1. ਮੁੱਖ ਪੰਨਾ
  2. ਵਾਤਾਵਰਨ
  3. ਪ੍ਰਦੂਸ਼ਨ

ਜੰਗਲੀ ਅੱਗ ਦੇ ਧੂੰਏਂ ਕਰਕੇ ਕੈਨੇਡਾ ਦੇ ਜ਼ਿਆਦਾਤਰ ਹਿੱਸਆਂ ਵਿਚ ਹਵਾ ਪ੍ਰਭਾਵਿਤ

ਕਈ ਥਾਾਂਵਾਂ 'ਤੇ ਐਲਰਟ ਜਾਰੀ

7 ਜੂਨ 2023 ਨੂੰ ਔਟਵਾ ਦੇ ਪਾਰਲੀਮੈਂਟ ਹਿੱਲ ਇਲਾਕੇ ਵਿਚ ਮਾਸਕ ਪਹਿਨੇ ਜਾਂਦਾ ਇੱਕ ਰਾਹਗੀਰ। ਜੰਗਲੀ ਅੱਗਾਂ ਕਾਰਨ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ।

7 ਜੂਨ 2023 ਨੂੰ ਔਟਵਾ ਦੇ ਪਾਰਲੀਮੈਂਟ ਹਿੱਲ ਇਲਾਕੇ ਵਿਚ ਮਾਸਕ ਪਹਿਨੇ ਜਾਂਦਾ ਇੱਕ ਰਾਹਗੀਰ। ਜੰਗਲੀ ਅੱਗਾਂ ਕਾਰਨ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ।

ਤਸਵੀਰ:  (Adrian Wyld/The Canadian Press)

RCI

ਜੰਗਲਾਂ ਵਿਚ ਲੱਗੀ ਅੱਗ ਕਾਰਨ ਕੈਨੇਡਾ ਦੇ ਤਕਰੀਬਨ ਹਰ ਹਿੱਸੇ ਲਈ ਫ਼ੈਡਰਲ ਸਰਕਾਰ ਵੱਲੋਂ ਤਪਿਸ਼ ਜਾਂ ਹਵਾ ਦੀ ਗੁਣਵੱਤਾ ਬਾਬਤ ਚਿਤਾਵਨੀ ਜਾਰੀ ਹੈ।

7 ਜੂਨ ਕੈਨੇਡਾ ਵਿਚ ਰਾਸ਼ਟਰੀ ਸਵੱਛ ਹਵਾ ਦਿਵਸ ਸੀ, ਪਰ ਇਸ ਦਿਨ ਮੁਲਕ ਦੇ ਬਹੁਤੇ ਇਲਾਕਿਆਂ ਵਿਚ ਹਵਾ ਦੂਸ਼ਿਤ ਰਹੀ ਅਤੇ ਇਸ ਦਿਨ ਕੈਨੇਡਾ ਵਿਚ ਹੁਣ ਤੱਕ ਦੀ ਸਭ ਤੋਂ ਮਾੜੀ ਏਅਰ ਕੁਆਲਟੀ ਦਰਜ ਕੀਤੀ ਗਈ।

ਐਨਵਾਇਰਨਮੈਂਟ ਕੈਨੇਡਾ ਦੇ ਏਅਰ ਕੁਆਲਟੀ ਇੰਡੈਕਸ (ਹਵਾ ਗੁਣਵੱਤਾ ਸੂਚਕ) ਵਿਚ ਔਟਵਾ ਅਤੇ ਕਿਊਬੈਕ ਦੇ ਗੈਟੀਨੌ ਵਿਚ ਹਵਾ ਦੀ ਗੁਣਵੱਤਾ ਮੁਲਕ ਵਿਚ ਸਭ ਤੋਂ ਮਾੜੀ ਅਤੇ ਬਹੁਤ ਜ਼ਿਆਦਾ ਜੋਖਮ ਵਾਲੇ ਪੱਧਰ ‘ਤੇ ਦਰਜ ਹੋਈ।

ਇਹਨਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਗਈ, ਅਤੇ ਹਾਈ ਰਿਸਕ ਵਾਲੇ ਲੋਕਾਂ ਨੂੰ ਧੂੰਏਂ ਤੋਂ ਪੂਰੀ ਤਰ੍ਹਾਂ ਬਚਣ ਲਈ ਕਿਹਾ ਗਿਆ। 

ਔਟਵਾ ਅਤੇ ਟੋਰੌਂਟੋ ਇਲਾਕੇ ਦੇ ਸਕੂਲ ਬੋਰਡਾਂ ਨੇ ਅੱਧੀ-ਛੁੱਟੀ ਵੇਲੇ ਬੱਚਿਆਂ ਨੂੰ ਅੰਦਰ ਹੀ ਰੱਖਿਆ ਅਤੇ ਕੁਝ ਖੇਡ ਲੀਗਾਂ ਨੇ ਬਾਹਰੀ ਖੇਡਾਂ ਅਤੇ ਅਭਿਆਸਾਂ ਨੂੰ ਰੱਦ ਕਰ ਦਿੱਤਾ।

ਲੋਕਾਂ ਵੱਲੋਂ ਬਾਹਰਲੀਆਂ ਗਤੀਵਿਧੀਆਂ ਵਿਚ ਤਬਦੀਲੀ ਕੀਤੀ ਗਈ ਅਤੇ ਬਾਹਰ ਫਿਰਦੇ ਬਹੁਤ ਸਾਰੇ ਲੋਕ ਮਾਸਕ ਪਹਿਨੇ ਵੀ ਨਜ਼ਰ ਆਏ।

ਉੱਧਰ ਪੂਰਬੀ ਅਮਰੀਕਾ ਵਿਚ ਵੀ ਕੈਨੇਡਾ ਦੇ ਜੰਗਲੀ ਅੱਗਾਂ ਚੋਂ ਨਿਕਲੇ ਧੂੰਏਂ ਨੇ ਖ਼ਾਸਾ ਪ੍ਰਭਾਵ ਪਾਇਆ। ਨਿਊ ਯੌਰਕ ਅਤੇ ਵਸ਼ਿੰਗਟਨ ਡੀਸੀ ਵਿਚ ਵੀ ਹਵਾ ਦੀ ਗੁਣਵੱਤਾ ਬਾਰੇ ਚਿਤਾਵਨੀ ਜਾਰੀ ਕੀਤੀ ਗਈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਬੁੱਧਵਾਰ ਨੂੰ ਇਸ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨਾਲ ਫੋਨ 'ਤੇ ਗੱਲ ਕੀਤੀ। ਦੋਵੇਂ ਲੀਡਰ ਇਸ ਗੱਲ 'ਤੇ ਸਹਿਮਤ ਹੋਏ ਕਿ ਮੌਜੂਦਾ ਸਥਿਤੀ ਕਲਾਈਮੇਟ ਚੇਂਜ ‘ਤੇ ਤਰਜੀਹ ਦੇ ਅਧਾਰ ‘ਤੇ ਕੰਮ ਕਰਨ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੀ ਹੈ।

ਬੁੱਧਵਾਰ ਦੁਪਹਿਰ ਤੱਕ, ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਡੇਟਾਬੇਸ ਨੇ ਨੌਂ ਸੂਬਿਆਂ ਅਤੇ ਦੋ ਪ੍ਰਦੇਸ਼ਾਂ ਵਿੱਚ 440 ਅੱਗਾਂ ਬਲਦੀਆਂ ਦਰਜ ਕੀਤੀਆਂ ਜਿਹਨਾਂ ਵਿਚੋਂ ਅੱਧੇ ਤੋਂ ਵੱਧ ਕਾਬੂ ਤੋਂ ਬਾਹਰ ਸਮਝੀਆਂ ਜਾ ਰਹੀਆਂ ਹਨ।

ਅੱਗ ਵਿਚ ਸੜ ਚੁੱਕੀ ਜ਼ਮੀਨ ਦਾ ਖੇਤਰਫਲ ਬੁੱਧਵਾਰ ਨੂੰ 40,000 ਵਰਗ-ਕਿਲੋਮੀਟਰ ਦੇ ਅੰਕ ਨੂੰ ਪਾਰ ਕਰ ਗਿਆ, ਜਿਸ ਨਾਲ ਸਾਲ 2023 ਦਾ ਅੱਗ ਦਾ ਸੀਜ਼ਨ ਗਰਮੀਆਂ ਦੇ ਅਧਿਕਾਰਤ ਤੌਰ ‘ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੈਨੇਡਾ ਵਿਚ ਹੁਣ ਤੱਕ ਦਾ ਚੌਥਾ ਸਭ ਤੋਂ ਭੈੜਾ ਸੀਜ਼ਨ ਬਣ ਗਿਆ ਹੈ।

ਜਿਸ ਰਫ਼ਤਾਰ ਨਾਲ ਅੱਗ ਫ਼ੈਲ ਰਹੀ ਹੈ, ਇਹ ਸੀਜ਼ਨ ਅਗਲੇ ਹਫ਼ਤੇ ਤੱਕ ਹੁਣ ਤੱਕ ਦਾ ਸਭ ਤੋਂ ਤੀਬਰ ਫ਼ਾਇਰ ਸੀਜ਼ਨ ਬਣ ਸਕਦਾ ਹੈ।

ਅਜੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ।

ਕਿਊਬੈਕ ਵਿਚ ਕੁਝ ਹਾਈਡਰੋ ਟਾਵਰ ਨੁਕਸਾਨ ਦੀ ਜ਼ਦ ਵਿਚ ਆ ਸਕਦੇ ਹਨ। ਉੱਧਰ ਬੀਸੀ ਵਿਚ ਜੰਗਲੀ ਅੱਗ ਕਾਰਨ ਪੋਰਟ ਅਲਬਰਨੀ, ਟੋਫ਼ੀਨੌ ਅਤੇ ਅਕਲੂਲੇਟ ਨੂੰ ਸੂਬੇ ਨਾਲ ਜੋੜਨ ਵਾਲੇ ਵਾਹਿਦ ਹਾਈਵੇ ਨਾਲ ਵੀ ਸੰਪਰਕ ਟੁੱਟ ਗਿਆ ਹੈ।

ਬੁੱਧਵਾਰ ਨੂੰ ਧੂੰਏਂ ਨਾਲ ਘਿਰੇ ਟੋਰੌਂਟੋ ਦੀ ਤਸਵੀਰ। ਵੀਰਵਾਰ ਨੂੰ ਟੋਰੌਂਟੋ ਵਿਚ ਹਵਾ ਦੀ ਗੁਣਵੱਤਾ ਹੋਰ ਵਿਗੜਨ ਦਾ ਅਨੁਮਾਨ ਹੈ।

ਬੁੱਧਵਾਰ ਨੂੰ ਧੂੰਏਂ ਨਾਲ ਘਿਰੇ ਟੋਰੌਂਟੋ ਦੀ ਤਸਵੀਰ। ਵੀਰਵਾਰ ਨੂੰ ਟੋਰੌਂਟੋ ਵਿਚ ਹਵਾ ਦੀ ਗੁਣਵੱਤਾ ਹੋਰ ਵਿਗੜਨ ਦਾ ਅਨੁਮਾਨ ਹੈ।

ਤਸਵੀਰ:  (Patrick Morrell/CBC)

ਮਈ ਦੇ ਮੁਸ਼ਕਿਲ ਮਹੀਨੇ ਤੋਂ ਬਾਅਦ ਹੁਣ ਐਲਬਰਟਾ ਵਿਚ ਐਮਰਜੈਂਸੀ ਹਟਾ ਲਈ ਗਈ ਹੈ। ਐਲਬਰਟਾ ਵਿਚ 314 ਜੰਗਲੀ ਅੱਗਾਂ ਵਿਚ 12,000 ਵਰਗ-ਕਿਲੋਮੀਟਰ ਤੋਂ ਵੱਧ ਦਾ ਜੰਗਲ ਸੜ ਗਿਆ ਅਤੇ ਹਜ਼ਾਰਾਂ ਲੋਕਾਂ ਨੂੰ ਮਜਬੂਰਨ ਆਪਣੇ ਘਰ ਛੱਡਣੇ ਪਏ। ਸੂਬੇ ਵਿਚ ਅਜੇ ਵੀ 65 ਜੰਗਲੀ ਅੱਗਾਂ ਬਲ ਰਹੀਆਂ ਹਨ ਜਿਨ੍ਹਾਂ ਚੋਂ 17 ਕਾਬੂ ਤੋਂ ਬਾਹਰ ਹਨ।

ਨੋਵਾ ਸਕੋਸ਼ੀਆ ਵਿਚ, 151 ਘਰਾਂ ਨੂੰ ਤਬਾਹ ਕਰਨ ਵਾਲੀ ਟੈਂਟਲਨ ਜੰਗਲੀ ਅੱਗ ਕਾਬੂ ਅਧੀਨ ਹੈ, ਪਰ ਬੈਰਿੰਗਟਨ ਲੇਕ ਇਲਾਕੇ ਵਿਚ ਲੱਗੀ ਅੱਗ, ਜਿਸ ਨੇ ਘੱਟੋ ਘੱਟ 60 ਘਰ ਤਬਾਹ ਕੀਤੇ ਹਨ, ਅਜੇ ਵੀ ਕਾਬੂ ਤੋਂ ਬਾਹਰ ਹੈ।

ਕਿਊਬੈਕ ਹੁਣ ਸਭ ਤੋਂ ਔਖੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ 163 ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿੱਚੋਂ 117 ਕਾਬੂ ਤੋਂ ਬਾਹਰ ਹਨ।

ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵੇਨ ਆਇਰ ਕਹਿ ਚੁੱਕੇ ਹਨ ਕਿ ਆਫ਼ਤ ਦੌਰਾਨ ਸਹਾਇਤਾ ਲਈ ਸੈਨਿਕਾਂ ਦੀ ਵਧੇਰੇ ਮੰਗ ਫ਼ੌਜ ਦੀ ਸਮੁੱਚੀ ਸਮਰੱਥਾ 'ਤੇ ਦਬਾਅ ਪਾ ਰਹੀ ਹੈ।

ਵਾਟਰਬੰਬਰ ਅਤੇ ਹੋਰ ਜਹਾਜ਼ਾਂ ਵਰਗੇ ਉਪਕਰਣਾਂ ਨਾਲ, 500 ਤੋਂ ਵੱਧ ਸੈਨਿਕ ਅਤੇ ਫ਼ੌਜੀ ਮਾਹਰ ਐਲਬਰਟਾ, ਕਿਊਬੈਕ ਅਤੇ ਨੋਵਾ ਸਕੋਸ਼ੀਆ ਵਿਚ ਅੱਗ ਨਾਲ ਨਜਿੱਠਣ ਵਿਚ ਮਦਦ ਲਈ ਤੈਨਾਤ ਹਨ।

ਅਮਰੀਕਾ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਲਗਭਗ 1,000 ਅੰਤਰਰਾਸ਼ਟਰੀ ਫ਼ਾਇਰਫ਼ਾਈਟਰ ਵੀ ਮਦਦ ਲਈ ਕੈਨੇਡਾ ਵਿੱਚ ਮੌਜੂਦ ਹਨ ਅਤੇ ਫ਼੍ਰਾਂਸ ਤੋਂ ਹੋਰ 109 ਫ਼ਾਇਰਫ਼ਾਈਟਰਾਂ ਦੇ ਕਿਊਬੈਕ ਪਹੁੰਚਣ ਦੀ ਉਮੀਦ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ