1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਹਾਊਸ ਔਫ਼ ਕੌਮਨਜ਼ ਦੀ ਕਾਰਵਾਈ ਮੁੜ ਸ਼ੁਰੂ

ਹਾਊਸਿੰਗ ਅਤੇ ਭੋਜਨ ਕੀਮਤਾਂ ਮੁੱਖ ਫੋਕਸ ਹੋਣ ਦੀ ਉਮੀਦ

ਔਟਵਾ ਵਿਚ ਪਾਰਲੀਮੈਂਟ ਹਿੱਲ ਦੇ ਪੀਸ ਟਾਵਰ ਦੀ ਤਸਵੀਰ।

ਔਟਵਾ ਵਿਚ ਪਾਰਲੀਮੈਂਟ ਹਿੱਲ ਦੇ ਪੀਸ ਟਾਵਰ ਦੀ ਤਸਵੀਰ।

ਤਸਵੀਰ:  (Sean Kilpatrick/Canadian Press.)

RCI

ਸੋਮਵਾਰ ਤੋਂ ਐਮਪੀਜ਼ ਹਾਊਸ ਔਫ਼ ਕੌਮਨਜ਼ ਵਿਚ ਵਾਪਸ ਪਰਤ ਰਹੇ ਹਨ।

ਮਹਿੰਗਾਈ ਅਤੇ ਹਾਊਸਿੰਗ ਸੰਕਟ ਦਾ ਮੁੱਦਾ ਪਾਰਲੀਮੈਂਟ ਦੇ ਇਸ ਸੈਸ਼ਨ ਵਿਚ ਮੁੱਖ ਏਜੰਡੇ 'ਤੇ ਹੋਵੇਗਾ।

ਇਸ ਤੋਂ ਇਲਾਵਾ ਜ਼ਮਾਨਤ ਪ੍ਰਣਾਲੀ ਵਿਚ ਸੁਧਾਰ, ਬੰਦੂਕਾਂ ’ਤੇ ਪਾਬੰਦੀ ਅਤੇ ਕਲਾਈਮੇਟ ਚੇਂਜ ਵਰਗੇ ਵਿਸ਼ਿਆਂ ’ਤੇ ਵੀ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ।

ਵਧਦੀ ਮਹਿੰਗਾਈ ਦੇ ਮੁੱਦੇ ‘ਤੇ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੀ ਲਿਬਰਲ ਸਰਕਾਰ ਨੇ ਹਾਲ ਹੀ ਵਿਚ ਕੁਝ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਇਸੇ ਸਿਲਸਿਲੇ ਵਿਚ ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਅੱਜ ਕੈਨੇਡਾ ਦੇ ਪੰਜ ਵੱਡੇ ਗ੍ਰੋਸਰਾਂ ਨਾਲ ਔਟਵਾ ਵਿਚ ਵਿਅਕਤੀਗਤ ਮੁਲਾਕਾਤ ਵੀ ਕਰ ਰਹੇ ਨੇ, ਜਿੱਥੇ ਉਹ ਉਨ੍ਹਾਂ ਤੋਂ ਭੋਜਨ ਦੀਆਂ ਕੀਮਤਾਂ ਵਿਚ ਸਥਿਰਤਾ ਲਿਆਉਣ ਬਾਬਤ ਯੋਜਨਾ ਤਲਬ ਕਰਨਗੇ।

ਪ੍ਰਧਾਨ ਮੰਤਰੀ ਟ੍ਰੂਡੋ ਦਾ ਕਹਿਣਾ ਹੈ ਕਿ ਲੌਬਲੌਜ਼, ਸੋਬੀਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਕੋਲ ਭੋਜਨ ਕੀਮਤਾਂ ਵਿਚ ਸਥਿਰਤਾ ਲਿਆਉਣ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਥੈਂਕਸਗਿਵਿੰਗ ਤੱਕ ਦਾ ਸਮਾਂ ਹੈ ਅਤੇ ਇਸ ਤੋਂ ਬਾਅਦ ਸਰਕਾਰ ਨੂੰ ਇਸ ਮੁੱਦੇ ‘ਤੇ ਮਜਬੂਰਨ ਕੋਈ ਕਦਮ ਚੁੱਕਣਾ ਪਵੇਗਾ।

ਭੋਜਨ ਦੀਆਂ ਕੀਮਤਾਂ ਸਬੰਧੀ ਡਲਹੌਜ਼ੀ ਯੂਨੀਵਰਸਿਟੀ ਦੀਆਂ ਹਾਲੀਆ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਕੈਨੇਡਾ ਵਿਚ ਇੱਕ ਔਸਤ ਪਰਿਵਾਰ ਨੂੰ ਇਸ ਸਾਲ ਭੋਜਨ ਲਈ $1,065 ਹੋਰ ਅਦਾ ਕਰਨੇ ਪੈਣਗੇ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦਾ ਕਹਿਣਾ ਹੈ ਕਿ ਇਹ ਮੀਟਿੰਗ ਇੱਕ ਫੋਟੋ ਓਪ ਯਾਨੀ ਤਸਵੀਰ ਖਿਚਾਉਣ ਦੇ ਮੌਕੇ ਤੋਂ ਵੱਧ ਕੁਝ ਨਹੀਂ ਹੈ ਅਤੇ ਇਹ ਭੋਜਨ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੁਝ ਨਹੀਂ ਕਰੇਗੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ