1. ਮੁੱਖ ਪੰਨਾ
  2. ਰਾਜਨੀਤੀ
  3. ਊਰਜਾ

ਕੈਲਗਰੀ ਵਿਚ 24ਵੀਂ ਵਿਸ਼ਵ ਪੈਟਰੋਲੀਅਮ ਕਾਂਗਰਸ ਸ਼ੁਰੂ

ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਦੀ ਗੱਲਬਾਤ ਤੇ ਰਹੇਗਾ ਫ਼ੋਕਸ

ਕੈਲਗਰੀ ਵਿਚ ਇੱਕ ਖੂਹ ਚੋਂ ਤੇਲ ਕੱਢਦੇ ਪੰਪਜੈਕ ਦੀ ਸਤੰਬਰ 2022 ਦੀ ਤਸਵੀਰ।

ਕੈਲਗਰੀ ਵਿਚ ਇੱਕ ਖੂਹ ਚੋਂ ਤੇਲ ਕੱਢਦੇ ਪੰਪਜੈਕ ਦੀ ਸਤੰਬਰ 2022 ਦੀ ਤਸਵੀਰ। ਵਿਸ਼ਵ ਪੈਟਰੋਲੀਅਮ ਕਾਂਗਰਸ ਦੀ 24ਵੀਂ ਬੈਠਕ 18 ਤੋਂ 21 ਸਤੰਬਰ ਤੱਕ ਕੈਲਗਰੀ ਵਿਚ ਆਯੋਜਿਤ ਕੀਤੀ ਗਈ ਹੈ।

ਤਸਵੀਰ:  (Jeff McIntosh/Canadian Press)

RCI

ਕੈਲਗਰੀ ਵਿਚ ਸੋਮਵਾਰ ਤੋਂ 24ਵੀਂ ਵਿਸ਼ਵ ਪੈਟਰੋਲੀਅਮ ਕਾਂਗਰਸ ਸ਼ੁਰੂ ਹੋ ਗਈ ਹੈ।

ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਦੇ ਗਲੋਬਲ ਦਬਾਅ ਦੇ ਦਰਮਿਆਨ, ਦੁਨੀਆ ਭਰ ਦੇ ਤੇਲ ਉਤਪਾਦਕ ਦੇਸ਼ਾਂ ਦੇ ਸੈਂਕੜੇ ਕਾਰਜਕਾਰੀ ਅਤੇ ਸਰਕਾਰੀ ਅਧਿਕਾਰੀ ਇਸ ਹਫ਼ਤੇ ਕੈਲਗਰੀ ਵਿੱਚ ਇਕੱਠੇ ਹੋਏ ਹਨ।

ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇਲ-ਅਤੇ-ਗੈਸ ਕਾਨਫਰੰਸਾਂ ਵਿੱਚੋਂ ਇੱਕ , ਵਿਸ਼ਵ ਪੈਟਰੋਲੀਅਮ ਕਾਂਗਰਸ ਦੀ 24ਵੀਂ ਬੈਠਕ 18 ਤੋਂ 21 ਸਤੰਬਰ ਤੱਕ ਕੈਲਗਰੀ ਵਿਚ ਆਯੋਜਿਤ ਕੀਤੀ ਗਈ ਹੈ। 

ਕੈਨੈਡਾ ਇਸ ਤੋਂ ਪਹਿਲਾਂ ਸਾਲ 2000 ਵਿਚ 16ਵੀਂ ਵਿਸ਼ਵ ਪੈਟਰੋਲੀਅਮ ਕਾਂਗਰਸ ਦੀ ਮੇਜ਼ਬਾਨੀ ਕਰ ਚੁੱਕਾ ਹੈ। ਉਹ ਬੈਠਕ ਵੀ ਕੈਲਗਰੀ ਵਿਚ ਹੀ ਆਯੋਜਿਤ ਹੋਈ ਸੀ। 

ਸੋਮਵਾਰ ਨੂੰ ਸ਼ੁਰੂ ਹੋਏ ਇਸ ਸਮਾਗਮ ਵਿਚ ਐਕਜ਼ੌਨ ਮੋਬੀਲ (Exxon Mobil) ਦੇ ਸੀਈਓ ਡੈਰਨ ਵੁਡਜ਼, ਰੈਪਸੋਲ ਦੇ ਸੀਈਓ ਜੋਸੂ ਜੌਨ ਇਮਾਜ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਮਕੋ ਦੇ ਸੀਈਓ, ਅਮੀਨ ਨਾਸੇਰ ਵੀ ਹਾਜ਼ਰ ਹੋਏ ਹਨ।

ਹਰ ਤਿੰਨ ਸਾਲ ਬਾਅਦ ਹੋਣ ਵਾਲੀ ਇਹ ਕਾਂਗਰਸ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਰੂਸ ਦੇ ਯੂਕਰੇਨ 'ਤੇ ਹਮਲੇ ਦੇ ਮੱਦੇਨਜ਼ਰ ਗਲੋਬਲ ਊਰਜਾ ਸੁਰੱਖਿਆ ਦਾ ਮੁੱਦਾ ਗਰਮਾਇਆ ਹੋਇਆ ਹੈ।

ਇਸ ਤੋਂ ਇਲਾਵਾ ਸਾਊਦੀ ਅਰਬ ਅਤੇ ਰੂਸ ਹਾਲ ਹੀ ਵਿੱਚ, ਇਸ ਸਾਲ ਦੇ ਅੰਤ ਤੱਕ, ਆਪਣੇ ਤੇਲ ਉਤਪਾਦਨ ਵਿਚ ਹੋਰ ਕਟੌਤੀ ਕਰਨ ਲਈ ਸਹਿਮਤ ਹੋਏ ਹਨ, ਜਿਸ ਨਾਲ ਵਸਤੂਆਂ ਦੀਆਂ ਕੀਮਤਾਂ ਉੱਚੀਆਂ ਹੋਈਆਂ ਹਨ। ਪਿਛਲੇ ਹਫ਼ਤੇ, ਕੱਚੇ ਤੇਲ ਦੀ ਕੀਮਤ (ਵੈਸਟ ਟੈਕਸਸ ਇੰਟਰਮੀਡੀਏਟ) ਪਿਛਲੇ ਸਾਲ ਦੇ ਅਖੀਰ ਤੋਂ ਬਾਅਦ ਪਹਿਲੀ ਵਾਰ 90 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਵਧ ਦਰਜ ਹੋਈ ਹੈ।

ਇਹ ਮੀਟਿੰਗ ਅਜਿਹੇ ਸਮੇਂ ਵਿਚ ਵੀ ਹੋ ਰਹੀ ਹੈ ਜਦੋਂ ਇਸ ਗਰਮੀਆਂ ਦੌਰਾਨ ਰਿਕਾਰਡ ਤਪਿਸ਼ ਪਈ ਹੈ ਅਤੇ ਕਲਾਈਮੇਟ ਚੇਂਜ ਕਰਕੇ ਦੁਨੀਆ ਭਰ ਵਿਚ ਜੰਗਲੀ ਅੱਗਾਂ ਨਜ਼ਰੀਂ ਪਈਆਂ ਹਨ।

ਇਸ ਵਿਸ਼ਵ ਕਾਂਗਰਸ ਵਿਚ ਕਈ ਉਹ ਕੰਪਨੀਆਂ ਵੀ ਹਾਜ਼ਰੀ ਭਰ ਰਹੀਆਂ ਹਨ ਜਿਨ੍ਹਾਂ ਦੀ ਵਾਤਾਵਰਣਵਾਦੀਆਂ ਦੁਆਰਾ ਧਰਤੀ ਨਾਲੋਂ ਮੁਨਾਫ਼ੇ ਨੂੰ ਤਰਜੀਹ ਦੇਣ ਕਰਕੇ ਆਲੋਚਨਾ ਹੁੰਦੀ ਰਹੀ ਹੈ।

ਊਰਜਾ ਪਰਿਵਰਤਨ ਅਤੇ ਤੇਲ-ਅਤੇ-ਗੈਸ ਸੈਕਟਰ ਲਈ ਆਉਣ ਵਾਲੇ ਦਹਾਕਿਆਂ ਵਿੱਚ ਨੈੱਟ-ਜ਼ੀਰੋ ਗ੍ਰੀਨਹਾਊਸ ਗੈਸ ਨਿਕਾਸੀ ਨੂੰ ਪ੍ਰਾਪਤ ਕਰਨਾ, ਇਸ ਸਾਲ ਦੇ ਸਮਾਗਮ ਦਾ ਵਿਸ਼ਾ ਹੈ।

ਵਿਸ਼ਵ ਪੈਟਰੋਲੀਅਮ ਕਾਂਗਰਸ ਦੀ ਅਗਵਾਈ ਡਬਲਿਊਪੀਸੀ ਐਨਰਜੀ ਦੁਆਰਾ ਕੀਤੀ ਜਾਂਦੀ ਹੈ, ਜੋ ਕਿ ਦੁਨੀਆ ਭਰ ਦੇ ਲਗਭਗ 65 ਮੈਂਬਰ ਦੇਸ਼ਾਂ ਦੀ ਇੱਕ ਸੰਸਥਾ ਹੈ, ਜਿਸ ਵਿੱਚ OPEC (ਤੇਲ ਬਰਮਾਦੀ ਦੇਸ਼ਾਂ ਦੀ ਜੱਥੇਬੰਦੀ) ਅਤੇ ਗ਼ੈਰ-OPEC ਦੋਵੇਂ ਦੇਸ਼ ਸ਼ਾਮਲ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ