1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇੱਕ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਏਜੰਸੀ ਬਣਾਉਣ ‘ਤੇ ਵਿਚਾਰ ਕਰ ਰਿਹੈ ਕੈਨੇਡਾ

ਅਮਰੀਕਾ ਦੀ FEMA ਦੇ ਤਰਜ਼ ‘ਤੇ ਬਣ ਸਕਦੀ ਹੈ ਨਵੀਂ ਕੈਨੇਡੀਅਨ ਏਜੰਸੀ

ਨੋਵਾ ਸਕੋਸ਼ੀਆ ਵਿਚ ਜੰਗਲੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਇੱਕ ਫ਼ਾਇਰਫ਼ਾਈਟਰ ਦੀ ਫ਼ਾਈਲ ਤਸਵੀਰ।

ਨੋਵਾ ਸਕੋਸ਼ੀਆ ਵਿਚ ਜੰਗਲੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਇੱਕ ਫ਼ਾਇਰਫ਼ਾਈਟਰ ਦੀ ਫ਼ਾਈਲ ਤਸਵੀਰ।

ਤਸਵੀਰ:  (Darren Calabrese/Canadian Press)

RCI

ਆਫ਼ਤਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਇੱਕ ਨਵੀਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਏਜੰਸੀ ਦਾ ਗਠਨ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਇਹ ਵਿਚਾਰ ਅਜਿਹੇ ਸਮੇਂ ਵਿਚ ਕੀਤਾ ਜਾ ਰਿਹਾ ਹੈ ਜਦੋਂ ਕੈਨੇਡਾ ਹੁਣ ਤੱਕ ਦੀਆਂ ਸਭ ਤੋਂ ਤੀਬਰ ਜੰਗਲੀ ਅੱਗਾਂ ਨਾਲ ਘਿਰਿਆ ਹੈ ਅਤੇ ਸਰਕਾਰ ਨੂੰ ਮਦਦ ਲਈ ਇੱਕ ਵਾਰੀ ਫਿਰ ਤੋਂ ਫ਼ੌਜ ਦੀ ਸਹਾਇਤਾ ਲੈਣੀ ਪਈ ਹੈ।

ਪੱਛਮੀ ਅਤੇ ਉੱਤਰੀ ਕਿਊਬੈਕ ਵਿਚ ਸੈਂਕੜੇ ਜੰਗਲਾਂ ਵਿਚ ਅਜੇ ਵੀ ਅੱਗ ਬਲ ਰਹੀ ਹੈ ਅਤੇ ਇਨ੍ਹਾਂ ਅੱਗਾਂ ਕਰਕੇ ਫ਼ੈਲੇ ਧੂੰਏ ਨੇ ਸੈਂਕੜੇ ਕਿਲੋਮੀਟਰ ਤੱਕ ਨਾਲ ਲੱਗਦੇ ਇਲਾਕੇ ਵਿਚ ਹਵਾ ਦੂਸ਼ਿਤ ਕਰ ਦਿੱਤੀ ਹੈ।

ਐਨਵਾਇਰਨਮੈਂਟ ਕੈਨੇਡਾ ਨੇ ਓਨਟੇਰਿਓ ਅਤੇ ਕਿਊਬੈਕ ਵਿਚ ਹਵਾ ਦੀ ਗੁਣਵੱਤਾ ਬਾਬਤ ਚਿਤਾਵਨੀ ਵੀ ਜਾਰੀ ਕੀਤੀ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਇੱਕ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਏਜੰਸੀ ਬਣਾਉਣ ਬਾਰੇ ਵੀ ਸਵਾਲ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਵਧਦੇ ਗੰਭੀਰ ਮੌਸਮ ਦੇ ਅਨੁਕੂਲ ਹੋਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ, ਅਸੀਂ ਇਸ ਨੂੰ ਕਰਨ ਦੇ ਨਵੇਂ ਤਰੀਕੇ ਅਤੇ ਨਵੇਂ ਢੰਗਾਂ ਨੂੰ ਦੇਖਣ ਦੀ ਚਰਚਾ ਕਰ ਰਹੇ ਹਾਂ

ਸਾਨੂੰ ਇਹ ਯਕੀਨੀ ਬਣਾਉਣਾ ਜਾਰੀ ਰੱਖਣ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਅੱਤ ਮੌਸਮੀ ਘਟਨਾਵਾਂ ਦੌਰਾਨ ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ,  ਪਰ ਅਸੀਂ ਇਹ ਵੀ ਯਕੀਨੀ ਬਣਾਉਣਾ ਹੈ ਕਿ ਆਉਣ ਵਾਲੀਆਂ ਅਜਿਹੀਆਂ ਹੋਰ ਘਟਨਾਵਾਂ ਦੀ ਭਵਿੱਖਬਾਣੀ, ਸੁਰੱਖਿਆ ਅਤੇ ਕਾਰਵਾਈ ਕਰਨ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
ਵੱਲੋਂ ਇੱਕ ਕਥਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਇੱਕ ਸੀਨੀਅਰ ਸਰਕਾਰੀ ਸੂਤਰ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਇੱਕ ਨਵੀਂ ਪਹੁੰਚ ‘ਤੇ ਚਰਚਾ ਪਹਿਲਾਂ ਹੀ ਚੱਲ ਰਹੀ ਹੈ ਜਿਸ ਵਿੱਚ ਅਮਰੀਕਾ ਦੀ ਫ਼ੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (FEMA) ਦੀ ਤਰਜ਼ ‘ਤੇ ਇੱਕ ਕੈਨੇਡੀਅਨ ਏਜੰਸੀ ਨੂੰ ਬਣਾਉਣ ਦੇ ਫ਼ਾਇਦਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

FEMA ਦੀ ਸਥਾਪਨਾ 1979 ਵਿੱਚ ਐਮਰਜੈਂਸੀ ਪ੍ਰਬੰਧਨ ਅਤੇ ਸਿਵਲ ਡਿਫੈਂਸ ਦੀਆਂ ਦੋਹਰੀ ਜ਼ਿੰਮੇਵਾਰੀਆਂ ਲਈ ਕੀਤੀ ਗਈ ਸੀ। ਇਹ ਏਜੰਸੀ ਕੁਦਰਤੀ ਆਫ਼ਤਾਂ, ਅੱਤਵਾਦੀ ਹਮਲਿਆਂ ਅਤੇ ਹੋਰ ਵੱਡੀਆਂ ਘਟਨਾਵਾਂ ਦੀ ਤਿਆਰੀ, ਰੋਕਥਾਮ, ਜਵਾਬ ਦੇਣ ਅਤੇ ਉਹਨਾਂ ਤੋਂ ਉੱਭਰਨ ਲਈ ਅਮਰੀਕੀ ਸਰਕਾਰ ਦੇ ਪ੍ਰੋਗਰਾਮਾਂ ਦੀ ਅਗਵਾਈ ਕਰਦੀ ਹੈ।

ਕੈਨੇਡੀਅਨ ਪ੍ਰੈਸ ਦੀ ਰਿਪੋਰਟਿੰਗ ਦੇ ਅਨੁਸਾਰ, ਇਸ ਬਾਰੇ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਟ੍ਰੂਡੋ, ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿਲ ਬਲੇਅਰ, ਐਨਵਾਇਰਨਮੈਂਟ ਮਿਨਿਸਟਰ ਸਟੀਵਨ ਗਿਲਬੌ ਅਤੇ ਨੈਚਰਲ ਰਿਸੋਰਸੇਜ਼ ਮਿਨਿਸਟਰ ਜੌਨਾਥਨ ਵਿਲਕਿਨਸਨ ਸਮੇਤ ਕਈ ਵਿਭਾਗ ਅਤੇ ਮੰਤਰੀ ਸ਼ਾਮਲ ਹਨ।

FEMA ਦਾ ਕੈਨੇਡੀਅਨ ਸੰਸਕਰਣ ਸਿਰਫ਼ ਜੰਗਲੀ ਅੱਗ ਲਈ ਹੀ ਨਹੀਂ, ਸਗੋਂ ਹੜ੍ਹਾਂ ਅਤੇ ਹਰੀਕੇਨ ਵਰਗੇ ਵੱਡੇ ਤੂਫ਼ਾਨਾਂ ਸਮੇਤ ਸਾਰੀਆਂ ਆਫ਼ਤਾਂ ਲਈ ਹੋਵੇਗਾ।

ਫ਼ੌਜੀ ਮਦਦ ਦਾ ਵਿਕਲਪ

ਮੌਜੂਦਾ ਸਮੇਂ ਵਿਚ ਕੈਨੇਡਾ ਦੀਆਂ ਆਫ਼ਤ ਪ੍ਰਤੀਕਿਰਿਆ ਯੋਜਨਾਵਾਂ ਵਿੱਚ ਵੱਖ-ਵੱਖ ਪੱਧਰਾਂ ਦੀਆਂ ਸਰਕਾਰਾਂ ਕੇਸ-ਦਰ-ਕੇਸ ਆਧਾਰ ‘ਤੇ ਸ਼ਾਮਲ ਹੁੰਦੀਆਂ ਹਨ। ਉਹ ਮਦਦ ਲਈ ਸੈਨਿਕਾਂ ਅਤੇ ਉਪਕਰਣਾਂ ਨੂੰ ਤਾਇਨਾਤ ਕਰਨ ਲਈ ਵਾਰ-ਵਾਰ ਕੈਨੇਡੀਅਨ ਆਰਮਡ ਫੋਰਸੇਜ਼ ਦਾ ਰੁਖ਼ ਕਰਦੀਆਂ ਹਨ।

ਜਦੋਂ ਫ਼ੌਜ ਕੈਨੇਡਾ ਵਿੱਚ ਰਿਸਪਾਂਡ ਕਰਦੀ ਹੈ, ਤਾਂ ਇਹ ਕੰਮ ਓਪਰੇਸ਼ਨ ਲੈਨਟਸ ਦੇ ਅਧੀਨ ਆਉਂਦਾ ਹੈ।

ਆਰਮਡ ਫ਼ੋਰਸੇਜ਼ ਦੇ ਦਸਤਾਵੇਜ਼ ਦਰਸਾਉਂਦੇ ਹਨ ਕਿ 2018 ਅਤੇ 2022 ਦੇ ਵਿਚਕਾਰ 21 ਵਾਰ ਫ਼ੌਜੀ ਮਦਦ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਕੋਵਿਡ-19 ਦੇ ਰਿਸਪਾਂਸ ਵਿਚ 2020 ਵਿੱਚ ਫੌਜੀ ਮਦਦ ਲਈ 118 ਬੇਨਤੀਆਂ ਸ਼ਾਮਲ ਨਹੀਂ ਸਨ।

ਮਿਲਟਰੀ ਇਹ ਚੇਤਾਵਨੀ ਦੇ ਚੁੱਕੀ ਹੈ ਕਿ ਕਿਸੇ ਆਫ਼ਤ ਵਿੱਚ ਮਦਦ ਲਈ ਉਸ ਨੂੰ ਬੁਲਾਇਆ ਜਾਣਾ, ਬਾਕੀ ਸਾਰੇ ਵਿਕਲਪਾਂ ਦੇ ਖ਼ਤਮ ਹੋਣ ਤੋਂ ਬਾਅਦ ਆਖਰੀ ਵਿਕਲਪ ਹੋਣਾ ਚਾਹੀਦਾ ਹੈ।

ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵੇਨ ਆਇਰ ਨੇ ਚੇਤਾਵਨੀ ਦਿੱਤੀ ਹੈ ਕਿ ਆਫ਼ਤ ਦੌਰਾਨ ਸਹਾਇਤਾ ਲਈ ਸੈਨਿਕਾਂ ਦੀ ਵਧੇਰੇ ਮੰਗ ਫ਼ੌਜ ਦੀ ਸਮੁੱਚੀ ਸਮਰੱਥਾ 'ਤੇ ਦਬਾਅ ਪਾ ਰਹੀ ਹੈ।

ਵਾਟਰਬੰਬਰ ਅਤੇ ਹੋਰ ਜਹਾਜ਼ਾਂ ਵਰਗੇ ਉਪਕਰਣਾਂ ਨਾਲ, 500 ਤੋਂ ਵੱਧ ਸੈਨਿਕ ਅਤੇ ਫ਼ੌਜੀ ਮਾਹਰ ਐਲਬਰਟਾ, ਕਿਊਬੈਕ ਅਤੇ ਨੋਵਾ ਸਕੋਸ਼ੀਆ ਵਿਚ ਅੱਗ ਨਾਲ ਨਜਿੱਠਣ ਵਿਚ ਮਦਦ ਲਈ ਤੈਨਾਤ ਹਨ।

6 ਜੂਨ 2023 ਨੂੰ ਪਾਰਲੀਮੈਂਟ ਹਿੱਲ ਦੀ ਤਸਵੀਰ। ਪੱਛਮੀ ਕਿਊਬੈਕ ਅਤੇ ਪੂਰਬੀ ਓਨਟੇਰਿਓ ਦੀਆਂ ਜੰਗਲੀ ਅੱਗਾਂ ਦੇ ਧੂੰਏਂ ਨੇ ਔਟਵਾ ਅਤੇ ਨਾਲ਼ ਲੱਗਦੇ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਕਰ ਦਿੱਤੀ ਹੈ।

6 ਜੂਨ 2023 ਨੂੰ ਪਾਰਲੀਮੈਂਟ ਹਿੱਲ ਦੀ ਤਸਵੀਰ। ਪੱਛਮੀ ਕਿਊਬੈਕ ਅਤੇ ਪੂਰਬੀ ਓਨਟੇਰਿਓ ਦੀਆਂ ਜੰਗਲੀ ਅੱਗਾਂ ਦੇ ਧੂੰਏਂ ਨੇ ਔਟਵਾ ਅਤੇ ਨਾਲ਼ ਲੱਗਦੇ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਕਰ ਦਿੱਤੀ ਹੈ।

ਤਸਵੀਰ: (Sean Kilpatrick/The Canadian Press)

ਔਟਵਾ ਵਿਚ ਹਵਾ ਪ੍ਰਦੂਸ਼ਣ

ਕੈਨੇਡਾ ਵਿੱਚ ਇਸ ਸਾਲ ਹੁਣ ਤੱਕ 2,300 ਤੋਂ ਵੱਧ ਅੱਗਾਂ ਲੱਗ ਚੁੱਕੀਆਂ ਹਨ, ਜੋ ਕਿ ਸਾਲ ਦੀ ਔਸਤ ਮਾਤਰਾ ਨਾਲੋਂ 10 ਗੁਣਾ ਵੱਧ ਹਨ। ਇਸ ਸਪਰਿੰਗ ਸੀਜ਼ਨ ਵਿੱਚ 120,000 ਤੋਂ ਵੱਧ ਕੈਨੇਡੀਅਨਜ਼ ਨੂੰ ਉਨ੍ਹਾਂ ਦੇ ਘਰਾਂ ਤੋਂ ਮਜ਼ਬੂਰਨ ਬਾਹਰ ਕਰਨਾ ਪਿਆ ਹੈ, ਅਤੇ ਹਜ਼ਾਰਾਂ ਲੋਕ ਅਜੇ ਵੀ ਆਪਣੇ ਘਰਾਂ ਤੋਂ ਸੱਖਣੇ ਹਨ।

ਜੰਗਲ ਦੀ ਅੱਗ ਕਰਕੇ ਫੈਲੇ ਧੂੰਏ ਨੇ ਅਮਰੀਕਾ ਦੇ ਨਿਊ ਯੌਰਕ ਅਤੇ ਕੁਝ ਹੋਰ ਸ਼ਹਿਰਾਂ ਵਿਚ ਵੀ ਹਵਾ ਦੂਸ਼ਿਤ ਕੀਤੀ ਹੈ। ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਹਵਾ ਦੀ ਗੁਣਵੱਤਾ ਬੇਹੱਦ ਪ੍ਰਭਾਵਿਤ ਹੋਈ ਹੈ।

ਐਨਵਾਇਰਨਮੈਂਟ ਕੈਨੇਡਾ ਦਾ ਏਅਰ ਕੁਆਲਟੀ ਹੈਲਥ ਇੰਡੈਕਸ (ਨਵੀਂ ਵਿੰਡੋ) ਔਟਵਾ, ਕਿੰਗਸਟਨ, ਕੌਰਨਵੌਲ ਅਤੇ ਬੈਲਵਿਲ ਇਲਾਕੇ ਵਿਚ 10+ ਦਰਜ ਹੋਇਆ, ਜਿਸਨੂੰ ਲੋਕਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਮੰਨਿਆ ਜਾਂਦਾ ਹੈ।

ਹਵਾ ਦੀ ਵਿਗੜੀ ਗੁਣਵੱਤਾ ਕਾਰਨ ਬਹੁਤ ਸਾਰੇ ਸਕੂਲ ਬੋਰਡਾਂ ਅਤੇ ਖੇਡ ਸੰਸਥਾਨਾਂ (ਨਵੀਂ ਵਿੰਡੋ) ਨੇ ਆਪਣੀਆਂ ਗਤੀਵਿਧੀਆਂ ਰੱਦ ਕੀਤੀਆਂ ਹਨ ਜਾਂ ਉਨ੍ਹਾਂ ਵਿਚ ਤਬਦੀਲੀ ਕੀਤੀ ਹੈ।

ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਦਾ ਕਹਿਣਾ ਹੈ ਕਿ ਮਾਸਕ ਪਹਿਨਣ ਨਾਲ ਧੂੰਏ ਤੋਂ ਕੁਝ ਬਚਾਅ ਹੋ ਸਕਦਾ ਹੈ।

ਵਿੰਡਸਰ ਤੋਂ ਲੈਕੇ ਟੋਰੌਂਟੋ ਅਤੇ ਉੱਤਰ ਵਿਚ ਸਡਬਰੀ ਤੱਕ, ਓਨਟੇਰਿਓ ਦੇ ਕਈ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਵੱਧ-ਜੋਖਮ ਵਾਲੇ ਪੱਧਰ ‘ਤੇ ਦਰਜ ਕੀਤੀ ਗਈ ਹੈ।

ਮੀਆ ਰੈਬਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ