1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਅਤੇ ਲੋਕਲ ਸਰਕਾਰਾਂ ਨੂੰ ਵਿੱਤੀ ਮਦਦ ਦਵੇਗਾ ਕਿਊਬੈਕ

ਮੂਲਨਿਵਾਸੀ ਲੋਕਾਂ ਨੂੰ ਫ਼ੈਡਰਲ ਸਰਕਾਰ ਦੇ ਜ਼ਰੀਏ ਅਪਲਾਈ ਕਰਨਾ ਹੋਵੇਗਾ

ਕਿਊਬੈਕ ਵਿਚ ਜੰਗਲੀ ਅੱਗ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸੂਬਾਈ ਵਿੱਤੀ ਸਹਾਇਤਾ ਪ੍ਰੋਗਰਾਮ ਰਾਹੀਂ $1,500 ਦਿੱਤੇ ਜਾਣਗੇ।

ਕਿਊਬੈਕ ਵਿਚ ਜੰਗਲੀ ਅੱਗ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸੂਬਾਈ ਵਿੱਤੀ ਸਹਾਇਤਾ ਪ੍ਰੋਗਰਾਮ ਰਾਹੀਂ $1,500 ਦਿੱਤੇ ਜਾਣਗੇ।

ਤਸਵੀਰ: Radio-Canada / Rémi Tremblay

RCI

ਕਿਊਬੈਕ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਸੂਬੇ ਵਿਚ ਜੰਗਲੀ ਅੱਗ ਕਾਰਨ ਬੇਘਰ ਹੋਏ ਹਜ਼ਾਰਾਂ ਲੋਕ ਵਿੱਤੀ ਮੁਆਵਜ਼ੇ ਦੇ ਹੱਕਦਾਰ ਹੋਣਗੇ।

ਪ੍ਰਭਾਵਿਤ ਪਰਿਵਾਰਾਂ ਨੂੰ ਸੂਬਾਈ ਵਿੱਤੀ ਸਹਾਇਤਾ ਪ੍ਰੋਗਰਾਮ ਰਾਹੀਂ $1,500 ਪ੍ਰਾਪਤ ਹੋਣਗੇ।

ਸੂਬਾ ਸਰਕਾਰ ਲੋਕਾਂ ਨੂੰ ਘਰੋਂ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਦੇ ਯਤਨਾਂ ਵਿਚ ਮਿਉਂਨਿਸਪੈਲਿਟੀਜ਼ ਅਤੇ ਸਹਾਇਕ ਸੰਸਥਾਵਾਂ ਦੁਆਰਾ ਕੀਤੇ ਗਏ ਸਾਰੇ ਖ਼ਰਚਿਆਂ ਦੀ ਵੀ ਅਦਾਇਗੀ ਕਰੇਗੀ।

29 ਮਈ ਤੋਂ ਸੂਬੇ ਵਿੱਚ ਫੈਲੀ ਜੰਗਲ ਦੀ ਅੱਗ ਕਾਰਨ ਫ਼ਿਲਹਾਲ 13,000 ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬਾਹਰ ਹਨ।

ਕਿਊਬੈਕ ਦੇ ਪਬਲਿਕ ਸੇਫ਼ਟੀ ਮਿਨਿਸਟਰ, ਫ਼੍ਰੈਂਸੁਆ ਬੋਨਾਰਡਲ ਨੇ ਕਿਹਾ ਕਿ ਇਸ ਗੱਲ ਦੀ ਪਰਵਾਹ ਕੀਤੇ ਬਗ਼ੈਰ ਕਿ ਲੋਕ ਕਿੰਨੇ ਦਿਨ ਆਪਣੇ ਘਰੋਂ ਬਾਹਰ ਰਹੇ ਹਨ, ਉਨ੍ਹਾਂ ਨੂੰ 1,500 ਡਾਲਰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਅੱਗ ਨਾਲ ਬੇਘਰ ਹੋਏ ਲੋਕ ਖ਼ਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਲਈ ਆਪਣੀਆਂ ਨਿੱਜੀ ਬੀਮਾ ਪਾਲਿਸੀਆਂ ਦਾ ਵੀ ਸਹਾਰਾ ਲੈ ਸਕਦੇ ਹਨ।

ਜਿਹੜੇ ਲੋਕਾਂ ਨੂੰ ਕਿਸੇ ਲਾਜ਼ਮੀ ਨਿਕਾਸੀ ਨਿਰਦੇਸ਼ (evacuation order) ਜਾਂ ਮਿਉਂਨਿਸਪੈਲਿਟੀ ਦੁਆਰਾ ਅਧਿਕਾਰਤ ਨਿਰਦੇਸ਼ ਦੁਆਰਾ ਆਪਣੇ ਮੁੱਖ ਨਿਵਾਸ ਸਥਾਨ ਨੂੰ ਮਜਬੂਰਨ ਖ਼ਾਲੀ ਕਰਨਾ ਪਿਆ ਹੋਵੇ, ਉਹ ਲੋਕ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ।

ਸਰਕਾਰ ਕੈਨੇਡੀਅਨ ਰੈੱਡ ਕਰਾਸ ਅਤੇ ਕਿਊਬੈਕ ਵਿੱਚ ਫਾਇਰ ਚੀਫ਼ਜ਼ ਦੀ ਨੁਮਾਇੰਦਗੀ ਕਰਨ ਵਾਲੀ ਅਸੋਸੀਏਸ਼ਨ ਵਰਗੀਆਂ ਸੰਸਥਾਵਾਂ ਦੁਆਰਾ ਕੀਤੇ ਗਏ ਖ਼ਰਚਿਆਂ ਦੀ ਵੀ ਭਰਪਾਈ ਕਰੇਗੀ। ਉਦਾਹਰਨ ਵੱਜੋਂ, ਸਰਕਾਰ ਫਾਇਰਫਾਈਟਰਾਂ ਨੂੰ ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਲਿਜਾਣ ਦੇ ਖ਼ਰਚਿਆਂ ਦਾ ਵੀ ਭੁਗਤਾਨ ਕਰੇਗੀ।

ਬੋਨਾਰਡਲ ਨੇ ਕਿਹਾ ਕਿ ਲੋਕ 14 ਜੂਨ ਦੇ ਆਸਪਾਸ ਵਿੱਤੀ ਮੁਆਵਜ਼ੇ ਲਈ ਆਨਲਾਈਨ ਅਰਜ਼ੀ (ਨਵੀਂ ਵਿੰਡੋ) ਦੇ ਸਕਣਗੇ।

ਮੂਲਨਿਵਾਸੀਆਂ ਦੀ ਵਿੱਤੀ ਸਹਾਇਤਾ ਕੈਨੇਡਾ ਸਰਕਾਰ ਕਵਰ ਕਰੇਗੀ

ਮੂਲਨਿਵਾਸੀ ਮਾਮਲਿਆਂ ਲਈ ਜ਼ਿੰਮੇਵਾਰ ਮਿਨਿਸਟਰ ਇਆਨ ਲੈਫ਼ਰੇਨੀਏ ਨੇ ਕਿਹਾ ਕਿ ਸੂਬਾਈ ਪ੍ਰੋਗਰਾਮ ਜੰਗਲ ਦੀ ਅੱਗ ਨਾਲ ਬੇਘਰ ਹੋਏ ਲਗਭਗ 2,800 ਮੂਲਨਿਵਾਸੀ ਲੋਕਾਂ 'ਤੇ ਲਾਗੂ ਨਹੀਂ ਹੋਵੇਗਾ।

ਕਿਉਂਕਿ ਫ਼ਸਟ ਨੇਸ਼ਨਜ਼ ਸਿੱਧਾ ਕ੍ਰਾਊਨ ਨਾਲ ਡੀਲ ਕਰਦੇ ਹਨ, ਇਸ ਤੱਥ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ਇਹ ਥੋੜਾ ਜਿਹਾ ਹੋਰ ਪੇਚੀਦਾ ਹੈ ਕਿਉਂਕਿ ਇਹ ਸਾਡਾ ਪੂਰਨ ਅਧਿਕਾਰ ਖੇਤਰ ਨਹੀਂ ਹੈ

ਲੈਫ਼ਰੇਨੀਏ ਨੇ ਕਿਹਾ ਕਿ ਉਹਨਾਂ ਨੇ ਸ਼ੁੱਕਰਵਾਰ ਸਵੇਰੇ ਮੂਲਨਿਵਾਸੀ ਸੇਵਾਵਾਂ ਲਈ ਫ਼ੈਡਰਲ ਮਿਨਿਸਟਰ ਪੈਟੀ ਹਾਈਡੂ ਨਾਲ ਗੱਲ ਕੀਤੀ।

ਅਸੀਂ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦੀ ਵੀ ਇਸੇ ਤਰ੍ਹਾਂ ਦੀ ਮਦਦ ਹੋਵੇਗੀ

ਮੂਲਨਿਵਾਸੀਆਂ ਨੂੰ ਵੱਖ ਨਹੀਂ ਕੀਤਾ ਜਾਵੇਗਾ

ਕੈਂਸੈਨਡਰਾ ਯੇਨਜ਼-ਲੀਟਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ