1. ਮੁੱਖ ਪੰਨਾ
  2. ਸੰਗੀਤ
  3. ਅਲਟਰਨੇਟਿਵ ਸੰਗੀਤ

ਕਦੇ ਕੈਨੇਡੀਅਨ ਆਈਡਲ ਚੋਂ ਬਾਹਰ ਹੋਈ ਜੌਨਿਤਾ ਗਾਂਧੀ ਹੁਣ ਬੌਲੀਵੁੱਡ ਦੇ ਨਾਮੀ ਗਾਇਕਾਂ ਚੋਂ ਇੱਕ

ਬ੍ਰੈਂਪਟਨ ਵਿਚ ਵੱਡੀ ਹੋਈ ਜੌਨਿਤਾ ਹੁਣ ਮੁੰਬਈ ਰਹਿੰਦੀ ਹੈ

28 ਮਈ ਨੂੰ ਜੌਨਿਤਾ ਗਾਂਧੀ ਨੇ ਅਹਿਮਦਾਬਾਦ ਵਿਚ IPL ਦੇ ਕਲੋਜ਼ਿੰਗ ਸਮਾਗਮ ਵਿਚ ਪਰਫਾਰਮ ਕੀਤਾ ਸੀ।

28 ਮਈ ਨੂੰ ਜੌਨਿਤਾ ਗਾਂਧੀ ਨੇ ਅਹਿਮਦਾਬਾਦ ਵਿਚ IPL ਦੇ ਕਲੋਜ਼ਿੰਗ ਸਮਾਗਮ ਵਿਚ ਪਰਫਾਰਮ ਕੀਤਾ ਸੀ।

ਤਸਵੀਰ: (Jonita Gandhi/Instagram)

RCI

ਕੈਨੇਡੀਅਨ ਆਈਡਲ ਚੋਂ ਕੱਢੇ ਜਾਣ ‘ਤੇ ਵੀ ਜੌਨਿਤਾ ਨੇ ਆਪਣੀ ਆਵਾਜ਼ ਨੂੰ ਦਬਣ ਨਹੀਂ ਦਿੱਤਾ।

ਸਾਲ 2006 ਵਿਚ ਬ੍ਰੈਂਪਟਨ ਦੀ 16 ਸਾਲ ਦੀ ਸਿੰਗਰ ਨੂੰ ਆਡੀਸ਼ਨ ਚੋਂ ਬਾਹਰ ਕਰ ਦਿੱਤਾ ਗਿਆ ਸੀ। 17 ਸਾਲ ਬਾਅਦ ਉਹ ਸਿੰਗਰ ਹੁਣ ਬੌਲੀਵੁੱਡ ਦੇ ਟੌਪ ਦੇ ਗਾਇਕਾਂ ਚੋਂ ਇੱਕ ਹੈ।

ਮੁੰਬਈ ਰਹਿੰਦੀ ਇੰਡੋ-ਕੈਨੇਡੀਅਨ ਗਾਇਕਾ ਜੌਨਿਤਾ ਗਾਂਧੀ ਦੀ ਆਵਾਜ਼ ਬੌਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ਜਿਵੇਂ ਐ ਦਿਲ ਹੈ ਮੁਸ਼ਕਿਲ ਅਤੇ ਡਿਸ਼ੂਮ ਵਿਚ ਸੁਣੀ ਜਾ ਸਕਦੀ ਹੈ।

ਜੌਨਿਤਾ ਦਾ ਕਹਿਣਾ ਹੈ ਕਿ ਉਹ ਕਈ ਵੱਖ-ਵੱਖ ਸੰਗੀਤਕ ਸ਼ੈਲੀਆਂ ਅਤੇ ਗਾਇਕਾਂ ਤੋਂ ਪ੍ਰਭਾਵਿਤ ਹੈ। ਆਪਣੀ ਬੌਲੀਵੁੱਡ ਦੀ ਸਫਲਤਾ ਦੇ ਬਾਵਜੂਦ, ਉਹ ਸਿਰਫ ਇੱਥੇ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ।

ਮੈਨੂੰ ਜੋ ਵੀ ਸਹੀ ਲੱਗਦਾ ਹੈ, ਕੁਦਰਤੀ ਮਹਿਸੂਸ ਹੁੰਦਾ ਹੈ ਉਸ ਨੂੰ ਸ਼ਾਮਲ ਕਰਨਾ ਮੈਨੂੰ ਪਸੰਦ ਹੈ। ਬੌਲੀਵੁਡ ਸੁਭਾਵਿਕ ਤੌਰ 'ਤੇ ਆਉਂਦਾ ਹੈ ਕਿਉਂਕਿ ਮੇਰਾ ਪਰਿਵਾਰ ਭਾਰਤ ਤੋਂ ਹੈ ਅਤੇ ਮੈਂ ਬੌਲੀਵੁੱਡ ਸੰਗੀਤ ਸੁਣਦਿਆਂ ਵੱਡੀ ਹੋਈ ਹਾਂ

ਜੌਨਿਤਾ ਨੇ ਆਪਣੀ ਸੰਗੀਤਕ ਯਾਤਰਾ ਦੀ ਸ਼ੁਰੂਆਤ ਬ੍ਰੈਂਪਟਨ ਵਿੱਚ ਆਪਣੇ ਬੈੱਡਰੂਮ ਵਿੱਚ ਕਵਰ ਗੀਤਾਂ ਨੂੰ ਰਿਕਾਰਡ ਕਰਕੇ ਅਤੇ ਉਹਨਾਂ ਨੂੰ ਯੂਟਿਊਬ 'ਤੇ ਪੋਸਟ ਕਰਕੇ ਕੀਤੀ। ਫਿਰ ਚੇਨਈ ਐਕਸਪ੍ਰੈਸ ਵਿਚ ਗਾਣਾ ਆਉਣ ਤੋਂ ਬਾਅਦ ਉਸਨੇ ਕਾਫ਼ੀ ਪ੍ਰਸਿੱਧੀ ਖੱਟੀ।

ਪਿਛਲੇ ਹਫ਼ਤੇ ਜੌਨਿਤਾ ਟੋਰੌਂਟੋ ਵਿਚ ਆਯੋਜਿਤ ਇੱਕ ਸਾਊਥ ਏਸ਼ੀਅਨ ਸੰਗੀਤ ਉਤਸਵ, ਦੇਸੀਫ਼ੈਸਟ, ਵਿਚ ਸ਼ਾਮਲ ਹੋਈ ਸੀ।

ਪਿੱਠਵਰਤੀ ਗਾਇਨ ਅਤੇ ਪ੍ਰਸਿੱਧੀ

ਪਿੱਠਵਰਤੀ ਗਾਇਕ (playback singers) ਆਪਣੇ ਗਾਣੇ ਪਹਿਲਾਂ ਰਿਕਾਰਡ ਕਰਦੇ ਹਨ ਜਿਨ੍ਹਾਂ ਨੂੰ ਫ਼ਿਲਮਾਂ ਵਿਚ ਵਰਤਿਆ ਜਾਂਦਾ ਹੈ। ਏ ਆਰ ਰਹਿਮਾਨ, ਸ਼੍ਰੇਆ ਘੋਸ਼ਾਲ ਅਤੇ ਲਤਾ ਮੰਗੇਸ਼ਨਕਰ ਵਰਗੇ ਪਿੱਠਵਰਤੀ ਗਾਇਕ ਦੁਨੀਆ ਭਰ ਵਿਚ ਮਸ਼ਹੂਰ ਹਨ ਅਤੇ ਉਨ੍ਹਾਂ ਦੀ ਪ੍ਰਸਿੱਧੀ ਬੌਲੀਵਿੱਡ ਦੇ ਅਦਾਕਾਰਾਂ ਤੋਂ ਵੀ ਵੱਧ ਹੈ।

ਇੰਡੀਅਨ ਐਕਸਪ੍ਰੈੱਸ ਅਨੁਸਾਰ, ਸਾਲ 2001 ਵਿਚ ਕਰਨ ਜੌਹਰ ਦੀ ਕਭੀ ਖ਼ੁਸ਼ੀ ਕਭੀ ਗ਼ਮ ਫ਼ਿਲਮ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਵੱਧ ਕਾਰੋਬਾਰ ਕਰਨ ਵਾਲੀ ਫ਼ਿਲਮ ਸੀ।

ਅਲਕਾ ਯਾਗਨੀਕ ਅਤੇ ਉਦਿਤ ਨਾਰਾਇਣ ਦੀ ਆਵਾਜ਼ ਵਿਚ ਗਾਇਆ ਇਸ ਫ਼ਿਲਮ ਦਾ ਗਾਣਾ, ਬੋਲੇ ਚੂੜੀਆਂ ਦੇ ਯੂਟਿਊਬ ‘ਤੇ 780 ਮਿਲੀਅਨ ਤੋਂ ਵੱਧ ਵਿਊਜ਼ ਹਨ।

ਸੰਗੀਤਕ ਸਾਂਝ

ਪਿਛਲੇ ਮਹੀਨੇ ਜੌਨਿਤ ਨੇ IPL ਦੇ ਸਮਾਪਨ ਸਮਾਰੋਹ ਵਿਚ ਅਹਿਮਦਾਬਾਦ ਵਿਚ 125,000 ਤੋਂ ਵੱਧ ਦੇ ਇਕੱਠ ਸਾਹਮਣੇ ਪਰਫ਼ਾਰਮ ਕੀਤਾ ਸੀ। ਇਹ ਗਿਣਤੀ ਜੌਨਿਤਾ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਸੀ।

ਜੌਨਿਤਾ ਸਿਰਫ਼ ਅੰਗ੍ਰੇਜ਼ੀ ਜਾਂ ਹਿੰਦੀ ਚ ਹੀ ਨਹੀਂ ਗਾਉਂਦੀ, ਸਗੋਂ ਉਹ ਬੰਗਾਲੀ, ਤਾਮਿਲ, ਤੇਲਗੂ, ਮਲਿਆਲਮ, ਗੁਜਰਾਤੀ, ਪੰਜਾਬੀ ਅਤੇ ਕੱਨੜ ਚ ਵੀ ਗਾਉਂਦੀ ਹੈ।

ਉਸਨੇ ਸੰਗੀਤ ਸੁਣ ਕੇ ਉਨ੍ਹਾਂ ਭਾਸ਼ਾਵਾਂ ਵਿੱਚ ਗਾਉਣਾ ਸਿੱਖ ਲਿਆ। ਭਾਰਤ ਜਾਣ ਤੋਂ ਪਹਿਲਾਂ, ਕੁਝ ਭਾਸ਼ਾਵਾਂ, ਬੋਲਣਾ ਤਾਂ ਛੱਡੋ, ਉਸਨੂੰ ਪਤਾ ਵੀ ਨਹੀਂ ਸੀ ਕਿ ਇਹ ਵੀ ਕੋਈ ਭਾਸ਼ਾ ਹੁੰਦੀ ਹੈ।

ਉਹ ਕਹਿੰਦੀ ਹੈ ਕਿ ਬੌਲੀਵੁੱਡ ਤੋਂ ਬਾਹਰ, ਵਿਸ਼ਵ ਪੱਧਰ ‘ਤੇ ਭਾਰਤੀ ਸੰਗੀਤ ਦੀ ਪਹੁੰਚ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਮੈਂ ਹੁਣ ਉਨ੍ਹਾਂ ਦਰਸ਼ਕਾਂ ਤੱਕ ਪਹੁੰਚ ਰਹੀ ਹਾਂ ਜਿਨ੍ਹਾਂ ਨਾਲ ਮੈਂ ਸ਼ਾਇਦ ਗੱਲਬਾਤ ਵੀ ਨਹੀਂ ਕਰ ਸਕਦੀ ਸੀ। ਪਰ ਉਹ ਮੇਰੇ ਸੰਗੀਤ ਰਾਹੀਂ ਮੇਰੇ ਨਾਲ ਜੁੜ ਰਹੇ ਹਨ

ਨਿਸ਼ਾਤ ਚੌਧਰੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ