1. ਮੁੱਖ ਪੰਨਾ
  2. ਸਮਾਜ
  3. ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ

ਲਿੰਗ ਵਿਚਾਰਧਾਰਾ ਅਤੇ ਐਲਜੀਬੀਟੀਕਿਊ ਪਾਠਕ੍ਰਮ ਦੇ ਵਿਰੋਧ ਅਤੇ ਸਮਰਥਨ ਵਿਚ ਕੈਨੇਡਾ ਭਰ ਵਿਚ ਰੈਲੀਆਂ

ਔਟਵਾ ਵਿਚ ਪਾਰਲੀਮੈਂਟ ਹਿੱਲ ਦੇ ਬਾਹਰ ਵੀ ਮੁਜ਼ਾਹਰੇ

20 ਸਤੰਬਰ 2023 ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਖੇ ਪਾਰਲੀਮੈਂਟ ਦੇ ਬਾਹਰ ਸਕੂਲਾਂ ਵਿਚ ਐਲਜੀਬੀਟੀਕਿਊ ਪਾਠਕ੍ਰਮ ਦੇ ਵਿਰੋਧੀਆਂ ਅਤੇ ਸਮਰਥਕਾਂ ਦੋਵਾਂ ਨੇ ਰੈਲੀਆਂ ਕੀਤੀਆਂ।

20 ਸਤੰਬਰ 2023 ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਖੇ ਪਾਰਲੀਮੈਂਟ ਦੇ ਬਾਹਰ ਸਕੂਲਾਂ ਵਿਚ ਐਲਜੀਬੀਟੀਕਿਊ ਪਾਠਕ੍ਰਮ ਦੇ ਵਿਰੋਧੀਆਂ ਅਤੇ ਸਮਰਥਕਾਂ ਦੋਵਾਂ ਨੇ ਰੈਲੀਆਂ ਕੀਤੀਆਂ।

ਤਸਵੀਰ:  (Sean Kilpatrick/Canadian Press.)

RCI

ਬੁੱਧਵਾਰ ਸਵੇਰੇ ਹਜ਼ਾਰਾਂ ਲੋਕਾਂ ਨੇ ਔਟਵਾ ਦੇ ਪਾਰਲੀਮੈਂਟ ਹਿੱਲ ਦੇ ਬਾਹਰ ਮੁਜ਼ਾਹਰੇ ਕੀਤੇ।

ਦਰਅਸਲ ਕੈਨੇਡਾ ਦੇ ਸਕੂਲਾਂ ਵਿਚ ਲਿੰਗ ਵਿਚਾਰਧਾਰਾ ਅਤੇ ਐਲਜੀਬੀਟੀਕਿਊ ਪਾਠਕ੍ਰਮ ਦੇ ਮੁੱਦੇ ਨੂੰ ਲੈਕੇ ਲੋਕਾਂ ਦੇ ਵੱਖੋ-ਵੱਖ ਨਜ਼ਰੀਏ ਹਨ, ਜਿਸ ਨੂੰ ਲੈਕੇ ਲੋਕ ਸੜਕਾਂ 'ਤੇ ਉਤਰ ਆਏ ਹਨ। ਇਸੇ ਤਰ੍ਹਾਂ ਦੇ ਮੁਜ਼ਾਹਰੇ ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵਿਚ ਵੀ ਦੇਖਣ ਨੂੰ ਮਿਲੇ। 

ਜਿੱਥੇ ਇੱਕ ਪਾਸੇ ਸਕੂਲਾਂ ਵਿਚ ਲਿੰਗ ਵਿਚਾਰਧਾਰਾ ਅਤੇ ਐਲਜੀਬੀਟੀਕਿਊ ਪਾਠਕ੍ਰਮ ਪੜ੍ਹਾਉਣ ਦੇ ਵਿਰੋਧੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਉੱਥੇ ਦੂਸਰੇ ਪਾਸੇ ਐਲਜੀਬੀਟੀਕਿਊ ਹਿਮਾਇਤੀਆਂ ਨੇ ਵੀ ਲਿੰਗ ਵਿਚਾਰਧਾਰਾ ਦੇ ਸਮਰਥਨ ਵਿਚ ਰੈਲੀ ਕੀਤੀ।

ਮਾਪੇ ਅਤੇ ਕੁਝ ਕੰਜ਼ਰਵੇਟਿਵ ਸਮੂਹ ‘ਮਾਪਿਆਂ ਦੇ ਅਧਿਕਾਰ’ ਦਾ ਹਵਾਲਾ ਦਿੰਦਿਆਂ ਐਲਜੀਬੀਟੀਕਿਊ ਦੀ ਸ਼ਮੂਲੀਅਤ ਵਾਲੀਆਂ ਸਿੱਖਿਆ ਨੀਤੀਆਂ ਦਾ ਵਿਰੋਧ ਕਰ ਰਹੇ ਹਨ।

ਵਿਰੋਧ ਕਰਨ ਵਾਲਿਆਂ ਦੀ ਰੈਲੀ ਵਿਚ ਸ਼ਾਮਲ ਹਾਲਾ ਡਬੂਸੀ ਕਹਿੰਦੀ ਹੈ ਕਿ ਉਹ ਸਮਲਿੰਗੀ ਲੋਕਾਂ ਦੇ ਖ਼ਿਲਾਫ਼ ਨਹੀਂ ਹੈ ਅਤੇ ਉਹ ਸ਼ਮੂਲੀਅਤ ਦਾ ਸਤਿਕਾਰ ਕਰਦੀ ਹੈ। ਪਰ ਉਹ ਪਾਠਕ੍ਰਮ ਦੇ ਜਿਨਸੀਕਰਨ (sexualization) ਦੇ ਖ਼ਿਲਾਫ਼ ਹੈ। ਹਾਲਾ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਵੇਂ ਸਿਖਾਉਣ ਨੂੰ ਤਰਜੀਹ ਦਿੰਦੀ ਹੈ ਜੋ ਉਸਦੇ ਮੁੱਲਾਂ ਅਤੇ ਕਦਰਾਂ ਕੀਮਤਾਂ ਨਾਲ ਮੇਲ ਖਾਂਦਾ ਹੋਵੇ।

ਪਰ ਆਲੋਚਕ ਕਹਿੰਦੇ ਹਨ ਕਿ ‘ਮਾਪਿਆਂ ਦੇ ਅਧਿਕਾਰ’ ਦਾ ਫ਼ਿਕਰਾ ਗ਼ਲਤ ਸੰਦਰਭ ਹੈ ਕਿਉਂਕਿ ਇਹ ਐਲਜੀਬੀਟੀਕਿਊ ਮਾਪਿਆਂ ਜਾਂ ਐਲਜੀਬੀਟੀਕਿਊ ਬੱਚਿਆਂ ਦੇ ਮਾਪਿਆਂ ਦੀਆਂ ਚਿੰਤਾਵਾਂ ਬਾਰੇ ਗੱਲ ਨਹੀਂ ਕਰਦਾ ਹੈ। ਵਿਰੋਧੀਆਂ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਐਲਜੀਬੀਟੀਕਿਊ ਬੱਚਿਆਂ ਲਈ ਨੁਕਸਾਨਦੇਹ ਹੈ।

ਦਰਅਸਲ ਇਹ ਬਹਿਸ ਉਦੋਂ ਸ਼ੁਰੂ ਹੋਈ ਸੀ ਜਦੋਂ ਜੂਨ ਵਿਚ ਨਿਊ ਬ੍ਰੰਜ਼ਵਿਕ ਦੀ ਸਰਕਾਰ ਨੇ 16 ਸਾਲ ਜਾਂ ਉਸਤੋਂ ਘੱਟ ਉਮਰ ਦੇ ਬੱਚਿਆਂ ਲਈ ਆਪਣੇ ਨਾਮ ਜਾਂ ਸਰਵਨਾਮ (ਪੜਨਾਂਵ) ਵਿਚ ਤਬਦੀਲੀ ਕਰਨ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਕਰ ਦਿੱਤੀ ਸੀ।

ਨਿਊਬ੍ਰੰਜ਼ਵਿਕ ਦੇ ਲਜਿਸਲੇਚਰ ਦੇ ਬਾਹਰ ਵੀ ਰੋਸ ਮੁਜ਼ਾਹਰੇ ਹੋਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰੀਮੀਅਰ ਬਲੇਨ ਹਿਗਜ਼ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦੀ ਸਿੱਖਿਆ ਨੀਤੀ ਵਿਚ ਵਿਵਾਦਿਤ ਤੱਤ ਕੀ ਹੈ।

ਹਿਗਜ਼ ਨੇ ਕਿਹਾ, "ਮੈਂ ਸੋਚਦਾ ਹਾਂ ਕਿ ਸਾਡੇ ਮਾਪਿਆਂ ਨੂੰ ਇਸ ਬਾਰੇ ਗਿਆਨਵਾਨ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੀ ਸਿਖਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਲਈ ਸਕੂਲਾਂ ਵਿੱਚ ਕੀ ਸਿੱਖਣਾ ਮਹੱਤਵਪੂਰਨ ਹੈ ਅਤੇ ਮਾਪਿਆਂ ਲਈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਫੈਸਲੇ ਲੈਣ ਲਈ ਕੀ ਮਹੱਤਵਪੂਰਨ ਹੈ"।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

The Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ