1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਫ਼ਰਜ਼ੀ ਦਾਖ਼ਲਾ ਪੱਤਰ ਮਾਮਲਾ: 13 ਜੂਨ ਲਵਪ੍ਰੀਤ ਸਿੰਘ ਦੀ ਡਿਪੋਰਟ ਹੋਣ ਦੀ ਤਾਰੀਖ਼

ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸ ਮੁੱਦੇ ਦਾ ਸਰਗਰਮੀ ਨਾਲ ਹੱਲ ਲੱਭਿਆ ਜਾ ਰਿਹਾ ਹੈ

ਲਵਪ੍ਰੀਤ ਸਿੰਘ ਪਿਛਲੇ 12 ਦਿਨਾਂ ਤੋਂ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਹੈ।

ਲਵਪ੍ਰੀਤ ਸਿੰਘ ਪਿਛਲੇ 12 ਦਿਨਾਂ ਤੋਂ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਹੈ।

ਤਸਵੀਰ: (Nav Rahi/CBC)

RCI

ਫ਼ਰਜ਼ੀ ਦਾਖ਼ਲਾ ਪੱਤਰ ਮਾਮਲੇ ਵਿਚ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਨੂੰ ਲੈਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

ਇਹ ਵਿਦਿਆਰਥੀ ਮਿਸੀਸਾਗਾ ਸਥਿਤ ਕੈਨੇਡਾ ਬੌਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੇ ਮੁੱਖ ਦਫ਼ਤਰ ਅੱਗੇ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਮੁਜ਼ਾਹਰਾ ਕਰ ਰਹੇ ਹਨ।

ਇਹਨਾਂ ਵਿਚੋਂ ਹੀ ਇੱਕ ਵਿਦਿਆਰਥੀ ਲਵਪ੍ਰੀਤ ਸਿੰਘ ਹੈ।

ਲਵਪ੍ਰੀਤ 2017 ਵਿਚ ਲੈਂਬਟਨ ਕਾਲਜ ਦੇ ਮਿਸਿਸਾਗਾ ਕੈਂਪਸ ਵਿਚ ਦਾਖ਼ਲਾ ਲੈਕੇ ਕੈਨੇਡਾ ਆਇਆ ਸੀ। ਇਸ ਦੌਰਾਨ ਉਸਨੇ ਇੱਕ ਇਮੀਗ੍ਰੇਸ਼ਨ ਏਜੰਟ ਤੋਂ ਆਪਣੀ ਫ਼ਾਈਲ ਲਵਾਈ ਸੀ ਅਤੇ ਦਾਖ਼ਲਾ ਪੱਤਰ ਲੈਕੇ ਉਹ ਕੈਨੇਡਾ ਆ ਗਿਆ।

ਪਰ ਜਦੋਂ ਲਵਪ੍ਰੀਤ ਕੈਨੇਡਾ ਆਇਆ ਤਾਂ ਉਸਨੂੰ ਕਾਲਜ ਵੱਲੋਂ ਦੱਸਿਆ ਗਿਆ ਕਿ ਉਸਦਾ ਨਾਮ ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਦੀ ਸੂਚੀ ਵਿਚ ਨਜ਼ਰ ਨਹੀਂ ਆ ਰਿਹਾ।

ਬਾਅਦ ਵਿਚ ਪਤਾ ਲੱਗਾ ਕਿ ਏਜੰਟ ਨੇ ਜਿਹੜਾ ਦਾਖ਼ਲਾ ਪੱਤਰ ਲਵਪ੍ਰੀਤ ਨੂੰ ਦਵਾਇਆ ਸੀ, ਉਹ ਜਾਅਲੀ ਸੀ। ਇਸੇ ਕਰਕੇ ਲਵਪ੍ਰੀਤ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ।

ਲਵਪ੍ਰੀਤ ਨੇ ਦੱਸਿਆ ਕਿ ਉਸਨੂੰ ਕੈਨੇਡਾ ਭੇਜਣ ਲਈ ਪਰਿਵਾਰ ਨੇ ਸਾਰੇ ਜੀਵਨ ਦੀ ਕਮਾਈ ਲਾ ਦਿੱਤੀ ਸੀ, ਅਤੇ ਇੱਥੇ 5-6 ਸਾਲ ਬਿਤਾਉਣ ਤੋਂ ਬਾਅਦ ਡਿਪੋਰਟ ਹੋਣ ਦੀ ਖ਼ਬਰ ਨੇ ਉਸਦੇ ਸੁਪਣੇ ਚਕਨਾਚੂਰ ਕਰ ਦਿੱਤੇ ਹਨ।

ਲਵਪ੍ਰੀਤ ਨੇ ਮੌਂਟਰੀਅਲ ਵਿੱਖੇ ਇੱਕ ਨਵਾਂ ਸਟਡੀ ਪ੍ਰਾਪਤ ਕਰਕੇ ਕਿਸੇ ਹੋਰ ਕਾਲਜ ਵਿਚ ਦਾਖ਼ਲਾ ਵੀ ਲਿਆ ਅਤੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ। ਪਰ ਇਸਦੇ ਬਾਵਜੂਦ ਉਸਨੂੰ ਦੱਸਿਆ ਗਿਆ ਕਿ ਕੈਨੇਡਾ ਆਉਣ ਲਈ ਪਹਿਲਾਂ ਜਾਅਲੀ ਦਾਖ਼ਲਾ ਪੱਤਰ ਲਾਉਣ ਕਰਕੇ ਉਸਨੂੰ ਡਿਪੋਰਟ ਕੀਤਾ ਜਾਵੇਗਾ।

ਲਵਪ੍ਰੀਤ ਕਹਿੰਦਾ ਹੈ ਕਿ ਇੰਨੇ ਸਾਲ ਬੀਤ ਜਾਣ ਕਰਕੇ ਉਸ ਕੋਲ ਆਪਣੇ ਉਸ ਇਮੀਗ੍ਰੇਸ਼ਨ ਏਜੰਟ ਦਾ ਨੰਬਰ ਵੀ ਨਹੀਂ ਹੈ।

ਡਿਪੋਰਟੇਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀ

ਡਿਪੋਰਟੇਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀ

ਤਸਵੀਰ: (Nav Rahi/CBC)

ਲਵਪ੍ਰੀਤ ਵੀ ਸੀਬੀਐਸਏ ਦੇ ਦਫ਼ਤਰ ਦੇ ਪਾਰਕਿੰਟ ਲੌਟ ਵਿਚ ਡਿਪੋਰਟੇਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਸ਼ਾਮਲ ਹੋ ਗਿਆ ਹੈ। ਇੱਥੇ ਕਈ ਅਜਿਹੇ ਵਿਦਿਆਰਥੀ ਹਨ ਜੋ ਇਮੀਗ੍ਰੇਸ਼ਨ ਏਜੰਟ ਵੱਲੋਂ ਇਸੇ ਕਿਸਮ ਦੀ ਠੱਗੀ ਦੇ ਪੀੜਤ ਹਨ।

ਮਾਰਚ ਵਿਚ ਸੀਬੀਸੀ ਦੇ The Fifth State ਪ੍ਰੋਗਰਾਮ ਨੇ ਇਸੇ ਮੁੱਦੇ ‘ਤੇ ਇੱਕ ਰਿਪੋਰਟ ਤਿਆਰ ਕੀਤੀ ਸੀ।

ਲਵਪ੍ਰੀਤ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਸਿਰਫ਼ ਉਸ ਦੇ ਬਾਰੇ ਨਹੀਂ ਸਗੋਂ ਅਜਿਹੇ ਕਿੰਨੇ ਹੀ ਵਿਦਿਆਰਥੀ ਹਨ ਜੋ ਚੁੱਪ-ਚੁਪੀਤੇ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ।

'ਮੇਰਾ ਮੰਨਣਾ ਹੈ ਕਿ ਉਹ ਧੌਖਾਧੜੀ ਦਾ ਪੀੜਤ ਹੈ' : ਐਨਡੀਪੀ ਐਮਪੀ

ਐਨਡੀਪੀ ਐਮਪੀ ਅਤੇ ਇਮੀਗ੍ਰੇਸ਼ਨ ਕ੍ਰਿਟਿਕ, ਜੈਨੀ ਕਵਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਧੋਖਾਧੜੀ ਦਾ ਪੀੜਤ ਹੈ ਅਤੇ ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ, ਜਿਨ੍ਹਾਂ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ, ਜੋ ਇਸੇ ਕਿਸਮ ਦੀ ਠੱਗੀ ਦਾ ਸ਼ਿਕਾਰ ਹਨ। ਹਾਲਾਂਕਿ ਜੈਨੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਕਿੰਨੇ ਕੁ ਵਿਦਿਆਰਥੀਆਂ ਨਾਲ ਗੱਲ ਕੀਤੀ ਹੈ।

ਐਨਡੀਪੀ ਐਮਪੀ ਅਤੇ ਇਮੀਗ੍ਰੇਸ਼ਨ ਕ੍ਰਿਟਿਕ, ਜੈਨੀ ਕਵਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਧੋਖਾਧੜੀ ਦਾ ਪੀੜਤ ਹੈ।

ਐਨਡੀਪੀ ਐਮਪੀ ਅਤੇ ਇਮੀਗ੍ਰੇਸ਼ਨ ਕ੍ਰਿਟਿਕ, ਜੈਨੀ ਕਵਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਧੋਖਾਧੜੀ ਦਾ ਪੀੜਤ ਹੈ।

ਤਸਵੀਰ: (Maggie MacPherson/CBC)

ਜੈਨੀ ਵੱਲੋਂ ਪੋਸਟ ਕੀਤੀ ਇੱਕ ਟਵੀਟ ਅਨੁਸਾਰ, ਬੁੱਧਵਾਰ ਰਾਤ ਨੂੰ ਇਮੀਗ੍ਰੇਸ਼ਨ ਬਾਰੇ ਫ਼ੈਡਰਲ ਕਮੇਟੀ ਨੇ ਇੱਕ ਮੋਸ਼ਨ ਪਾਸ ਕਰਕੇ ਡਿਪੋਰਟੇਸ਼ਨ ਨੂੰ ਰੋਕਣ ਦੀ ਮੰਗ ਕੀਤੀ ਹੈ। ਮੋਸ਼ਨ ਅਨੁਸਾਰ ਕਮੇਟੀ ਕਰੀਬ 700 ਪੰਜਾਬੀ ਅੰਤਰਰਾਸ਼ਟਰੂ ਵਿਦਿਆਰਥੀਆਂ ਦੇ ਟਾਰਗੇਟੇਡ ਸ਼ੋਸ਼ਣ ਦਾ ਵੀ ਅਧਿਐਨ ਕਰੇਗੀ।

ਇਹ ਕਮੇਟੀ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ, ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਸੱਦਾ ਦਵੇਗੀ ਅਤੇ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰੇਗੀ। ਜੈਨੀ ਨੇ ਕਿਹਾ ਕਿ ਇਹ ਕਮੇਟੀ ਫ਼ਿਰ ਸਰਕਾਰ ਨੂੰ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰੇਗੀ।

ਜੈਨੀ ਨੇ ਕਿਹਾ ਕਿ ਇਹ ਬਹੁਤ ਅਵਿਸ਼ਵਾਸਯੋਗ ਹੈ ਕਿ ਇਹ ਬੇਈਮਾਨ ਇਮੀਗ੍ਰੇਸ਼ਨ ਏਜੰਟ ਲੋਕਾਂ ਦਾ ਫ਼ਾਇਦਾ ਚੁੱਕਦੇ ਹਨ। ਇਸ ਨਾ ਸਿਰਫ਼ ਉਨ੍ਹਾਂ ਤੋਂ ਠੱਗੀ ਨਾਲ ਪੈਸੇ ਲੈਂਦੇ ਹਨ, ਸਗੋਂ ਉਨ੍ਹਾਂ ਦੇ ਸੁਪਣੇ ਅਤੇ ਜ਼ਿੰਦਗੀਆਂ ਵੀ ਬਰਬਾਦ ਕਰ ਦਿੰਦੇ ਹਨ।

ਜੈਨੀ ਨੇ ਕਿਹਾ ਕਿ ਉਨ੍ਹਾਂ ਨੇ ਲਵਪ੍ਰੀਤ ਦਾ ਮੁੱਦਾ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਸਾਹਮਣੇ ਵੀ ਚੁੱਕਿਆ ਹੈ।

ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਵਿਅਕਤੀਗਤ ਕੇਸਾਂ ‘ਤੇ ਟਿੱਪਣੀ ਨਹੀਂ ਕਰ ਸਕਦੇ।

ਸਪੋਸਕਸਪਰਸਨ ਸੋਫ਼ਿਕਾ ਲੁਕੀਐਨਨਕੋ ਨੇ ਇੱਕ ਈਮੇਲ ਵਿਚ ਕਿਹਾ, ਅਸੀਂ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਗਰਮੀ ਨਾਲ ਹੱਲ ਲੱਭ ਰਹੇ ਹਾਂ ਜੋ ਫਰਜ਼ੀ ਕਾਲਜ ਦਾਖਲਾ ਪੱਤਰਾਂ ਨਾਲ ਕੈਨੇਡਾ ਵਿੱਚ ਦਾਖ਼ਲ ਹੋਣ ਕਾਰਨ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ

ਪਰ ਵਿਭਾਗ ਜਾਅਲੀ ਦਾਖ਼ਲਾ ਪੱਤਰ ਸਬੰਧੀ ਡਿਪੋਰਟੇਸ਼ਨਾਂ ਨੂੰ ਰੋਕਣ ਬਾਰੇ ਵਚਨਬੱਧ ਨਹੀਂ ਸੀ।

ਸੋਫ਼ਿਕਾ ਅਨੁਸਾਰ, ਇਮੀਗ੍ਰੇਸ਼ਨ ਵਿਭਾਗ ਨੇ 2018 ਵਿਚ ਦਾਖ਼ਲਾ ਪੱਤਰਾਂ ਦੀ ਤਸਦੀਕ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਜਿਸ ਤਹਿਤ ਅਧਿਕਾਰੀ ਖ਼ਦਸ਼ੇ ਹੋਣ ‘ਤੇ ਪੱਤਰ ਭੇਜ ਸਕਦੇ ਹਨ।

ਸੀਬੀਐਸਏ ਨੇ ਸੀਬੀਸੀ ਨੂੰ ਦੱਸਿਆ ਕਿ ਇਸ ਸਮੇਂ ਇਮੀਗ੍ਰੇਸ਼ਨ ਐਕਟ ਤਹਿਤ ਗ਼ਲਤ-ਜਾਣਕਾਰੀ (misrepresentation) ਦੇ ਕਈ ਮਾਮਲੇ ਜਾਂਚ ਅਧੀਨ ਹਨ।

ਸੀਬੀਐਸਏ ਦੇ ਬੁਲਾਰੇ ਮਾਰੀਆ ਲੈਡੋਸੀਅਰ ਅਨੁਸਾਰ ਜੋ ਲੋਕ ਕੈਨੇਡਾ ਵਿਚ ਦਾਖ਼ਲ ਹੋਣ ਜਾਂ ਇੱਥੇ ਟਿਕੇ ਰਹਿਣ ਲਈ ਗ਼ਲਤ ਜਾਣਕਾਰੀ ਪ੍ਰਦਾਨ ਕਰਦੇ ਹਨ, ਉਨ੍ਹਾਂ ‘ਤੇ ਕੈਨੇਡਾ ਚੋਂ ਕੱਢੇ ਜਾਣ ਦਾ ਜੋਖਮ ਹੁੰਦਾ ਹੈ।

ਮਾਰੀਆ ਅਨੁਸਾਰ, ਸਟਡੀ ਪਰਮਿਟ ਦੀਆਂ ਅਰਜ਼ੀਆਂ ਦੀ ਸਮੀਖਿਆ ਇਮੀਗ੍ਰੇਸ਼ਨ ਵਿਭਾਗ ਦੀ ਜ਼ਿੰਮੇਵਾਰੀ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿਮਾਇਤ ਕਰ ਰਹੇ ਗਰੁੱਪ, ਮਾਈਗਰੈਂਟਸ ਵਰਕਰਜ਼ ਅਲਾਇੰਸ ਫ਼ੌਰ ਚੇਂਜ ਅਨੁਸਾਰ ਸੈਂਕੜੇ ਵਿਦਿਆਰਥੀਆਂ ਨਾਲ ਇਸ ਕਿਸਮ ਦੀ ਇਮੀਗ੍ਰੇਸ਼ਨ ਠੱਗੀ ਵੱਜੀ ਹੈ ਅਤੇ ਬਹੁਤ ਸਾਰਿਆਂ ਦੀ ਪੀ ਆਰ ਲਈ ਅਯੋਗਤਾ ਵੀ ਤੈਅ ਹੋ ਗਈ ਹੈ।

ਗਰੁੱਪ ਦੀ ਮੰਗ ਹੈ ਕਿ ਡਿਪੋਰਟੇਸ਼ਨਾਂ ‘ਤੇ ਤੁਰੰਤ ਰੋਕ ਲਗਾਕੇ, ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਪੀ ਆਰ ਦਿੱਤੀ ਜਾਵੇ।

ਲੇਨ ਹੈਰੀਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ