1. ਮੁੱਖ ਪੰਨਾ
  2. ਸਮਾਜ
  3. ਮੱਤ ਅਤੇ ਧਰਮ

[ ਰਿਪੋਰਟ ] ਕੈਨੇਡਾ ਚ ਨਗਰ ਕੀਰਤਨ ਦੌਰਾਨ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ’ਤੇ ਵਿਵਾਦ

ਭਾਰਤ ਵਿਚਲੇ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਘਟਨਾ ਦੀ ਨਿਖੇਧੀ

4 ਜੂਨ ਨੂੰ ਬ੍ਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਇਆ I ਇੰਟਰਨੈਟ 'ਤੇ ਵਾਇਰਲ ਵੀਡੀਓ ਵਿੱਚੋਂ ਲਿਆ ਗਿਆ ਕਲਿਪ I

4 ਜੂਨ ਨੂੰ ਬ੍ਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਇਆ I ਇੰਟਰਨੈਟ 'ਤੇ ਵਾਇਰਲ ਵੀਡੀਓ ਵਿੱਚੋਂ ਲਿਆ ਗਿਆ ਕਲਿਪ I

ਤਸਵੀਰ: ਵਾਇਰਲ ਵੀਡੀਓ

ਸਰਬਮੀਤ ਸਿੰਘ

ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਲੰਘੇ ਵੀਕਐਂਡ 'ਤੇ ਹੋਏ ਇਕ ਨਗਰ ਕੀਰਤਨ ਦੌਰਾਨ ਮਰਹੂਮ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ਤੋਂ ਵਿਵਾਦ ਛਿੜ ਗਿਆ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ 4 ਜੂਨ ਨੂੰ ਬ੍ਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਇਆ I

ਇਸ ਨਗਰ ਕੀਰਤਨ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੇ ਦੋ ਅੰਗਰੱਖਿਅਕਾਂ ਦੁਆਰਾ ਕਤਲ ਕੀਤੇ ਜਾਣ ਦੀ ਘਟਨਾ ਨੂੰ ਦੀ ਝਾਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ I

ਕਾਂਗਰਸੀ ਨੇਤਾਵਾਂ ਦਾ ਤਿੱਖਾ ਪ੍ਰਤੀਕਰਮ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਕਈ ਨੇਤਾਵਾਂ ਨੇ ਟਵੀਟ ਕਰ ਇਸਦੀ ਨਿਖੇਧੀ ਕੀਤੀ ਹੈ I

ਸਾਬਕਾ ਭਾਰਤੀ ਕੇਂਦਰੀ ਮੰਤਰੀ ਮਿਲਿੰਦ ਦਿਓੜਾ ਨੇ ਇਕ ਟਵੀਟ ਕਰ ਕਿਹਾ ਕਿ 5 ਕਿਲੋਮੀਟਰ ਲੰਬੇ ਨਗਰ ਕੀਰਤਨ ਵਿੱਚ ਇੰਦਰਾ ਗਾਂਧੀ ਦੇ ਕਤਲ ਨੂੰ ਦਿਖਾਏ ਜਾਣ ਤੋਂ ਬਾਅਦ ਉਹ ਘਬਰਾ ਗਏ ਹਨ I

ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਸ ਮਸਲੇ ਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਚੱਕਣ ਲਈ ਕਿਹਾ ਹੈ I

ਹਾਲ ਵਿੱਚ ਹੀ ਭਾਰਤ ਵਿੱਚ ਹੋਈ ਇਕ ਪ੍ਰੈਸ ਵਾਰਤਾ ਦੌਰਾਨ ਬੋਲਦਿਆਂ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਵਿੱਚ ਕੁਝ ਖ਼ਾਲਿਸਤਾਨੀ ਪੱਖੀ ਸਮਰਥਕ ਹਨ ਪਰ ਇਹਨਾਂ ਦੀ ਗਿਣਤੀ ਬਹੁਤ ਥੋੜੀ ਹੈ I

ਇਸ ਪ੍ਰੈਸ ਵਾਰਤਾ ਦੌਰਾਨ ਜੈਸ਼ੰਕਰ ਨੇ ਕੈਨੇਡਾ ਵੱਲੋਂ ਭਾਰਤ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਕਰਾਰ ਦੇਣ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ I

ਕਾਂਗਰਸ ਐਮ ਪੀ ਸ਼ਸ਼ੀ ਥਰੂਰ ਨੇ ਵੀ ਇਸ ਘਟਨਾ ਉੱਪਰ ਟਵੀਟ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਪਾਰਟੀ ਤੋਂ ਉੱਪਰ ਉੱਠ ਕੇ ਨਿੰਦਾ ਹੋਣੀ ਚਾਹੀਦੀ ਹੈ I

ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਨਿੰਦਾ

ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇਅ ਨੇ ਵੀ ਇਸ ਮਾਮਲੇ ਵਿੱਚ ਆਪਣਾ ਪ੍ਰਤੀਕਰਮ ਦਿੱਤਾ ਹੈ I ਇਕ ਟਵੀਟ ਵਿੱਚ ਕੈਮਰਨ ਮੈਕੇਅ ਨੇ ਕਿਹਾ ਕਿ ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਜਸ਼ਨ ਮਨਾਏ ਜਾਣ ਨੂੰ ਲੈ ਕੇ ਉਹ ਦੁਖੀ ਹਨ I

ਕੈਮਰਨ ਮੈਕੇਅ ਨੇ ਕਿਹਾ ਕੈਨੇਡਾ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ I ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ I

ਇਸ ਬਾਰੇ ਪ੍ਰਤੀਕਰਮ ਲੈਣ ਲਈ ਕੈਨੇਡਾ ਵਿੱਚ ਟੋਰੌਂਟੋ ਸਥਿਤ ਭਾਰਤੀ ਕਾਊਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਈ-ਮੇਲ ਦਾ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਇਸ ਮਸਲੇ 'ਤੇ ਪ੍ਰਤੀਕਰਮ ਲੈਣ ਲਈ ਕੈਨੇਡਾ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਈ-ਮੇਲ ਕੀਤੀ ਗਈ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ I

ਅਜਿਹੀਆਂ ਝਾਕੀਆਂ ਆਮ ਗੱਲ : ਪ੍ਰਬੰਧਕ

ਉਧਰ ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਇਸ ਝਾਕੀ ਬਾਰੇ ਗਲਬਾਤ ਕਰਦਿਆਂ ਕਿਹਾ ਗਿਆ ਕਿ ਅਜਿਹੀਆਂ ਝਾਕੀਆਂ ਹੋਰਨਾਂ ਦੇਸ਼ਾਂ ਵਿੱਚ ਵੀ ਆਮ ਹੀ ਦਿਖਾਈਆਂ ਜਾਂਦੀਆਂ ਹਨ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਪ੍ਰਬੰਧਕਾਂ ਵਿੱਚ ਸ਼ਾਮਿਲ ਭਗਤ ਸਿੰਘ ਨੇ ਕਿਹਾ 1984 ਦੌਰਾਨ ਹਰਮਿੰਦਰ ਸਾਹਿਬ 'ਤੇ ਹੋਏ ਹਮਲੇ ਦੀ ਘਟਨਾ ਸਿੱਖਾਂ ਦੇ ਮਨ ਵਿੱਚ ਤਾਜ਼ਾ ਹੈ I ਇਸ ਬਾਰੇ ਅਗਲੀਆਂ ਪੀੜੀਆਂ ਨੂੰ ਵੀ ਜਾਣੂ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਝਾਕੀਆਂ ਭਾਰਤ , ਕੈਨੇਡਾ ਸਮੇਤ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਕੱਢੀਆਂ ਜਾਂਦੀਆਂ ਹਨ I

ਇੰਦਰਾ ਗਾਂਧੀ ਭਾਰਤ ਦੀ ਪਹਿਲੀ ਤੇ ਹੁਣ ਤੱਕ ਆਖਰੀ ਮਹਿਲਾ ਪ੍ਰਧਾਨ ਮੰਤਰੀ ਸਨ I

ਇੰਦਰਾ ਗਾਂਧੀ ਭਾਰਤ ਦੀ ਪਹਿਲੀ ਤੇ ਹੁਣ ਤੱਕ ਆਖਰੀ ਮਹਿਲਾ ਪ੍ਰਧਾਨ ਮੰਤਰੀ ਸਨ I

ਤਸਵੀਰ: Radio-Canada

ਭਗਤ ਸਿੰਘ ਨੇ ਕਿਹਾ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੀਆਂ ਤਸਵੀਰਾਂ ਅਕਾਲ ਤਖ਼ਤ ਉੱਪਰ ਵੀ ਲੱਗੀਆਂ ਹੋਈਆਂ ਹਨ I ਇਸ ਝਾਕੀ ਉੱਪਰ ਸਵਾਲ ਉਠਾਉਣ ਵਾਲੇ ਕਾਂਗਰਸੀ ਨੇਤਾਵਾਂ ਨੂੰ ਪਹਿਲਾਂ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਜਵਾਬ ਦੇਣੇ ਚਾਹੀਦੇ ਹਨ I

ਦੱਸਣਯੋਗ ਹੈ ਕਿ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਹਮਲਾ ਕੀਤਾ ਗਿਆ ਸੀ ਅਤੇ ਇਸਨੂੰ ਆਪਰੇਸ਼ਨ ਬਲੂ ਸਟਾਰ ਵਜੋਂ ਜਾਣਿਆਂ ਜਾਂਦਾ ਹੈ।

ਆਪਰੇਸ਼ਨ ਬਲੂ ਸਟਾਰ ਦੇ ਚਾਰ ਮਹੀਨੇ ਬਾਅਦ ਹੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਭਾਰਤ ਦੀ ਪਹਿਲੀ ਤੇ ਹੁਣ ਤੱਕ ਆਖਰੀ ਮਹਿਲਾ ਪ੍ਰਧਾਨ ਮੰਤਰੀ ਸਨ I

ਸਰਬਮੀਤ ਸਿੰਘ

ਸੁਰਖੀਆਂ