1. ਮੁੱਖ ਪੰਨਾ
  2. ਸਮਾਜ

ਲੰਡਨ ਹਮਲੇ ਦੀ ਦੂਸਰੀ ਬਰਸੀ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵਿਜਿਲ ਦਾ ਆਯੋਜਨ

ਦੋ ਸਾਲ ਪਹਿਲਾਂ ਹੋਏ ਹਮਲੇ ਵਿਚ ਇੱਕ ਮੁਸਲਿਮ ਪਰਿਵਾਰ ਨੂੰ ਗੱਡੀ ਥੱਲੇ ਦਰੜ ਕੇ ਮਾਰ ਦਿੱਤਾ ਗਿਆ ਸੀ

ਲੰਡਨ ਹਮਲੇ ਵਿਚ ਮਾਰੇ ਗਏ ਮੁਸਲਿਮ ਪਰਿਵਾਰ ਦਿ ਯਾਦ ਵਿਚ ਦਸੰਬਰ 2021 ਵਿਚ ਆਯੋਜਿਤ ਇੱਕ ਵਿਜਿਲ ਦੀ ਤਸਵੀਰ।

ਲੰਡਨ ਹਮਲੇ ਵਿਚ ਮਾਰੇ ਗਏ ਮੁਸਲਿਮ ਪਰਿਵਾਰ ਦਿ ਯਾਦ ਵਿਚ ਦਸੰਬਰ 2021 ਵਿਚ ਆਯੋਜਿਤ ਇੱਕ ਵਿਜਿਲ ਦੀ ਤਸਵੀਰ।

ਤਸਵੀਰ:  (Evan Mitsui/CBC)

RCI

ਓਨਟੇਰਿਓ ਦੇ ਲੰਡਨ ਸ਼ਹਿਰ ਵਿਚ ਹੋਏ ਹਮਲੇ ਵਿਚ ਮਾਰੇ ਗਏ ਮੁਸਲਿਮ ਪਰਿਵਾਰ ਦੀ ਦੂਸਰੀ ਬਰਸੀ ਦੇ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਇੱਕ ਵਿਜਿਲ ਆਯੋਜਿਤ ਕੀਤਾ ਗਿਆ ਹੈ।

6 ਜੂਨ 2021 ਨੂੰ ਇੱਕ ਮੁਸਲਿਮ ਪਰਿਵਾਰ, ਸ਼ਹਿਰ ਦੇ ਹਾਈਡ ਪਾਰਕ ਰੋਡ ਦੇ ਨਜ਼ਦੀਕ ਤੁਰ ਰਿਹਾ ਸੀ ਅਤੇ ਜਿਸ ਵੇਲੇ ਪਰਿਵਾਰ ਸੜਕ ਦੇ ਦੂਸਰੇ ਪਾਸੇ ਜਾਣ ਲਈ ਇੰਟਰਸੈਕਸ਼ਨ ਉੱਤੇ ਉਡੀਕ ਕਰ ਰਿਹਾ ਸੀ, ਉਦੋਂ ਇੱਕ ਪਿਕ-ਅਪ ਟਰੱਕ ਨੇ ਉਹਨਾਂ ਨੂੰ ਟੱਕਰ ਮਾਰਕੇ ਗੱਡੀ ਥੱਲੇ ਦਰੜ ਦਿੱਤਾ।

ਇਸ ਘਟਨਾ ਵਿੱਚ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਸੀ ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ ਸੀ। ਮ੍ਰਿਤਕਾਂ ਦੀ ਪਛਾਣ 46 ਸਾਲਾ ਸਲਮਾਨ ਅਫਜ਼ਲ, ਉਸਦੀ 44 ਸਾਲਾ ਪਤਨੀ ਮਦੀਹਾ ਸਲਮਾਨ, ਉਨ੍ਹਾਂ ਦੀ 15 ਸਾਲਾ ਬੇਟੀ ਯੁਮਨਾ ਸਲਮਾਨ ਅਤੇ ਅਫਜ਼ਲ ਦੀ 74 ਸਾਲਾ ਮਾਂ ਤਲਤ ਅਫਜ਼ਲ ਵਜੋਂ ਹੋਈ ਸੀ।

ਵਕੀਲਾਂ ਨੇ ਦੋਸ਼ ਲਾਇਆ ਕਿ ਇਹ ਹਮਲਾ ਇੱਕ ਅੱਤਵਾਦ ਦੀ ਘਟਨਾ ਸੀ ਜਿਸ ਵਿਚ ਲੰਡਨ ਦੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਥੇਨੀਅਲ ਵੈਲਟਮਨ, ਜਿਸਦੀ ਉਸ ਸਮੇਂ ਉਮਰ 20 ਸਾਲ ਸੀ, ਨੂੰ 4 ਕਤਲ ਅਤੇ 1 ਇਰਾਦਾ ਕਤਲ ਦੇ ਇਲਜ਼ਾਮਾਂ ਲਈ ਚਾਰਜ ਕੀਤਾ ਗਿਆ ਸੀ I

ਸਤੰਬਰ ਚ ਅਦਾਲਤ ਵਿਚ ਉਸਦੀ ਪੇਸ਼ੀ ਹੋਣੀ ਹੈ।

16 ਸਾਲ ਦੀ ਮਰੀਅਮ ਅਲ-ਸਬਵੀ, ਜੋ ਮ੍ਰਿਤਕ ਯੁਮਨਾ ਸਲਮਾਨ ਦੀ ਦੋਸਤ ਹੈ, ਨੇ ਇਸ ਵਿਜਿਲ ਨੂੰ ਆਯੋਜਿਤ ਕਰਨ ਵਿਚ ਮਦਦ ਕੀਤੀ ਹੈ।

ਇਹ ਵਿਸ਼ੇਸ਼ ਵਿਜਿਲ ਲੰਡਨ ਵਿਚ ਸ਼ਾਮੀਂ 7 ਵਜੇ ਸ਼ੁਰੂ ਹੋਵੇਗਾ ਅਤੇ ਇਸ ਵਿਚ ਮੇਅਰ ਜੋਸ਼ ਮੋਰਗਨ, ਇਸਲਾਮੋਫ਼ੋਬੀਆ ਨਾਲ ਨਜਿੱਠਣ ਬਾਬਤ ਫ਼ੈਡਰਲ ਸਰਕਾਰ ਵੱਲੋਂ ਨਿਯੁਕਤ ਵਿਸ਼ੇਸ਼ ਸਲਾਹਕਾਰ ਅਮੀਰਾ ਅਲਗ਼ਵਾਬੀ ਅਤੇ ਅਫ਼ਜ਼ਾਲ ਦੇ ਪਰਿਵਾਰਕ ਮੈਂਬਰ ਭਾਸ਼ਣ ਦੇਣਗੇ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ