1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ

ਲੰਡਨ ਵਿਚ ਚਲ ਰਹੇ ਲਿਬਰਲ ਕੌਕਸ ਦੇ ਇਜਲਾਸ ਦੀ ਸਮਾਪਤੀ ਤੋਂ ਬਾਅਦ ਆਏ ਨਵੇਂ ਐਲਾਨ

ਜਸਟਿਨ ਟ੍ਰੂਡੋ

14 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਓਨਟੇਰਿਓ ਦੇ ਲੰਡਨ ਵਿਚ ਕੁਝ ਨਵੇਂ ਐਲਾਨ ਕੀਤੇ।

ਤਸਵੀਰ: CBC News / Sylvain Lepage

RCI

ਵਧਦੀ ਮਹਿੰਗਾਈ ਦੇ ਮੁੱਦੇ ‘ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਬਾਬਤ ਨਵੇਂ ਉਪਾਵਾਂ ਦਾ ਐਲਾਨ ਕੀਤਾ।

ਲੰਡਨ ਵਿਚ ਚਲ ਰਹੇ ਲਿਬਰਲ ਕੌਕਸ ਦੇ ਇਜਲਾਸ ਦੀ ਸਮਾਪਤੀ ਤੋਂ ਬਾਅਦ ਟ੍ਰੂਡੋ ਨੇ ਨਵੇਂ ਐਲਾਨ ਕੀਤੇ।

ਟ੍ਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਨਵੇਂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕਿਰਾਏ ਦੇ ਅਪਾਰਟਮੈਂਟਾਂ ਦੀ ਉਸਾਰੀ ਤੋਂ ਜੀਐਸਟੀ ਹਟਾ ਦੇਵੇਗੀ। ਨਾਲ ਹੀ ਮਿਉਂਸਿਪੈਲਟੀਆਂ ਨੂੰ ਹਾਊਸਿੰਗ ਐਕਸਲੇਟਰ ਫੰਡ ਤੱਕ ਪਹੁੰਚ ਕਰਨ ਲਈ ਆਪਣੀਆਂ ਜ਼ੋਨਿੰਗ ਨੀਤੀਆਂ ਨੂੰ ਖ਼ਤਮ ਕਰਨ ਜਾਂ ਸੋਧਣ ਦੀ ਲੋੜ ਹੋਵੇਗੀ।

ਇਸ ਤੋਂ ਇਲਾਵਾ ਫ਼ੈਡਰਲ ਸਰਕਾਰ ਨੇ ਮੁਲਕ ਦੇ ਵੱਡੇ ਗ੍ਰੋਸਰੀ ਮਾਲਕਾਂ ਨੂੰ ਵੀ ਗ੍ਰੋਸਰੀ ਦੀਆਂ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ‘ਨੇੜਲੇ-ਸਮੇਂ’ ਵਿਚ ਕੋਈ ਯੋਜਨਾ ਪੇਸ਼ ਕਰਨ ਲਈ ਆਖਿਆ ਹੈ।

ਟ੍ਰੂਡੋ ਨੇ ਚੇਤਾਵਨੀ ਦਿੱਤੀ ਕਿ ਜੇ ਗ੍ਰੋਸਰੀ ਮਾਲਕ ਥੈਂਕਸਗਿਵਿੰਗ ਤੱਕ ਅਜਿਹੀਆਂ ਯੋਜਨਾਵਾਂ ਤਿਆਰ ਕਰਨ ਵਿੱਚ ਅਸਮਰੱਥ ਹੁੰਦੇ ਹਨ, ਤਾਂ ਅਸੀਂ ਕਾਰਵਾਈ ਕਰਾਂਗੇ ਅਤੇ ਅਸੀਂ ਟੈਕਸ ਉਪਾਵਾਂ ਸਮੇਤ ਕਿਸੇ ਵੀ ਉਪਾਅ ਤੋਂ ਇਨਕਾਰ ਨਹੀਂ ਕਰ ਰਹੇ ਹਾਂ

ਫ਼ੈਡਰਲ ਸਰਕਾਰ ਨੇ ਇਹ ਵੀ ਐਲਾਨ ਕੀਤਾ ਇਹ ਯਕੀਨੀ ਬਣਾਉਣ ਲਈ ਕਿ ਕਾਰਪੋਰੇਟ ਰਲ਼ੇਵੇਂ ਵਸਤੂਆਂ ਅਤੇ ਸੇਵਾਵਾਂ ਦੀ ਕਿਫ਼ਾਇਤ ‘ਤੇ ਮਾੜਾ ਪ੍ਰਭਾਵ ਨਾ ਪਾਉਣ, ਕੰਪਟੀਸ਼ਨ ਬਿਊਰੋ ਨੂੰ ਹੋਰ ਸ਼ਕਤੀ ਪ੍ਰਦਾਨ ਕਰਨ ਲਈ ਕਾਨੂੰਨ ਲਿਆਇਆ ਜਾਵੇਗਾ।

ਵਿਰੋਧੀ ਪਾਰਟੀਆਂ ਦਾ ਪ੍ਰਤੀਕਰਮ

ਐਨਡੀਪੀ ਲੰਬੇ ਸਮੇਂ ਤੋਂ ਫ਼ੈਡਰਲ ਸਰਕਾਰ ਵੱਲੋਂ ਕਿਰਾਏ ਦੀ ਰਿਹਾਇਸ਼ ਦੀ ਉਸਾਰੀ ਤੋਂ ਜੀਐਸਟੀ/ਐਚਐਸਟੀ ਹਟਾਉਣ ਦੀ ਮੰਗ ਕਰ ਰਹੀ ਸੀ। ਇਸ ਖ਼ਬਰ ਦਾ ਐਨਡੀਪੀ ਨੇ ਸਵਾਗਤ ਕੀਤਾ ਹੈ।

ਪਰ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲਾਂ ਨੂੰ ਇਹ ਫ਼ੈਸਲਾ ਕਈ ਮਹੀਨੇ ਪਹਿਲਾਂ ਕਰ ਲੈਣਾ ਚਾਹੀਦਾ ਸੀ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਵਿਚ ਜੀਐਸਟੀ ਵਿੱਚ ਇੱਕ ਸੀਮਤ ਤਬਦੀਲੀ ਸ਼ਾਮਲ ਕੀਤੀ ਜਾਵੇਗੀ। ਕੰਜ਼ਰਵੇਟਿਵਜ਼ ਲੋਕਲ ਮਾਰਕੀਟ ਔਸਤ ਤੋਂ ਘੱਟ ਕੀਮਤ ਵਾਲੇ ਨਵੇਂ ਕਿਰਾਏ ਦੇ ਘਰਾਂ ਦੀ ਉਸਾਰੀ ਤੋਂ ਜੀਐਸਟੀ ਹਟਾ ਦੇਣਗੇ।

ਪੌਲੀਐਵ ਨੇ ਕਿਹਾ ਕਿ ਟ੍ਰੂਡੋ ਨੇ ਅੱਠ ਸਾਲ ਪਹਿਲਾਂ ਇਹ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਕੁਝ ਨਹੀਂ ਕੀਤਾ। ਅਤੇ ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕੰਜ਼ਰਵੇਟਿਵਜ਼ ਦੇ ਬਿਲ ਵਿਚ ਇਹ ਸ਼ਾਮਲ ਹੋਵੇਗਾ, ਤਾਂ ਉਨ੍ਹਾਂ [ਟ੍ਰੂਡੋ] ਨੇ ਪਲਟੀ ਮਾਰ ਲਈ ਹੈ

2015 ਵਿਚ ਲਿਬਰਲ ਪਾਰਟੀ ਦੇ ਚੋਣ ਪਲੇਟਫ਼ਾਰਮ ਵਿਚ ਜੀਐਸਟੀ ਤਬਦੀਲੀ ਸ਼ਾਮਲ ਸੀ, ਪਰ 2017 ਵਿਚ ਲਿਬਰਲਾਂ ਨੇ ਇਹ ਕਹਿੰਦਿਆਂ ਇਸ ਨੀਤੀ ਨੂੰ ਤਿਆਗ ਦਿੱਤਾ ਸੀ ਕਿ ਨਵੀਂ ਉਸਾਰੀ ਨੂੰ ਹੁਲਾਰਾ ਦੇਣ ਲਈ ਹੋਰ ਬਿਹਤਰ ਤਰੀਕੇ ਮੌਜੂਦ ਹਨ।

ਐਰਨ ਵ੍ਹੀਰੀ, ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ