- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਬਗ਼ੈਰ ਵੀਜ਼ਾ ਕੈਨੇਡਾ ਆ ਸਕਣਗੇ 13 ਹੋਰ ਮੁਲਕਾਂ ਦੇ ਯਾਤਰੀ
ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ ਲੈਕੇ ਕੈਨੇਡਾ ਵਿਜ਼ਿਟ ਕਰ ਸਕਣਗੇ
ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ (ਕੇਂਦਰ), ਮਿਸਿਸਾਗਾ ਐਮਪੀ ਰੈਚੀ ਵੈਲਡੇਜ਼ ਅਤੇ ਵਿਨੀਪੈਗ ਨੌਰਥ ਤੋਂ ਐਮਪੀ ਕੈਵਿਨ ਲੈਮੋਰੌ, ਵਿਨੀਪੈਗ ਦੇ ਏਅਰਪੋਰਟ 'ਤੇ ਵੀਜ਼ਾ ਮੁਕਤ ਯਾਤਰਾ ਬਾਬਤ ਐਲਾਨ ਕਰਦੇ ਹੋਏ।
ਤਸਵੀਰ: The Canadian Press / John Woods
ਇਮੀਗ੍ਰੇਸ਼ਨ ਮਿਨਿਸਟਰ ਨੇ ਬਿਨਾਂ ਵੀਜ਼ਾ ਕੈਨੇਡਾ ਯਾਤਰਾ ਕਰ ਸਕਣ ਵਾਲੇ ਯਾਤਰੀਆਂ ਦੀ ਸੂਚੀ ਵਿਚ 13 ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
ਸੂਚੀ ਵਿਚ ਸ਼ਾਮਲ ਦੇਸ਼ਾਂ ਨੂੰ ਵੀਜ਼ਾ ਤੋਂ ਛੋਟ ਹੋਵੇਗੀ ਅਤੇ ਉਹ ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ ਪ੍ਰਾਪਤ ਕਰਕੇ ਕੈਨੇਡਾ ਵਿਜ਼ਿਟ ਕਰ ਸਕਣਗੇ। ਇਸ ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ ਦੀ ਫ਼ੀਸ 7 ਡਾਲਰ ਹੋਵੇਗੀ ਅਤੇ ਇਹ ਕੁਝ ਮਿੰਟਾਂ ਵਿਚ ਹੀ ਪ੍ਰੋਸੈਸ ਹੋ ਜਾਂਦੀ ਹੈ।
13 ਦੇਸ਼ਾਂ ਦੇ ਯਾਤਰੀ ਉਕਤ ਤੇਜ਼ ਅਤੇ ਸਸਤੇ ਵਿਕਲਪ ਲਈ ਯੋਗ ਹੋ ਸਕਦੇ ਹਨ ਜੇਕਰ ਉਹ ਕੈਨੇਡਾ ਲਈ ‘ਜਾਣੇ-ਪਛਾਣੇ’ ਯਾਤਰੀ ਹੋਣ ਭਾਵ ਜੇਕਰ ਉਨ੍ਹਾਂ ਕੋਲ ਪਿਛਲੇ 10 ਸਾਲਾਂ ਵਿੱਚ ਕੈਨੇਡੀਅਨ ਵੀਜ਼ਾ ਹੋਵੇ ਜਾਂ ਉਨ੍ਹਾਂ ਕੋਲ ਅਮਰੀਕਾ ਦਾ ਗ਼ੈਰ-ਪਰਵਾਸੀ ਵੀਜ਼ਾ ਹੋਵੇ ਅਤੇ ਉਹ ਹਵਾਈ ਯਾਤਰਾ ਕਰ ਰਹੇ ਹੋਣ।
ਕੈਨੇਡਾ ਨੇ 2017 ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਇਸ ਵਿਚਾਰ ਦੀ ਕੋਸ਼ਿਸ਼ ਕੀਤੀ ਸੀ, ਜਿਸਦੀ ਸ਼ੁਰੂਆਤ ਬ੍ਰਾਜ਼ੀਲ, ਬੁਲਗਾਰੀਆ ਅਤੇ ਰੋਮਾਨੀਆ ਦੇ ਯਾਤਰੀਆਂ ਨਾਲ ਹੋਈ ਸੀ। ਉਦੋਂ ਤੋਂ ਬੁਲਗਾਰੀਆ ਅਤੇ ਰੋਮਾਨੀਆ ਲਈ ਵੀਜ਼ਾ ਲੋੜਾਂ ਨੂੰ ਹਟਾ ਦਿੱਤਾ ਗਿਆ ਹੈ, ਪਰ ਬ੍ਰਾਜ਼ੀਲ ਤੋਂ ਯੋਗ ਲੋਕ ਅਜੇ ਵੀ ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ ਲਈ ਅਰਜ਼ੀ ਦੇ ਸਕਦੇ ਹਨ।
ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼ਰੇਜ਼ਰ ਨੇ ਕਿਹਾ, ਜਦੋਂ ਅਸੀਂ ਜਾਣਦੇ ਹਾਂ ਕਿ ਕੋਈ ਵਿਅਕਤੀ ਹਾਲ ਹੀ ਵਿੱਚ ਕੈਨੇਡਾ ਵਿੱਚ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਿਆ ਹੈ, ਜਾਂ ਜੋ ਹਾਲ ਹੀ ਵਿੱਚ ਅਮਰੀਕਾ ਵਿੱਚ ਸਖ਼ਤ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਿਆ ਹੈ, ਤਾਂ ਸਾਨੂੰ ਵਿਸ਼ਵਾਸ ਹੈ ਕਿ ਉਹ ਕੈਨੇਡਾ ਵਿਚ ਵੀਜ਼ਾ ਪ੍ਰਕਿਰਿਆ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਗਾ
।
ਮਿਨਿਸਟਰ ਫ਼ਰੇਜ਼ਰ ਨੇ ਕਿਹਾ ਕਿ ਇਸ ਨਾਲ ਇਮੀਗ੍ਰੇਸ਼ਨ ਵਿਭਾਗ, ਜੋ ਹਰ ਸਾਲ ਲੱਖਾਂ ਅਰਜ਼ੀਆਂ ਪ੍ਰੋਸੈਸ ਕਰਦਾ ਹੈ, ਉੱਪਰ ਬੋਝ ਵੀ ਘਟੇਗਾ।
ਫ਼ਰੇਜ਼ਰ ਨੇ ਕਿਹਾ ਕਿ ਉਹ ਭਵਿੱਖ ਵਿਚ ਹੋਰ ਦੇਸ਼ਾਂ ਲਈ ਵੀ ਇਸ ਪ੍ਰੋਗਰਾਮ ਦਾ ਵਿਸਤਾਰ ਕਰ ਸਕਦੇ ਹਨ।
ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ ਪੰਜ ਸਾਲਾਂ ਲਈ ਜਾਂ ਯਾਤਰੀ ਦੇ ਪਾਸਪੋਰਟ ਦੀ ਮਿਆਦ ਪੁੱਗਣ, ਜੋ ਵੀ ਪਹਿਲਾਂ ਆਵੇ, ਤੱਕ ਵੈਧ ਹੁੰਦਾ ਹੈ।
13 ਦੇਸ਼ਾਂ ਦੀ ਸੂਚੀ ਇਸ ਪ੍ਰਕਾਰ ਹੈ:
- ਬ੍ਰਾਜ਼ੀਲ
- ਐਂਟੀਗੁਆ ਐਂਡ ਬਾਰਬੂਡਾ
- ਅਰਜਨਟੀਨਾ
- ਕੋਸਟਾ ਰੀਕਾ
- ਮੋਰੱਕੋ
- ਪਨਾਮਾ
- ਫ਼ਿਲਪੀਨਜ਼
- ਸੇਂਟ ਕਿਟਸ ਐਂਡ ਨੈਵਿਸ
- ਸੇਂਟ ਲੂਸੀਆ
- ਸੇਂਟ ਵਿਨਸੈਂਟ ਐਂਡ ਦ ਗ੍ਰੈਨਾਡਾਈਨਜ਼
- ਸੀਚੈਲੇ
- ਥਾਈਲੈਂਡ
- ਟ੍ਰਿਨਿਡਾਡ ਐਂਡ ਟੋਬੈਗੋ
- ਉਰੂਗੁਏ
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ