1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਨੇ ਮਹਾਂਮਾਰੀ ਦੌਰਾਨ ਦਿੱਤਾ ਐਮਰਜੈਂਸੀ ਲੋਨ ਵਾਪਸ ਕਰਨ ਦੀ ਸਮਾਂ-ਸੀਮਾ ਵਧਾਈ

ਕਾਰੋਬਾਰੀ ਸਮੂਹਾਂ ਨੇ ਕਿਹਾ ਕਿ ਸਰਕਾਰ ਨੂੰ ਲੋਨ ਦੇ ਮੁਆਫ਼ੀ ਯੋਗ ਹਿੱਸੇ ਦੀ ਮਿਆਦ ਵੀ ਹੋਰ ਵਧਾਉਣੀ ਚਾਹੀਦੀ ਹੈ

ਫ਼ੈਡਰਲ ਸਰਕਾਰ ਨੇ ਮਹਾਂਮਾਰੀ ਦੌਰਾਨ ਕਾਰੋਬਾਰਾਂ ਨੂੰ ਦਿੱਤੇ ਲੋਨ ਨੂੰ ਵਾਪਸ ਕਰਨ ਦੀ ਡੈਡਲਾਈਨ ਇੱਕ ਸਾਲ ਵਧਾਈ।

ਫ਼ੈਡਰਲ ਸਰਕਾਰ ਨੇ ਮਹਾਂਮਾਰੀ ਦੌਰਾਨ ਕਾਰੋਬਾਰਾਂ ਨੂੰ ਦਿੱਤੇ ਲੋਨ ਨੂੰ ਵਾਪਸ ਕਰਨ ਦੀ ਡੈਡਲਾਈਨ ਇੱਕ ਸਾਲ ਵਧਾਈ।

ਤਸਵੀਰ:  (Nathan Denette/Canadian Press)

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਲਾਨਿਆ ਕਿ ਸਰਕਾਰ ਛੋਟੇ ਕਾਰੋਬਾਰਾਂ ਨੂੰ ਮਹਾਂਮਾਰੀ ਦੌਰਾਨ ਦਿੱਤੇ ਲੋਨ ਦੀ ਮੁੜ ਅਦਾਇਗੀ ਦੀ ਸਮਾਂ-ਸੀਮਾ ਇਕ ਸਾਲ ਵਧਾ ਰਹੀ ਹੈ।

ਪਰ ਜੇ ਕਾਰੋਬਾਰ ਆਉਂਦਿਆਂ ਮਹੀਨਿਆਂ ਵਿਚ ਲੋਨ ਨਹੀਂ ਮੋੜਨਗੇ ਤਾਂ ਉਹ ਲੋਨ ਦਾ ਮੁਆਫ ਹੋਣ ਯੋਗ ਹਿੱਸਾ ਗੁਆ ਦੇਣਗੇ।

ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਉਂਟ (CEBA) ਨੂੰ ਮਹਾਂਮਾਰੀ ਦੌਰਾਨ ਲਿਆਂਦਾ ਗਿਆ ਸੀ ਤਾਂ ਜੋ ਪਬਲਿਕ ਹੈਲਥ ਉਪਾਵਾਂ ਦੇ ਕਾਰਨ ਆਪਣੇ ਬਿਜ਼ਨਸ ਨੂੰ ਬੰਦ ਕਰਨ ਜਾਂ ਸੀਮਤ ਕਰਨ ਲਈ ਮਜਬੂਰ ਛੋਟੇ ਕਾਰੋਬਾਰਾਂ ਦੀ ਮਦਦ ਕੀਤੀ ਜਾ ਸਕੇ। ਇਸ ਪ੍ਰੋਗਰਾਮ ਤਹਿਤ ਫ਼ੈਡਰਲ ਸਰਕਾਰ ਦੁਆਰਾ ਵਿਆਜ-ਮੁਕਤ ਕਰਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ।

CEBA ਤਹਿਤ 60,000 ਡਾਲਰ ਤੱਕ ਦਾ ਲੋਨ ਅਪਲਾਈ ਕੀਤੀ ਜਾ ਸਕਦਾ ਸੀ ਅਤੇ ਇੱਕ ਖ਼ਾਸ ਸਮਾਂ-ਸੀਮਾ ਤੱਕ ਲੋਨ ਦੇ ਇੱਕ ਹਿੱਸੇ ਦਾ ਭੁਗਤਾਨ ਹੋਣ ‘ਤੇ 20,000 ਡਾਲਰ ਮੁਆਫ਼ ਹੋਣ ਦੀ ਵੀ ਵਿਵਸਥਾ ਸੀ। ਲੋਨ ਮੋੜਨ ਦੀ ਅਸਲ ਆਖ਼ਰੀ ਮਿਤੀ 2022 ਦੇ ਅੰਤ ਤੱਕ ਸੀ। ਬਾਅਦ ਵਿਚ ਇਸਨੂੰ 2023 ਤੱਕ ਵਧਾ ਦਿੱਤਾ ਗਿਆ ਸੀ।

ਕੋਈ ਵੀ ਕਾਰੋਬਾਰ ਜੋ ਉਸ ਸਮਾਂ-ਸੀਮਾ ਤੱਕ ਲੋਨ ਨਹੀਂ ਮੋੜਦਾ, ਉਸ ‘ਤੇ ਵਿਆਜ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਉਸਨੂੰ 2025 ਦੇ ਅੰਤ ਤੱਕ ਕਰਜ਼ੇ ਦੀ ਪੂਰੀ ਅਦਾਇਗੀ ਕਰਨੀ ਪੈਣੀ ਸੀ। ਪਰ ਉਹ ਸਮਾਂ-ਸੀਮਾ ਹੁਣ 2026 ਦੇ ਅੰਤ ਤੱਕ ਵਧਾ ਦਿੱਤੀ ਗਈ ਹੈ।

ਲੋਨ ਦੇ ਮੁਆਫ਼ੀ ਯੋਗ ਹਿੱਸੇ ਦੇ ਯੋਗ ਹੋਣ ਲਈ ਕਾਰੋਬਾਰਾਂ ਨੂੰ 18 ਜਨਵਰੀ 2024 ਤੱਕ ਦੀ ਇੱਕ ਛੋਟੀ ਐਕਸਟੈਂਸ਼ਨ ਵੀ ਦਿੱਤੀ ਗਈ ਹੈ। 19 ਜਨਵਰੀ ਤੱਕ ਭੁਗਤਾਨ ਨਾ ਕੀਤੇ ਜਾਣ ਵਾਲੇ ਸਾਰੋ ਲੋਨਾਂ 'ਤੇ 5% ਵਿਆਜ ਸ਼ੁਰੂ ਹੋ ਜਾਵੇਗਾ।

ਲੋਨ ਪ੍ਰੋਗਰਾਮ ਤਹਿਤ ਕਰੀਬ 900,000 ਕਾਰੋਬਾਰਾਂ ਨੂੰ ਤਕਰੀਬਨ 49 ਬਿਲੀਅਨ ਡਾਲਰ ਦਿੱਤੇ ਗਏ ਸਨ। ਪਰ 31 ਮਈ ਤੱਕ 21 % ਕਾਰੋਬਾਰਾਂ ਨੇ ਹੀ ਆਪਣੇ ਕਰਜ਼ੇ ਦੀ ਪੂਰਨ ਅਦਾਇਗੀ ਕੀਤੀ ਹੈ।

ਕੈਨੇਡੀਅਨ ਫ਼ੈਡਰੇਸ਼ਨ ਔਫ਼ ਇੰਡੀਪੈਨਡੈਂਟ ਬਿਜ਼ਨਸ (CFIB) ਦੇ ਪ੍ਰੈਜ਼ੀਡੈਂਟ, ਡੈਨ ਕੈਲੀ ਨੇ ਕਿਹਾ ਕਿ ਸਰਕਾਰ ਨੇ ਲੋਨ ਦੇ ਮੁਆਫ਼ੀ ਯੋਗ ਹਿੱਸੇ ਦੇ ਯੋਗ ਹੋਣ ਦੀ ਡੈੱਡਲਾਈਨ ਕੁਝ ਹਫ਼ਤੇ ਹੀ ਵਧਾਈ ਹੈ, ਜਦਕਿ ਕਾਰੋਬਾਰਾਂ ਲਈ ਇਹੀ ਸਭ ਤੋਂ ਅਹਿਮ ਮੁੱਦਾ ਸੀ।

ਪਰ ਫ਼੍ਰੰਟੀਅਰ ਡਿਊਟੀ ਫ਼੍ਰੀ ਅਸੋਸੀਏਸ਼ਨ ਦੀ ਪ੍ਰੈਜ਼ੀਡੈਂਟ, ਬਾਰਬਰਾ ਬੈਰੇਟ ਸਰਕਾਰ ਦੇ ਇਸ ਫ਼ੈਸਲੇ ਨੂੰ ਸਕਾਰਾਤਮਕ ਮੰਨ ਰਹੀ ਹੈ। ਉਸਨੇ ਕਿਹਾ ਕਿ ਸਮਾਂ-ਸੀਮਾ ਵਿਚ ਵਾਧਾ ਕੁਝ ਛੋਟੇ ਕਾਰੋਬਾਰਾਂ ਲਈ ਲਾਈਫ਼ਲਾਈਨ ਸਾਬਤ ਹੋ ਸਕਦਾ ਹੈ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ