1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਭੋਜਨ ਕੀਮਤਾਂ ਬਾਰੇ ਗੱਲਬਾਤ ਲਈ ਸਰਕਾਰ ਨੇ ਪੰਜ ਵੱਡੀਆਂ ਗ੍ਰੋਸਰੀ ਚੇਨਾਂ ਦੇ ਸੀਈਓਜ਼ ਨਾਲ ਸੱਦੀ ਮੀਟਿੰਗ

ਲੌਬਲੌਜ਼, ਸੋਬੀਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਦੇ ਸੀਈਓਜ਼ ਨਾਲ ਸੋਮਵਾਰ ਨੂੰ ਮੀਟਿੰਗ ਬੁਲਾਈ ਗਈ ਹੈ

ਕੈਨੇਡਾ ਦੇ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮਿਨਿਸਟਰ, ਫ਼੍ਰੈਂਸੁਆ-ਫ਼ਿਲਿਪ ਸ਼ੈਂਪੇਨ

ਕੈਨੇਡਾ ਦੇ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮਿਨਿਸਟਰ, ਫ਼੍ਰੈਂਸੁਆ-ਫ਼ਿਲਿਪ ਸ਼ੈਂਪੇਨ। ਸ਼ੈਂਪੇਨ ਦੇ ਦਫ਼ਤਰ ਨੇ ਕਿਹਾ ਕਿ ਉਸ ਵੱਲੋਂ ਕੈਨੇਡਾ ਦੇ ਪ੍ਰਮੁੱਖ ਗ੍ਰੋਸਰੀ ਚੇਨਜ਼ ਦੇ ਸੀਈਓਜ਼ ਨੂੰ ਸਰਕਾਰ ਨਾਲ ਮਿਲਣ ਲਈ ਸੱਦਾ ਦਿੱਤਾ ਗਿਆ ਹੈ।

ਤਸਵੀਰ: (The Canadian Press/Adrian Wyld)

RCI

ਭੋਜਨ ਕੀਮਤਾਂ ਵਿਚ ਸਥਿਰਤਾ ਲਿਆਉਣ ਦੇ ਰਾਹ ਲੱਭਣ ਲਈ ਫ਼ੈਡਰਲ ਸਰਕਾਰ ਨੇ ਕੈਨੇਡਾ ਦੀਆਂ ਪੰਜ ਸਭ ਤੋਂ ਵੱਡੀਆਂ ਗ੍ਰੋਸਰੀ ਚੇਨਜ਼ ਦੇ ਉੱਚ-ਅਧਿਕਾਰੀਆਂ ਨਾਲ ਔਟਵਾ ਵਿਚ ਮੀਟਿੰਗ ਸੱਦੀ ਹੈ।

ਫ਼ੈਡਰਲ ਇੰਡਸਟਰੀ ਮਿਨਿਸਟਰ, ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਦੇ ਦਫਤਰ ਨੇ ਸੀਬੀਸੀ ਨਿਊਜ਼ ਨੂ ਦੱਸਿਆ ਕਿ ਲੌਬਲੌਜ਼, ਸੋਬੀਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਦੇ ਸੀਈਓਜ਼ ਨੂੰ ਸੋਮਵਾਰ ਨੂੰ ਵਿਅਕਤੀਗਤ ਤੌਰ ‘ਤੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਔਟਵਾ ਬੁਲਾਇਆ ਗਿਆ ਹੈ।

ਸ਼ੈਂਪੇਨ ਦੇ ਦਫਤਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਇਨ੍ਹਾਂ ਸੀਈਓਜ਼ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ, ਜਿਸ ਵੇਲੇ ਟ੍ਰੂਡੋ ਲੰਡਨ ਵਿਚ ਲਿਬਰਲ ਕੌਕਸ ਦੇ ਇਜਲਾਸ ਤੋਂ ਬਾਅਦ ਕਿਫ਼ਾਇਤ ਸਬੰਧੀ ਨਵੇਂ ਐਲਾਨ ਕਰ ਰਹੇ ਸਨ।

ਟ੍ਰੂਡੋ ਨੇ ਵੀਰਵਾਰ ਨੂੰ ਕਿਹਾ ਸੀ, ਇਹ ਠੀਕ ਨਹੀਂ ਹੈ ਕਿ ਸਾਡੇ ਸਭ ਤੋਂ ਵੱਡੇ ਗ੍ਰੋਸਰੀ ਸਟੋਰ ਰਿਕਾਰਡ ਮੁਨਾਫਾ ਕਮਾ ਰਹੇ ਹਨ ਜਦ ਕਿ ਕੈਨੇਡੀਅਨਜ਼ ਭੋਜਨ ਲਈ ਸੰਘਰਸ਼ ਕਰ ਰਹੇ ਹਨ

ਮਹਿੰਗਾਈ ਅਤੇ ਕਿਫ਼ਾਇਤੀਪਣ ਦੀ ਘਾਟ ਨੂੰ ਲੈਕੇ ਕੰਜ਼ਰਵੇਟਿਵ ਪਾਰਟੀ ਲਿਬਰਲ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧਦੀ ਰਹੀ ਹੈ। 2015 ਵਿਚ ਟ੍ਰੂਡੋ ਸਰਕਾਰ ਦੇ ਪਹਿਲੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਮੌਜੂਦਾ ਓਪੀਨੀਅਨ ਪੋਲਜ਼ ਵਿਚ ਲਿਬਰਲਾਂ ਦੀ ਲੋਕਪ੍ਰੀਅਤਾ ਸਭ ਤੋਂ ਹੇਠਾਂ ਪਹੁੰਚੀ ਹੋਈ ਹੈ।

ਲਿਬਰਲ ਐਮਪੀਜ਼ ਦੇ ਇਜਲਾਸ ਤੋਂ ਬਾਅਦ ਟ੍ਰੂਡੋ ਨੇ ਕਿਫ਼ਾਇਤੀ ਉਪਾਵਾਂ ਨਾਲ ਸਬੰਧਤ ਕਈ ਐਲਾਨ ਕੀਤੇ ਹਨ।

ਵੀਰਵਾਰ ਨੂੰ ਟ੍ਰੂਡੋ ਨੇ ਚੇਤਾਵਨੀ ਦਿੱਤੀ ਕਿ ਜੇ ਗ੍ਰੋਸਰੀ ਮਾਲਕ ਥੈਂਕਸਗਿਵਿੰਗ ਤੱਕ ਭੋਜਨ ਕੀਮਤਾਂ ਵਿਚ ਸਥਿਰਤਾ ਲਿਆਉਣ ਦੀਆਂ ਯੋਜਨਾਵਾਂ ਤਿਆਰ ਕਰਨ ਵਿੱਚ ਅਸਮਰੱਥ ਹੁੰਦੇ ਹਨ, ਤਾਂ ਅਸੀਂ ਕਾਰਵਾਈ ਕਰਾਂਗੇ ਅਤੇ ਅਸੀਂ ਟੈਕਸ ਉਪਾਵਾਂ ਸਮੇਤ ਕਿਸੇ ਵੀ ਉਪਾਅ ਤੋਂ ਇਨਕਾਰ ਨਹੀਂ ਕਰ ਰਹੇ ਹਾਂ

ਕੰਪਟੀਸ਼ਨ ਬਿਊਰੋ ਨੇ ਜੂਨ ਵਿੱਚ ਪਾਇਆ ਸੀ ਕਿ ਕੈਨੇਡਾ ਦੇ ਗ੍ਰੋਸਰੀ ਦੇ ਕਾਰੋਬਾਰ ਵਿੱਚ ਬਹੁਤੀ ਮੁਕਾਬਲੇਬਾਜ਼ੀ ਨਹੀਂ ਹੈ ਅਤੇ ਤਿੰਨ ਘਰੇਲੂ ਕੰਪਨੀਆਂ ਦਾ ਹੀ ਦਬਦਬਾ ਹੈ। ਬਿਊਰੋ ਨੇ ਕੀਮਤਾਂ ਘਟਾਉਣ ਲਈ ਸਰਕਾਰ ਨੂੰ ਇਸ ਖੇਤਰ ਵਿਚ ਨਵੇਂ ਪ੍ਰਵੇਸ਼ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਆਖਿਆ ਸੀ।

ਕਈ ਮਹੀਨਿਆਂ ਦੀ ਸਮੀਖਿਆ ਤੋਂ ਬਾਅਦ ਕੰਪਟੀਸ਼ਨ ਬਿਊਰੋ ਨੇ ਸਿੱਟਾ ਕੱਢਿਆ ਸੀ ਕਿ ਕੈਨੇਡਾ ਦਾ ਗ੍ਰੋਸਰੀ ਸੈਕਟਰ ਮੁੱਖ ਤੌਰ 'ਤੇ ਤਿੰਨ ਕੈਨੇਡੀਅਨ ਕੰਪਨੀਆਂ ਲੌਬਲੌਜ਼, ਮੈਟਰੋ ਅਤੇ ਸੋਬੀਜ਼ ਅਤੇ ਦੋ ਵਿਦੇਸ਼ੀ ਕੰਪਨੀਆਂ ਵੌਲਮੌਰਟ ਅਤੇ ਕੌਸਕੋ ਦੇ ਨਿਯੰਤਰਣ ਵਿਚ ਹੈ।

ਫ਼ੈਡਰਲ ਸਰਕਾਰ ਨੇ ਇਹ ਵੀ ਐਲਾਨ ਕੀਤਾ ਇਹ ਯਕੀਨੀ ਬਣਾਉਣ ਲਈ ਕਿ ਕਾਰਪੋਰੇਟ ਰਲ਼ੇਵੇਂ ਵਸਤੂਆਂ ਅਤੇ ਸੇਵਾਵਾਂ ਦੀ ਕਿਫ਼ਾਇਤ ‘ਤੇ ਮਾੜਾ ਪ੍ਰਭਾਵ ਨਾ ਪਾਉਣ, ਕੰਪਟੀਸ਼ਨ ਬਿਊਰੋ ਨੂੰ ਹੋਰ ਸ਼ਕਤੀ ਪ੍ਰਦਾਨ ਕਰਨ ਲਈ ਕਾਨੂੰਨ ਲਿਆਂਦਾ ਜਾਵੇਗਾ।

ਐਸ਼ਲੇ ਬਰਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ