ ਕਿ ਸੂਬੇ ਦਾ ਇਰਾਦਾ ਓਨਟੇਰਿਓ ਦੇ ਰਿਹਾਇਸ਼ੀ ਸੰਕਟ ਦੇ ਮੱਦੇਨਜ਼ਰ ਘਰ ਬਣਾਉਣ ਦਾ ਸੀ - ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਖੇਤਰਾਂ ਵਿੱਚ ਨਿਰਮਾਣ ਕਰਨਾ ਜਾਰੀ ਰੱਖੇਗੀ ਜੋ ਵਿਕਾਸ ਲਈ ਖੁੱਲ੍ਹੇ ਹਨ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ