- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਡੇਵਿਡ ਜੌਨਸਟਨ ਨੇ ਵਿਦੇਸ਼ੀ ਦਖ਼ਲ ‘ਤੇ ਜਨਤਕ ਜਾਂਚ ਨਾ ਕਰਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ
ਇਸ ਖ਼ਤਰੇ ਨਾਲ ਨਜਿੱਠਣ ਲਈ ਸਰਕਾਰ ਦੀ ਯੋਗਤਾ ਵਿੱਚ ਮਹੱਤਵਪੂਰਨ ਕਮੀਆਂ: ਸਾਬਕਾ ਗਵਰਨਰ ਜਨਰਲ
6 ਜੂਨ 2023 ਨੂੰ ਡੇਵਿਡ ਜੌਨਸਟਨ ਹਾਊਸ ਔਫ਼ ਕੌਮਨਜ਼ ਦੀ ਪ੍ਰੋਸੀਜਰ ਐਂਡ ਹਾਊਸ ਅਫੇਅਰਜ਼ ਕਮੇਟੀ ਅੱਗੇ ਪੇਸ਼ ਹੋਏ।
ਤਸਵੀਰ: La Presse canadienne / Sean Kilpatrick
ਅੱਜ ਐਮਪੀਜ਼ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡੇਵਿਡ ਜੌਨਸਟਨ ਨੇ ਵਿਦੇਸ਼ੀ ਦਖ਼ਲ ‘ਤੇ ਜਨਤਕ ਜਾਂਚ ਨਾ ਕਰਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ।
ਕੈਨੇਡੀਅਨ ਰਾਜਨੀਤੀ ਵਿਚ ਚੀਨ ਦੀ ਕਥਿਤ ਦਖ਼ਲਅੰਦਾਜ਼ੀ ਦੇ ਸਬੰਧ ਵਿਚ ਨਿਯੁਕਤ ਕੀਤੇ ਵਿਸ਼ੇਸ਼ ਅਧਿਕਾਰੀ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੇ ਹਾਲ ਹੀ ਵਿਚ ਆਪਣੀ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਇਸ ਮਾਮਲੇ ਵਿਚ ਜਨਤਕ ਜਾਂਚ ਕਰਵਾਉਣ ਦੀ ਲੋੜ ਤੋਂ ਇਨਕਾਰ ਕਰ ਦਿੱਤਾ ਸੀ।
ਹਾਊਸ ਔਫ਼ ਕੌਮਨਜ਼ ਦੀ ਪ੍ਰੋਸੀਜਰ ਐਂਡ ਹਾਊਸ ਅਫੇਅਰਜ਼ ਕਮੇਟੀ ਅੱਗੇ ਪੇਸ਼ ਹੋਏ ਡੇਵਿਡ ਜੌਨਸਟਨ ਨੇ ਆਪਣੇ ਸ਼ੁਰੂਆਤੀ ਬਿਆਨ ਵਿਚ ਕਿਹਾ, ਮੈਂ ਇਸ ਖ਼ਤਰੇ ਦੇ ਪਤਾ ਲਗਾਉਣ, ਰੋਕਣ ਅਤੇ ਇਸਦਾ ਮੁਕਾਬਲਾ ਕਰਨ ਦੀ ਸਰਕਾਰ ਦੀ ਯੋਗਤਾ ਵਿੱਚ ਮਹੱਤਵਪੂਰਨ ਕਮੀਆਂ ਦੀ ਪਛਾਣ ਕੀਤੀ ਹੈ। ਇਸ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ
।
ਗੁਮਨਾਮ ਰਾਸ਼ਟਰੀ ਸੁਰੱਖਿਆ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਗਲੋਬ ਐਂਡ ਮੇਲ ਅਤੇ ਗਲੋਬਲ ਨਿਊਜ਼ ਨੇ ਚੀਨ ਤੋਂ ਹੋਣ ਵਾਲੇ ਦਖ਼ਲ ਅਤੇ ਖ਼ਾਸ ਤੌਰ 'ਤੇ 2019 ਅਤੇ 2021 ਦੀਆਂ ਚੋਣਾਂ ਦੌਰਾਨ ਹੋਈ ਕਥਿਤ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਬਾਰੇ ਖ਼ਬਰ ਛਾਪੀ ਸੀ।
ਇਹਨਾਂ ਕੋਸ਼ਿਸ਼ਾਂ ਵਿੱਚ ਪਾਰਲੀਮੈਂਟ ਦੇ ਮੈਂਬਰਾਂ ਨੂੰ ਡਰਾਉਣ ਅਤੇ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ, ਸਿਆਸੀ ਉਮੀਦਵਾਰਾਂ ਨੂੰ ਫ਼ੰਡ ਦੇਣ ਅਤੇ ਚੀਨ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਡਰਾਉਣ ਲਈ ਕੈਨੇਡਾ ਭਰ ਵਿੱਚ ਅਖੌਤੇ ਪੁਲਿਸ ਸਟੇਸ਼ਨਾਂ ਦਾ ਸੰਚਾਲਨ ਕਰਨਾ ਸ਼ਾਮਲ ਹੈ।
ਇਸ ਕਥਿਤ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮਾਰਚ ਵਿਚ ਡੇਵਿਡ ਜੌਨਸਟਨ ਨੂੰ ਵਿਸ਼ੇਸ਼ ਅਧਿਕਾਰੀ ਵੱਜੋਂ ਨਿਯੁਕਤ ਕੀਤਾ ਸੀ ਅਤੇ ਜੌਨਸਟਨ ਨੇ ਪਿਛਲੇ ਮਹੀਨੇ ਆਪਣੀ ਪਹਿਲੀ ਰਿਪੋਰਟ ਪੇਸ਼ ਕੀਤੀ ਸੀ।
ਜੌਨਸਟਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਨਹੀਂ ਮਿਲਿਆ ਕਿ ਟ੍ਰੂਡੋ ਜਾਂ ਉਹਨਾਂ ਦੇ ਮੰਤਰੀਆਂ ਨੇ ਜਾਣਬੁੱਝ ਕੇ ਖ਼ੂਫ਼ੀਆ ਜਾਣਕਾਰੀ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਨੇ ਕੈਬਨਿਟ ਅਤੇ ਖ਼ੂਫ਼ੀਆ ਏਜੰਸੀਆਂ ਵਿਚਕਾਰ ਸੂਚਨਾ ਦੇ ਪ੍ਰਵਾਹ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ।
ਜੌਨਸਟਨ ਦੀ ਰਿਪੋਰਟ ਨੇ ਜਨਤਕ ਜਾਂਚ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜਨਤਕ ਜਾਂਚ ਸਹੀ ਰਸਤਾ ਨਹੀਂ ਹੈ ਕਿਉਂਕਿ ਗੁਪਤ ਜਾਣਕਾਰੀ ਨੂੰ ਜਨਤਕ ਕਰਨ ਨਾਲ ਕੈਨੇਡਾ ਦੇ ਸੁਰੱਖਿਆ ਸਹਿਯੋਗੀਆਂ ਦੇ ਭਰੋਸੇ ਨੂੰ ਤੋੜਨ ਅਤੇ ਖੂਫ਼ੀਆ ਸਰੋਤਾਂ ਨੂੰ ਖ਼ਤਰੇ ਵਿੱਚ ਪਾਉਣ ਦਾ ਜੋਖਮ ਹੋਵੇਗਾ।
ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਗੰਭੀਰ ਨੀਤੀਗਤ ਅਤੇ ਗਵਰਨੈਂਸ ਦੇ ਮੁੱਦਿਆਂ ‘ਤੇ ਅਗਲੇ ਮਹੀਨੇ ਤੋਂ ਜਨਤਕ ਸੁਣਵਾਈਆਂ ਕਰਨਗੇ।
ਜੌਨਸਟਨ ਨੇ ਕਿਹਾ ਕਿ ਜਨਤਾ ਸਰਕਾਰੀ ਨੁਮਾਇੰਦਿਆਂ, ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਅਤੇ ਡਾਇਸਪੋਰਾ ਭਾਈਚਾਰੇ ਦੇ ਮੈਂਬਰਾਂ ਨੂੰ ਸੁਣ ਸਕੇਗੀ।
ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ, ਜਿਨ੍ਹਾਂ ਨੂੰ ਵੀਗਰ ਨਸਲਕੁਸ਼ੀ ਬਾਰੇ ਗੱਲ ਕਰਨ ਲਈ ਕਥਿਤ ਤੌਰ ‘ਤੇ ਚੀਨ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ, ਨੇ ਕਿਹਾ ਕਿ ਵਿਦੇਸ਼ੀ ਦਖ਼ਲ ਦੀ ਜਨਤਕ ਜਾਂਚ ਨਾ ਹੋਣਾ ਆਮ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕਰਦਾ ਹੈ।
ਜੌਨਸਟਨ ਨੇ ਦਲੀਲ ਦਿੱਤੀ ਕਿ ਦਸਤਾਵੇਜ਼ਾਂ ਦੇ ਗੁਪਤ ਪ੍ਰਕਿਰਤੀ ਦੇ ਹੋਣ ਕਾਰਨ, ਜਨਤਕ ਜਾਂਚ ਨਾਲ ਭਰੋਸੇ ਦਾ ਨਿਰਮਾਣ ਨਹੀਂ ਹੋਣਾ।
ਵਿਰੋਧੀ ਪਾਰਟੀਆਂ ਨੇ ਜੌਨਸਟਨ ਦੇ ਅਸਤੀਫੇ ਲਈ ਵੋਟ ਪਾਈ ਸੀ
ਕਮੇਟੀ ਦੀ ਸੁਣਵਾਈ ਦੌਰਾਨ ਜੌਨਸਟਨ ਅੱਧਾ ਸਮਾਂ ਤਾਂ ਆਪਣੀ ਇਮਾਨਦਾਰੀ ਦਾ ਹੀ ਬਚਾਅ ਕਰਦੇ ਰਹੇ।
ਵਿਰੋਧੀ ਪਾਰਟੀਆਂ ਨੇ ਜੌਨਸਟਨ ਦੇ ਪ੍ਰਧਾਨ ਮੰਤਰੀ ਦੇ ਪਰਿਵਾਰ ਅਤੇ ਪੀਅਰ ਐਲੀਅਟ ਟ੍ਰੂਡੋ ਫਾਊਂਡੇਸ਼ਨ ਨਾਲ ਪੁਰਾਣੇ ਸਬੰਧਾਂ ਦਾ ਹਵਾਲਾ ਦਿੰਦਿਆਂ ਜੌਨਸਟਨ ਦੀ ਨਿਯੁਕਤੀ ਨੂੰ ਨਿਸ਼ਾਨਾ ਬਣਾਇਆ ਸੀ।
ਪਿਛਲੇ ਹਫ਼ਤੇ ਹਾਊਸ ਔਫ਼ ਕੌਮਨਜ਼ ਨੇ ਜੌਨਸਟਨ ਦੇ ਅਸਤੀਫ਼ੇ ਦੀ ਮੰਗ ਕਰਨ ਵਾਲਾ ਐਨਡੀਪੀ ਦਾ ਮੋਸ਼ਨ ਪਾਸ ਕੀਤਾ ਸੀ। ਇਸ ਮੋਸ਼ਨ ਨੂੰ ਕੰਜ਼ਰਵੇਟਿਵਜ਼ ਅਤੇ ਬਲੌਕ ਨੇ ਸਮਰਥਨ ਦਿੱਤਾ ਸੀ।
ਐਨਡੀਪੀ ਦੇ ਪ੍ਰਸਤਾਵ ‘ਤੇ ਵੋਟ ਦੇ ਬਾਵਜੂਦ, ਜੌਨਸਟਨ ਨੇ ਕਿਹਾ ਹੈ ਕਿ ਉਹ ਬਰਕਰਾਰ ਰਹਿਣ ਅਤੇ ਆਪਣਾ ਕੰਮ ਪੂਰਾ ਕਰਨ ਦਾ ਇਰਾਦਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਸਦਨ ਦੇ ਆਪਣੀ ਰਾਏ ਪ੍ਰਗਟ ਕਰਨ ਦੇ ਅਧਿਕਾਰ ਦਾ ਸਨਮਾਨ ਕਰਦੇ ਹਨ ਪਰ ਉਨ੍ਹਾਂ ਨੂੰ ਸਰਕਾਰ ਨੇ ਨਿਯੁਕਤ ਕੀਤਾ ਹੈ।
ਜੌਨਸਟਨ ਨੇ ਕਿਹਾ ਕਿ ਉਹ ਪੀਅਰ ਐਲੀਅਟ ਟ੍ਰੂਡੋ ਦੇ ਮਿੱਤਰ ਸਨ ਅਤੇ ਉਨ੍ਹਾਂ ਨੇ ਟ੍ਰੂਡੋ ਪਰਿਵਾਰ ਨਾਲ ਸਕੀਇੰਗ (skiing) ਵੀ ਕੀਤੀ ਹੈ, ਜਦੋਂ ਜਸਟਿਨ ਟ੍ਰੂਡੋ ਅਤੇ ਉਨ੍ਹਾਂ ਦੇ ਭਰਾ ਬੱਚੇ ਸਨ। ਜੌਨਸਟਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕਰੀਬ 40 ਸਾਲ ਤੋਂ ਜਸਟਿਨ ਟ੍ਰੂਡੋ ਨਾਲ ਕੋਈ ਨਿਜੀ ਸੰਪਰਕ ਜਾਂ ਨਿਜੀ ਡਿਨਰ ਨਹੀਂ ਕੀਤਾ ਹੈ।
ਜੌਨਸਟਨ ਨੇ ਕਿਹਾ, ਮੈਂ ਨਹੀਂ ਮੰਨਦਾ ਕਿ ਕੋਈ ਹਿੱਤਾ ਦਾ ਟਕਰਾਅ ਹੈ ਅਤੇ ਜੇ ਹਿੱਤਾਂ ਦਾ ਟਕਰਾਅ ਹੁੰਦਾ ਤਾਂ ਮੈਂ ਇਹ ਜ਼ਿੰਮੇਵਾਰੀ ਨਾ ਲੈਂਦਾ
।
ਕੈਥਰਿਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ