1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.75% ਕੀਤੀ

25 ਅੰਕਾਂ ਦਾ ਵਾਧਾ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.75% ਕਰ ਦਿੱਤੀ ਹੈ।

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.75% ਕਰ ਦਿੱਤੀ ਹੈ।

ਤਸਵੀਰ: Reuters / Chris Wattie

RCI

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ 25 ਫ਼ੀਸਦ ਅੰਕਾਂ ਦਾ ਵਾਧਾ ਕੀਤਾ ਹੈ।

ਬੁੱਧਵਾਰ ਨੂੰ ਆਏ ਨਵੇਂ ਐਲਾਨ ਵਿਚ ਕੇਂਦਰੀ ਬੈਂਕ ਦੀ ਵਿਆਜ ਦਰ 4.5% ਤੋਂ ਵਧ ਕੇ 4.75% ਹੋ ਗਈ ਹੈ।

ਬੈਂਕ ਨੇ ਜਨਵਰੀ ਦੌਰਾਨ ਵਿਆਜ ਦਰ ਨੂੰ ਵਧਾ ਕੇ 4.5% ਕੀਤਾ ਸੀ ਅਤੇ ਉਸਤੋਂ ਬਾਅਦ ਮਾਰਚ ਅਤੇ ਅਪ੍ਰੈਲ ਵਿਚ ਵਿਆਜ ਦਰਾਂ ਇਸੇ ਪੱਧਰ ‘ਤੇ ਬਰਕਰਾਰ ਰੱਖੀਆਂ ਸਨ। ਬੈਂਕ ਨੇ ਕਿਹਾ ਸੀ ਕਿ ਆਉਂਦੇ ਸਮਿਆਂ ਵਿਚ ਵਾਧਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਆਰਥਿਕਤਾ ਦੀ ਕੀ ਸਥਿਤੀ ਰਹਿੰਦੀ ਹੈ।

ਅੰਕੜਿਆਂ ਵਿਚ ਸਾਹਮਣੇ ਆਇਆ ਸੀ ਕਿ ਕੈਨੇਡੀਅਨ ਆਰਥਿਕਤਾ ਵਿਚ ਉਮੀਦ ਨਾਲੋਂ ਵੱਧ ਤੇਜ਼ੀ ਆਈ। 9 ਮਹੀਨੇ ਲਗਾਤਾਰ ਨਿੱਘਰਣ ਤੋਂ ਬਾਅਦ ਮਹਿੰਗਾਈ ਦਰ ਵਿਚ ਪਿਛਲੇ ਮਹੀਨੇ ਵਾਧਾ ਦਰਜ ਹੋਇਆ।

ਬੈਂਕ ਦਾ ਇਹ ਤਾਜ਼ਾ ਫ਼ੈਸਲਾ ਵਿਆਜ ਦਰਾਂ ਨੂੰ ਸਾਲ 2001 ਤੋਂ ਬਾਅਦ ਦੇ ਸਭ ਤੋਂ ਉਤਲੇ ਪੱਧਰ ‘ਤੇ ਲੈ ਗਿਆ ਹੈ।

ਹਾਲਾਂਕਿ ਨਿਵੇਸ਼ਕਾਂ ਅਤੇ ਅਰਥਸ਼ਾਸਤਰੀਆਂ ਦਾ ਸੋਚਣਾ ਸੀ ਕਿ ਬੈਂਕ ਵੱਲੋਂ ਵਿਆਜ ਦਰ ਵਧਾਉਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਉਨ੍ਹਾਂ ਦੀ ਪੇਸ਼ੀਨਗੋਈ ਸੀ ਕਿ ਬੈਂਕ ਸ਼ਾਇਦ ਇਸ ਸਾਲ ਦੇ ਅੰਤ ਤੱਕ ਅਜਿਹਾ ਕਰੇਗਾ।

ਪਰ ਹੁਣ ਕੁਝ ਮਾਹਰਾਂ ਦਾ ਸੋਚਣਾ ਹੈ ਕਿ ਆਉਂਦੇ ਕੁਝ ਸਮਿਆਂ ਵਿਚ ਵਿਆਜ ਦਰਾਂ ਹੋਰ ਉੱਤੇ ਵੀ ਜਾ ਸਕਦੀਆਂ ਹਨ।

ਡੇਜ਼ਯਾਰਡਿਨ ਨਾਲ ਜੁੜੇ ਅਰਥਸ਼ਾਤਰੀ, ਰੌਇਸ ਮੈਂਡੀਸ ਦਾ ਕਹਿਣਾ ਹੈ ਕਿ ਬੈਂਕ ਵੱਲੋਂ ਅਗਲੀ ਪੌਲਿਸੀ ਅਨਾਉਂਸਮੈਂਟ ਕਰਨ ਤੱਕ ਕੀਮਤਾਂ ਵਿਚ ਉੰਨੀ ਸਥਿਰਤਾ ਆਉਣ ਦੀ ਸੰਭਾਵਨਾ ਘੱਟ ਹੈ, ਯਾਨੀ ਜੁਲਾਈ ਵਿਚ ਹੋਰ 25 ਫ਼ੀਸਦ ਅੰਕਾਂ ਦਾ ਵਾਧਾ ਹੋ ਸਕਦਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ