1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਕੈਦੀਆਂ ਦੀ ਅਦਲਾ-ਬਦਲੀ ਲਈ ਇਰਾਨ ਅਤੇ ਅਮਰੀਕਾ ਦਰਮਿਆਨ $6 ਬਿਲੀਅਨ ਦਾ ਸਮਝੌਤਾ

ਅਮਰੀਕਾ ਵੱਲੋਂ ਤਲਬ ਕੀਤੇ 5 ਕੈਦੀ ਇਰਾਨ ਤੋਂ ਰਵਾਨਾ ਹੋਏ

ਇਰਾਨ ਵਿੱਚ ਕੈਦ ਪੰਜ ਅਮਰੀਕੀ ਨਾਗਰਿਕਾਂ ਨੂੰ ਲਿਜਾ ਰਿਹਾ ਜੈੱਟ ਸੋਮਵਾਰ ਨੂੰ ਕਤਰ ਵਿੱਚ ਦੋਹਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਇਸ ਅਦਲਾ-ਬਦਲੀ ਲਈ ਅਮਰੀਕਾ ਇਰਾਨ ਦੇ ਦੱਖਣੀ ਕੋਰੀਆ ਵਿਚ ਜ਼ਬਤ 6 ਬਿਲੀਅਨ ਡਾਲਰ ਜਾਰੀ ਕਰਵਾਏਗਾ।

ਇਰਾਨ ਵਿੱਚ ਕੈਦ ਪੰਜ ਅਮਰੀਕੀ ਨਾਗਰਿਕਾਂ ਨੂੰ ਲਿਜਾ ਰਿਹਾ ਜੈੱਟ ਸੋਮਵਾਰ ਨੂੰ ਕਤਰ ਵਿੱਚ ਦੋਹਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਇਸ ਅਦਲਾ-ਬਦਲੀ ਲਈ ਅਮਰੀਕਾ ਇਰਾਨ ਦੇ ਦੱਖਣੀ ਕੋਰੀਆ ਵਿਚ ਜ਼ਬਤ 6 ਬਿਲੀਅਨ ਡਾਲਰ ਜਾਰੀ ਕਰਵਾਏਗਾ।

ਤਸਵੀਰ: (Karim Jaafar/AFP/Getty Images)

RCI

ਕੈਦੀਆਂ ਦੀ ਅਦਲਾ-ਬਦਲੀ ਲਈ ਕੀਤੇ ਸੌਦੇ ਦੇ ਹਿੱਸੇ ਵੱਜੋਂ ਸੋਮਵਾਰ ਨੂੰ ਪੰਜ ਅਮਰੀਕੀ ਨਾਗਰਿਕ ਇਰਾਨ ਦੀ ਕੈਦ ਚੋਂ ਅਮਰੀਕਾ ਜਾਣ ਲਈ ਰਵਾਨਾ ਹੋ ਗਏ ਹਨ।

ਇਨ੍ਹਾਂ ਕੈਦੀਆਂ ਦੀ ਰਿਹਾਈ ਦੇ ਬਦਲੇ ਅਮਰੀਕਾ ਦੱਖਣੀ ਕੋਰੀਆ ਵਿਚ ਜ਼ਬਤ ਇਰਾਨ ਦੇ ਕਰੀਬ 6 ਬਿਲੀਅਨ ਡਾਲਰ ਛੁਡਵਾਏਗਾ।

ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਰਾਜਧਾਨੀ ਤਹਿਰਾਨ ਦੇ ਮਿਹਰਾਬਾਦ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਕਤਰ ਏਅਰਵੇਜ਼ ਦੀ ਉਡਾਣ ਵਿਚ ਅਮਰੀਕੀ ਨਾਗਰਿਕ ਰਵਾਨਾ ਹੋਏ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਖ਼ਬਰ ਦਾ ਸਵਾਗਤ ਕਰਦਿਆਂ ਇੱਕ ਬਿਆਨ ਵਿਚ ਕਿਹਾ, ਇਰਾਨ ਵਿੱਚ ਕੈਦ ਪੰਜ ਬੇਕਸੂਰ ਅਮਰੀਕੀ ਆਖ਼ਰਕਾਰ ਘਰ ਆ ਰਹੇ ਹਨ

ਬਾਈਡਨ ਨੇ ਅਮਰੀਕੀਆਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ, ਅਤੇ ਉਹਨਾਂ ਨੇ ਇੱਕ ਸਾਲ ਪਹਿਲਾਂ ਲਾਪਤਾ ਹੋਏ ਅਮਰੀਕੀ ਨਾਗਰਿਕ ਬੌਬ ਲੇਵਿਨਸਨ ਬਾਰੇ ਵੀ ਹੋਰ ਜਾਣਕਾਰੀ ਦੀ ਮੰਗ ਕੀਤੀ।

ਬਾਈਡਨ ਨੇ ਇਰਾਨ ਦੇ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਅਤੇ ਈਰਾਨ ਦੇ ਖ਼ੂਫ਼ੀਆ ਮੰਤਰਾਲੇ 'ਤੇ ਪਾਬੰਦੀਆਂ ਦਾ ਐਲਾਨ ਵੀ ਕੀਤਾ।

ਬਾਈਡਨ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਤਹਿਰਾਨ ਤੋਂ ਕੈਦੀਆਂ ਦੇ ਰਵਾਨਾ ਹੋ ਚੁੱਕਣ ਦੀ ਪੁਸ਼ਟੀ ਕੀਤੀ ਹੈ। ਅਦਲਾ-ਬਦਲੀ ਦੇ ਜਾਰੀ ਹੋਣ ਕਰਕੇ, ਉਨ੍ਹਾਂ ਨੇ ਨਾਮ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਜਾਣਕਾਰੀ ਦਿੱਤੀ। 5 ਕੈਦੀਆਂ ਤੋਂ ਇਲਾਵਾ, 2 ਹੋਰ ਅਮਰੀਕੀ ਪਰਿਵਾਰਕ ਮੈਂਬਰਾਂ ਨੇ ਵੀ ਤਹਿਰਾਨ ਤੋਂ ਉਡਾਣ ਭਰੀ ਹੈ।

ਇਰਾਨੀ ਰਾਸ਼ਟਰਪਤੀ ਇਬਰਾਹਿਮ ਰਈਸੀ

ਇਰਾਨੀ ਰਾਸ਼ਟਰਪਤੀ ਇਬਰਾਹਿਮ ਰਈਸੀ 21 ਸਤੰਬਰ, 2022 ਨੂੰ ਨਿਊ ਯੌਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਬੋਲਦੇ ਹੋਏ। ਰਈਸੀ ਇਸ ਹਫ਼ਤੇ ਵੀ ਯੂਐਨ ਅਸੈਂਬਲੀ ਵਿਚ ਬੋਲਣ ਲਈ ਅਮਰੀਕਾ ਪਹੁੰਚਣਗੇ।

ਤਸਵੀਰ:  (Anna Moneymaker/Getty Images)

ਇਰਾਨ ਅਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ ਦਾ ਇਹ ਸੌਦਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋ ਇਸ ਹਫ਼ਤੇ ਇਰਾਨ ਦੇ ਰਾਸ਼ਟਰਪਤੀ ਅਮਰੀਕਾ ਵਿਚ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਨੂੰ ਸੰਬੋਧਨ ਕਰਨਗੇ।

ਕਰੀਬ 6 ਬਿਲੀਅਨ ਡਾਲਰ ਦੀ ਉਕਤ ਰਾਸ਼ੀ ਲਈ ਦੱਖਣੀ ਕੋਰੀਆ ਇਰਾਨ ਨੂੰ ਦੇਣਦਾਰ ਹੈ, ਕਿਉਂਕੀ ਉਸਨੇ ਇਰਾਨ ਤੋਂ ਤੇਲ ਖ਼ਰੀਦਿਆ ਸੀ। ਪਰ 2019 ਵਿਚ ਡੌਨਲਡ ਟ੍ਰੰਪ ਵੱਲੋਂ ਇਰਾਨ ‘ਤੇ ਐਲਾਨੀਆਂ ਪਾਬੰਦੀਆਂ ਤੋਂ ਬਾਅਦ, ਦੱਖਣੀ ਕੋਰੀਆ ਨੇ ਇਰਾਨ ਨੂੰ ਭੁਗਤਾਨ ਨਹੀਂ ਕੀਤਾ।

ਇਰਾਨ ਦੇ ਕੇਂਦਰੀ ਬੈਂਕ ਦੇ ਮੁਖੀ, ਮੁਹੰਮਦ ਰਜ਼ਾ ਫ਼ਰਜ਼ੀਨ ਨੇ ਸਰਕਾਰੀ ਮੀਡੀਆ ‘ਤੇ ਦੱਸਿਆ ਕਿ ਕਰੀਬ 6 ਬਿਲੀਅਨ ਡਾਲਰ ਦੀ ਇਹ ਰਕਮ ਕਤਰ ਦੇ ਖਾਤਿਆਂ ਵਿਚ ਜਮਾਂ ਕਰਵਾਈ ਜਾਵੇਗੀ।

ਅਮਰੀਕਾ ਦਾ ਕਹਿਣਾ ਹੈ ਕਿ, ਇੱਕ ਵਾਰ ਕਤਰ ਪਹੁੰਚਣ ‘ਤੇ ਇਹ ਪੈਸਾ ਸੀਮਤ ਖਾਤਿਆਂ ਵਿੱਚ ਰੱਖਿਆ ਜਾਵੇਗਾ ਅਤੇ ਸਿਰਫ ਮਨੁੱਖਤਾਵਾਦੀ ਵਸਤੂਆਂ, ਜਿਵੇਂ ਕਿ ਦਵਾਈ ਅਤੇ ਭੋਜਨ ਲਈ ਵਰਤਿਆ ਜਾ ਸਕੇਗਾ। ਇਨ੍ਹਾਂ ਟ੍ਰਾਂਜੈਕਸ਼ਨਾਂ ਨੂੰ ਇਰਾਨ ਨੂੰ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਮਰੀਕੀ ਪਾਬੰਦੀਆਂ ਦੇ ਤਹਿਤ ਆਗਿਆ ਦਿੱਤੀ ਗਈ ਹੈ।

ਅਮਰੀਕਾ ਵੱਲੋਂ ਵੀ, 2015 ਵਿਚ ਜਾਸੂਸੀ ਦੇ ਦੋਸ਼ਾਂ ਤਹਿਤ 10 ਸਾਲ ਦੀ ਕੈਦ ਕੱਟ ਰਹੇ ਸਿਆਮਕ ਨਮਾਜ਼ੀ, 10 ਸਾਲ ਦੀ ਸਜ਼ਾ ਕੱਟ ਰਹੇ ਕਾਰੋਬਾਰੀ ਇਮਾਦ ਸ਼ਾਰਗੀ ਅਤੇ 2018 ਵਿਚ ਗ੍ਰਿਫ਼ਤਾਰ ਤੇ 10 ਸਾਲ ਦੀ ਸਜ਼ਾ ਕੱਟ ਰਹੇ ਇਰਾਨੀ ਮੂਲ ਦੇ ਬ੍ਰਿਟਿਸ਼-ਅਮਰੀਕੀ ਜੀਵ ਮਾਹਰ, ਮੋਰਾਦ ਤਹਿਬਾਜ਼ ਨੂੰ ਰਿਹਾਅ ਕੀਤਾ ਜਾਣਾ ਹੈ। ਅਮਰੀਕਾ ਨੇ ਬਾਕੀ ਦੋ ਕੈਦੀਆਂ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਰਾਨ ਦਾ ਕਹਿਣਾ ਹੈ ਕਿ ਜਿਹੜੇ ਪੰਜ ਇਰਾਨੀ ਕੈਦੀਆਂ ਦੀ ਅਮਰੀਕਾ ਤੋਂ ਰਿਹਾਈ ਤਲਬ ਕੀਤੀ ਗਈ ਹੈ ਉਨ੍ਹਾਂ ਚੋਂ ਜ਼ਿਆਦਾਤਰ ਨੂੰ ਕਥਿਤ ਤੌਰ ‘ਤੇ ਇਰਾਨ ਨੂੰ ਸਮੱਗਰੀ ਭੇਜਣ ਦੇ ਦੋਸ਼ ਵਿਚ ਕੈਦ ਕੀਤਾ ਗਿਆ ਹੈ।

ਬਾਈਡਨ ਪ੍ਰਸ਼ਾਸਨ ਵਿਚ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਬੁਲਾਰੇ, ਜੌਨ ਕਿਰਬੀ ਨੇ ਸੀਐਨਐਨ ਨੂੰ ਦੱਸਿਆ ਕਿ ਪੰਜ ਵਿਚੋਂ ਸਿਰਫ਼ ਦੋ ਜਣੇ ਇਰਾਨ ਵਾਪਸ ਜਾਣਗੇ। ਇੱਕ ਜਣੇ ਨੂੰ ਕਿਸੇ ਅਣਪਛਾਤੇ ਤੀਸਰੇ ਦੇਸ਼ ਵਿਚ ਭੇਜਿਆ ਜਾਵੇਗਾ ਜਿੱਥੋਂ ਦੀ ਉਸ ਵਿਅਕਤੀ ਕੋਲ ਨਾਗਰਿਕਤਾ ਹੈ। ਬਾਕੀ ਦੋ ਰਿਹਾਅ ਹੋਣਗੇ ਅਤੇ ਅਮਰੀਕਾ ਵਿਚ ਹੀ ਰਹਿਣਗੇ। ਕਿਰਬੀ ਨੇ ਹੋਰ ਵੇਰਵੇ ਨਹੀਂ ਦਿੱਤੇ।

ਇਰਾਨੀ ਸੁਰੱਖਿਆ ਨਾਲ ਜੁੜੀ ਮੰਨੀ ਜਾਂਦੀ ਇੱਕ ਵੈੱਬਸਾਈਟ ਨੂਰ ਨਿਊਜ਼ ਅਨੁਸਾਰ, ਦੋ ਇਰਾਨੀ ਕੈਦੀ ਅਦਲਾ-ਬਦਲੀ ਲਈ ਦੋਹਾ ਪਹੁੰਚੇ ਹਨ।

ਤਹਿਰਾਨ ਵਿਚ ਸਥਿਤ ਸਾਬਕਾ ਅਮਰੀਕੀ ਦੂਤਾਵਾਸ ਦੀ ਤਸਵੀਰ

ਤਹਿਰਾਨ ਵਿਚ ਸਥਿਤ ਸਾਬਕਾ ਅਮਰੀਕੀ ਦੂਤਾਵਾਸ ਦੀ ਤਸਵੀਰ। ਦੋਵੇਂ ਦੇਸ਼ਾਂ ਵਿਚ ਕਈ ਮੁੱਦਿਆਂ ਨੂੰ ਲੈਕੇ ਤਣਾਅ ਹੈ ਅਤੇ ਇਹ ਦੂਸਤਾਵਾਸ ਹੁਣ ਅਮਰੀਕਾ ਵਿਰੋਧੀ ਮਿਊਜ਼ੀਅਮ ਬਣ ਗਿਆ ਹੈ।

ਤਸਵੀਰ: (Vahid Salemi/The Associated Press)

ਇਸ ਸੌਦੇ ਲਈ ਰਿਪਲਬਲੀਕਨਜ਼ ਅਤੇ ਹੋਰ ਧਿਰਾਂ ਜੋਅ ਬਾਈਡਨ ਦੀ ਇਹ ਕਹਿੰਦਿਆਂ ਆਲੋਚਨਾ ਵੀ ਕਰ ਰਹੀਆਂ ਹਨ ਕਿ ਬਾਈਡਨ ਪ੍ਰਸ਼ਾਸਨ ਅਜਿਹੇ ਸਮੇਂ ਵਿੱਚ ਇਰਾਨੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਰਿਹਾ ਹੈ ਜਦੋਂ ਇਰਾਨ ਅਮਰੀਕੀ ਸੈਨਿਕਾਂ ਅਤੇ ਮੱਧ ਪੂਰਬ ਦੇ ਸਹਿਯੋਗੀਆਂ ਲਈ ਇੱਕ ਵਧਦਾ ਖ਼ਤਰਾ ਹੈ।

2015 ਵਿੱਚ, ਇਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਵਿਚ ਬੰਬ ਬਣਾਉਣ ਵਿਚ ਸਮਰੱਥ ਯੂਰੇਨੀਅਮ ਦੇ ਭੰਡਾਰ ਨੂੰ ਘਟਾਉਣ ਸਬੰਧੀ ਚੀਨ, ਫ਼੍ਰਾਂਸ, ਰੂਸ, ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਨਾਲ ਪਰਮਾਣੂ (Joint Comprehensive Plan of Action) ਸਮਝੌਤਾ ਕੀਤਾ ਸੀ। ਪਰ ਡੌਨਲਡ ਟ੍ਰੰਪ ਨੇ 2018 ਵਿਚ ਅਮਰੀਕਾ ਨੂੰ ਇਸ ਸਮਝੌਤੇ ਤੋਂ ਬਾਹਰ ਕਰ ਲਿਆ ਸੀ, ਜਿਸ ਤੋਂ ਬਾਅਦ ਇਰਾਨ ਵੀ ਇਸ ਸਮਝੌਤੇ ਦੀਆਂ ਸ਼ਰਤਾਂ ਤੋਂ ਪਿੱਛੇ ਹਟਦਾ ਰਿਹਾ ਹੈ ਅਤੇ ਉਸਦਾ ਪਰਮਾਣੂ ਪ੍ਰੋਗਰਾਮ ਹੁਣ ਹਥਿਆਰਾਂ ਦੇ ਦਰਜੇ ਵਾਲੇ ਪੱਧਰ ਦੇ, ਪਹਿਲਾਂ ਨਾਲੋਂ ਕਿਤੇ ਵੱਧ ਨੇੜੇ ਹੈ।

ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦਾ ਮੁਖੀ ਚਿਤਾਵਨੀ ਦੇ ਚੁੱਕਾ ਹੈ ਕਿ ਇਰਾਨ ਕੋਲ ਹੁਣ ਕਈ ਬੰਬ ਬਣਾਉਣ ਲਈ ਲੋੜੀਂਦਾ ਸੰਸ਼ੋੋਧਿਤ ਯੂਰੇਨੀਅਮ ਮੌਜੂਦ ਹੈ। ਹਾਲਾਂਕਿ ਜੇ ਇਰਾਨ ਹਥਿਆਰ ਬਣਾਉਣ ਅਤੇ ਉਸਨੂੰ ਮਿਜ਼ਾਈਲ ‘ਤੇ ਲਗਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਉਸਨੂੰ ਸੰਭਾਵਤ ਤੌਰ ‘ਤੇ ਕਈ ਮਹੀਨੇ ਲੱਗ ਸਕਦੇ ਹਨ।

ਦ ਅਸੋਸੀਏਟੇਡ ਪ੍ਰੈ੍ਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ