1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਰਾਜਨੀਤੀ

ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ

ਭਾਰਤ ਵਿਚ ਕੈਨੇਡੀਅਨ ਹਾਈ ਕਮੀਸ਼ਨ ਵੀ ਘਟਾ ਰਿਹੈ ਸਟਾਫ਼

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ। ਟ੍ਰੂਡੋ ਵੱਲੋਂ ਇੱਕ ਸਿੱਖ ਆਗੂ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਤਸਵੀਰ:  (CBC)

RCI

ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਵਧਦਾ ਨਜ਼ਰ ਆ ਰਿਹਾ ਹੈ ਅਤੇ ਤਾਜ਼ਾ ਘਟਨਾਕ੍ਰਮ ਵਿਚ ਕੈਨੇਡਾ ਵਿਚ ਭਾਰਤ ਦੇ ਵੀਜ਼ਾ ਪ੍ਰੋਸੈਸਿੰਗ ਸੈਂਟਰ ਨੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਬੀਐਲਐਸ (BLS) ਇੰਡੀਅਨ ਵੀਜ਼ਾ ਐਪਲੀਕੈਸ਼ਨ ਸੈਂਟਰ ਨੇ ਇੱਕ ਬਿਆਨ ਵਿਚ ਕਿਹਾ, ਭਾਰਤੀ ਮਿਸ਼ਨ ਵੱਲੋਂ ਜ਼ਰੂਰੀ ਨੋਟਿਸ: ਸੰਚਾਲਨ ਕਾਰਨਾਂ ਕਰਕੇ, 21 ਸਤੰਬਰ ਤੋਂ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਨੂੰ ਦਰਪੇਸ਼ ਅਣਪਛਾਤੇ ਸੁਰੱਖਿਆ ਖਤਰਿਆਂ ਦਾ ਹਵਾਲਾ ਦਿੱਤਾ

ਬਾਗਚੀ ਨੇ ਕਿਹਾ ਕਿ ਸੁਰੱਖਿਆ ਖ਼ਤਰਿਆਂ ਨਾਲ ਉਨ੍ਹਾਂ ਦੇ ਆਮ ਕੰਮਕਾਜ ਵਿੱਚ ਵਿਘਨ ਪਿਆ ਹੈ ਜਿਸ ਕਰਕੇ ਹਾਈ ਕਮਿਸ਼ਨ ਅਤੇ ਕੌਂਸਲੇਟ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਵਿੱਚ ਅਸਥਾਈ ਤੌਰ 'ਤੇ ਅਸਮਰੱਥ ਹਨ।

BLS ਉਹ ਏਜੰਸੀ ਹੈ ਜੋ ਭਾਰਤ ਲਈ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਦੀ ਹੈ, ਜਿਸ ਵਿੱਚ ਐਂਟਰੀ, ਟੂਰਿਸਟ, ਸਟੂਡੈਂਟ ਅਤੇ ਰੁਜ਼ਗਾਰ ਵੀਜ਼ਾ ਸ਼ਾਮਲ ਹਨ। ਬੀਐਲਐਸ ਸੈਂਟਰ ਟੋਰੌਂਟੋ, ਔਟਾਵਾ, ਵਿਨੀਪੈਗ ਅਤੇ ਵੈਨਕੂਵਰ ਵਿੱਚ ਸਥਿਤ ਹਨ।

ਦੂਸਰੇ ਪਾਸੇ ਕੈਨੇਡੀਅਨ ਹਾਈ ਕਮੀਸ਼ਨ ਦਾ ਕਹਿਣਾ ਹੈ ਕਿ ਉਹ ਭਾਰਤ ਵਿਚ ਸਥਿਤ ਆਪਣੇ ਕਮੀਸ਼ਨ ਅਤੇ ਕੌਂਸਲੇਟਾਂ ਵਿਚ ਆਰਜ਼ੀ ਤੌਰ ‘ਤੇ ਸਟਾਫ਼ ਦੀ ਗਿਣਤੀ ਵੀ ਘਟਾ ਰਹੇ ਹਨ, ਕਿਉਂਕਿ ਕੁਝ ਡਿਲਪੋਮੈਟਾਂ ਨੂੰ ਸੋਸ਼ਲ ਮੀਡੀਆ ‘ਤੇ ਧਮਕੀਆਂ ਮਿਲੀਆਂ ਹਨ।

ਕਮੀਸ਼ਨ ਨੇ ਇੱਕ ਬਿਆਨ ਵਿਚ ਕਿਹਾ, ਗਲੋਬਲ ਅਫੇਅਰਜ਼ ਕੈਨੇਡਾ ਸਾਡੇ ਸਾਰੇ ਸਟਾਫ਼, ਜਿਸ ਵਿੱਚ ਸਥਾਨਕ ਤੌਰ 'ਤੇ ਲੱਗੇ ਸਟਾਫ਼ ਵੀ ਸ਼ਾਮਲ ਹਨ,ਦੀ ਸਿਹਤ ਅਤੇ ਸੁਰੱਖਿਆ ਦੀ ਹਿਫ਼ਾਜ਼ਤ ਅਤੇ ਭਾਰਤ ਵਿੱਚ ਸਾਡੇ ਕੰਮਕਾਜ ਦੀ ਸੁਰੱਖਿਆ ਲਈ ਸਾਰੇ ਢੁਕਵੇਂ ਉਪਾਅ ਕਰਨਾ ਜਾਰੀ ਰੱਖੇਗਾ

ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ ਨੂੰ ਗੁਰਦੁਆਰੇ ਦੇ ਪਾਰਕਿੰਟ ਲੌਟ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਟ੍ਰੂਡੋ ਦੇ ਬਿਆਨਾਂ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਆਪਸੀ ਰਿਸ਼ਤੇ ਤਣਾਅਪੂਰਨ ਹੋ ਗਏ ਹਨ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਲੱਗਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਦੀ ਮੰਗ ਕਰਨ ਵਾਲਾ ਇੱਕ ਪੋਸਟਰ। ਟ੍ਰੂਡੋ ਵੱਲੋਂ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਲੱਗਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਦੀ ਮੰਗ ਕਰਨ ਵਾਲਾ ਇੱਕ ਪੋਸਟਰ। ਟ੍ਰੂਡੋ ਵੱਲੋਂ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਤਸਵੀਰ: (Chris Helgren/Reuters)

ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਬੁਿਆਦ ਆਖਦਿਆਂ ਸਿਰੇ ਤੋਂ ਨਕਾਰਿਆ ਹੈ। ਵੀਰਵਾਰ ਨੂੰ ਭਾਰਤ ਨੇ ਕਿਹਾ ਕਿ ਇਹ ਇਲਜ਼ਾਮ ਨਿੱਝਰ ਅਤੇ ਉਸਦੇ ਵਰਗੇ ਹੋਰ ਵਾਂਟੇਡ ਸ਼ੱਕੀਆਂ ਦੀ ਕੈਨੇਡਾ ਵਿਚ ਮੌਜੂਦਗੀ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।

ਬਾਗਚੀ ਨੇ ਕਿਹਾ, ਜੇਕਰ ਅਸੀਂ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਹਾਂ, ਜੇਕਰ ਕੋਈ ਅਜਿਹਾ ਦੇਸ਼ ਹੈ ਜਿਸ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਹ ਕੈਨੇਡਾ ਹੈ ਅਤੇ ਅੱਤਵਾਦੀਆਂ, ਕੱਟੜਪੰਥੀਆਂ ਅਤੇ ਸੰਗਠਿਤ ਅਪਰਾਧ ਲਈ ਸੁਰੱਖਿਅਤ ਪਨਾਹਗਾਹ ਵਜੋਂ ਇਸਦੀ ਵਧ ਰਹੀ ਪ੍ਰਸਿਧੀ ਹੈ

ਬਾਗਚੀ ਨੇ ਕਿਹਾ ਕਿ 20 ਤੋਂ 25 ਵਿਅਕਤੀ ਅਜਿਹੇ ਸਨ ਜਿਨ੍ਹਾਂ ਨੂੰ ਭਾਰਤ ਅਪਰਾਧੀ ਸਮਝਦਾ ਹੈ ਅਤੇ ਜਿਨ੍ਹਾਂ ਦੀ ਹਵਾਲਗੀ ਲਈ ਕੈਨੇਡਾ ਨੂੰ ਬੇਨਤੀ ਕੀਤੀ ਗਈ ਸੀ, ਪਰ ਕੈਨੇਡਾ ਦੁਆਰਾ ਉਨ੍ਹਾਂ 'ਤੇ ਕਾਰਵਾਈ ਨਹੀਂ ਕੀਤੀ ਗਈ।

ਇਹਨਾਂ ਬੇਨਤੀਆਂ ਦੀ ਸਮਾਂ ਸੀਮਾ ਸਪੱਸ਼ਟ ਨਹੀਂ ਹੈ।

ਬਾਗਚੀ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਨੇ ਆਪਣੇ ਦਾਅਵੇ ਨੂੰ ਪੁਖ਼ਤਾ ਕਰਨ ਲਈ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ।

ਨਿੱਝਰ ਖ਼ਾਲਿਸਤਾਨ ਦਾ ਸਮਰਥਕ ਸੀ ਅਤੇ ਉਹ ਭਾਰਤ ਤੋਂ ਅਜ਼ਾਦੀ ਬਾਰੇ ਸਿੱਖ ਡਾਇਸਪੋਰਾ ਵਿੱਚ ਇੱਕ ਗ਼ੈਰ-ਅਧਿਕਾਰਤ ਰਾਏਸ਼ੁਮਾਰੀ ਦਾ ਆਯੋਜਨ ਕਰਨ ਲਈ ਕੰਮ ਕਰ ਰਿਹਾ ਸੀ। ਉਸ ਨੇ ਭਾਰਤ ਦੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਕਿ ਉਹ ਅੱਤਵਾਦੀ ਸੀ।

ਪਰ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਕਾਫ਼ੀ ਉਲਝ ਗਏ ਹਨ।

ਸੋਮਵਾਰ ਨੂੰ ਹੀ ਕੈਨੇਡੀਅਨ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕੈਨੇਡਾ ਵਿਚ ਮੌਜੂਦ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਸਨ ਅਤੇ ਜਵਾਬੀ ਕਾਰਵਾਈ ਵਿਚ ਭਾਰਤ ਨੇ ਵੀ ਇੱਕ ਸੀਨੀਅਰ ਡਿਪਲੋਮੈਟ ਨੂੰ ਭਾਰਤ ਤੋਂ ਬਾਹਰ ਹੋਣ ਲਈ ਆਖਿਆ ਸੀ।

ਸੋਮਵਾਰ ਨੂੰ ਹੀ ਕੈਨੇਡਾ ਨੇ ਸੁਰੱਖਿਆ ਖ਼ਤਰਿਆਂ ਦਾ ਹਵਾਲਾ ਦਿੰਦਿਆਂ ਭਾਰਤ ਯਾਤਰਾ ਸਬੰਧੀ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ। ਇਸ ਦੇ ਜਵਾਬ ਵਿਚ ਭਾਰਤ ਨੇ ਵੀ, ਕੈਨੇਡਾ ਵਿੱਚ ਵਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ 'ਤੇ ਮਨਜ਼ੂਰ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ, ਉੱਥੇ ਦੇ ਸਾਰੇ ਭਾਰਤੀ ਨਾਗਰਿਕਾਂ ਅਤੇ ਯਾਤਰਾ ਬਾਰੇ ਵਿਚਾਰ ਕਰਨ ਵਾਲਿਆਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ।

ਦ ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ