- ਮੁੱਖ ਪੰਨਾ
- ਟੈਕਨੋਲੌਜੀ
- ਸਮਾਜ
ਬੀਸੀ ਦੇ ਵਿਕਟੋਰੀਆ, ਚਿਲੀਵੈਕ ਅਤੇ ਕਿਲੋਨਾ ਵਿਚ ਵੀ ਸ਼ੁਰੂ ਹੋਈ ਊਬਰ
10 ਮਈ ਨੂੰ ਮਿਲੀ ਸੀ ਮੈਟਰੋ ਵੈਨਕੂਵਰ ਤੋਂ ਬਾਹਰ ਓਪਰੇਟ ਕਰਨ ਦੀ ਮੰਜ਼ੂਰੀ

ਮੰਗਲਵਾਰ ਦੁਪਹਿਰ ਤੋਂ ਬੀਸੀ ਦੇ ਵਿਕਟੋਰੀਆ, ਚਿਲੀਵੈਕ ਅਤੇ ਕਿਲੋਨਾ ਸ਼ਹਿਰਾਂ ਵਿਚ ਵੀ ਊਬਰ ਸ਼ੁਰੂ ਹੋ ਰਹੀ ਹੈ।
ਤਸਵੀਰ: (David Horemans/CBC)
ਮੰਗਲਵਾਰ ਤੋਂ ਵਿਕਟੋਰੀਆ, ਚਿਲੀਵੈਕ ਅਤੇ ਕਿਲੋਨਾ ਵਿਚ ਵੀ ਊਬਰ ਸ਼ੁਰੂ ਹੋ ਰਹੀ ਹੈ।
ਮੈਟਰੋ ਵੈਨਕੂਵਰ ਤੋਂ ਬਾਹਰ ਵੀ ਓਪਰੇਟ ਕਰਨ ਦੀ ਮੰਜ਼ੂਰੀ ਮਿਲਣ ਦੇ ਇੱਕ ਮਹੀਨੇ ਦੇ ਅੰਦਰ ਹੀ ਊਬਰ ਨੇ ਉਕਤ ਸ਼ਹਿਰਾਂ ਵਿਚ ਆਪਣੀ ਸਰਵਿਸ ਦਾ ਵਿਸਤਾਰ ਕੀਤਾ ਹੈ।
ਮੰਜ਼ੂਰੀ ਲਈ ਲੰਬੀ ਉਡੀਕ (ਨਵੀਂ ਵਿੰਡੋ) ਅਤੇ ਲੋਕਲ ਟੈਕਸੀ ਕੰਪਨੀਆਂ ਦੇ ਵਿਰੋਧ (ਨਵੀਂ ਵਿੰਡੋ) ਤੋਂ ਬਾਅਦ, ਜਨਵਰੀ 2020 ਵਿਚ ਊਬਰ ਮੈਟਰੋ ਵੈਨਕੂਵਰ ਵਿਚ ਸ਼ੁਰੂ ਹੋਈ ਸੀ।
ਕੰਪਨੀ ਨੇ 31 ਅਗਸਤ 2020 ਨੂੰ ਵਿਕਟੋਰੀਆ ਅਤੇ ਕਿਲੋਨਾ ਵਿਚ ਵੀ ਓਪਰੇਟ ਕਰਨ ਲਈ ਅਰਜ਼ੀ ਦਿੱਤੀ ਸੀ, ਪਰ ਸੂਬਾਈ ਪੈਸੰਜਰ ਟ੍ਰਾਂਸਪੋਰਟੇਸ਼ਨ ਬੋਰਡ (PTB) ਨੇ ਦਸੰਬਰ 2021 ਵਿਚ ਇਹ ਅਰਜ਼ੀ ਰੱਦ ਕਰ ਦਿੱਤੀ ਸੀ।
ਉਸ ਸਮੇਂ ਕਿਹਾ ਗਿਆ ਸੀ ਕਿ ਇਹ ਵਿਸਤਾਰ ਟੈਕਸੀ ਕੰਪਨੀਆਂ ਲਈ ਨੁਕਸਾਨਦੇਹ ਹੋਵੇਗਾ ਜੋਕਿ ਪਹਿਲਾਂ ਹੀ ਕੋਵਿਡ-19 ਮਹਾਂਮਾਰੀ ਦੌਰਾਨ ਜੂਝ ਰਹੀਆਂ ਹਨ।

ਊਬਰ ਨੇ ਮੈਟਰੋ ਵੈਨਕੂਵਰ ਤੋਂ ਬਾਹਰ ਵੱਡੇ ਸ਼ਹਿਰਾਂ ਵਿਚ ਵੀ ਓਪਰੇਟ ਕਰਨ ਲਈ ਅਰਜ਼ੀ ਦਿੱਤੀ ਸੀ, ਪਰ ਇਹ ਅਰਜ਼ੀ ਰੱਦ ਕਰ ਦਿੱਤੀ ਸੀ।
ਤਸਵੀਰ: (Ben Nelms/CBC)
ਊਬਰ ਨੇ ਫਿਰ ਇੱਕ ਹੋਰ ਰਾਈਡ-ਸ਼ੇਅਰਿੰਗ ਕੰਪਨੀ ReRyde ਦਾ ਟ੍ਰਾਂਸਫ਼ਰ ਰਾਹੀਂ ਲਾਈਸੈਂਸ ਪ੍ਰਾਪਤ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸਨੂੰ 10 ਮਈ ਨੂੰ ਮੰਜ਼ੂਰ ਕਰ ਲਿਆ ਗਿਆ ਸੀ।
ਸੋਮਵਾਰ ਨੂੰ ਊਬਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਕਟੋਰੀਆ, ਚਿਲੀਵੈਕ ਅਤੇ ਕਿਲੋਨਾ ਵਿਚ ਮੰਗਲਵਾਰ ਤੋਂ ਊਬਰ ਸ਼ੁਰੂ ਹੋ ਜਾਵੇਗੀ।
ਬੀਸੀ ਟੈਕਸੀ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ, ਮੋਹਨ ਕੰਗ ਨੇ ਕਿਹਾ ਕਿ ਊਬਰ ਦੇ ਆਉਣ ਦਾ ਵਿੱਤੀ ਤੌਰ ‘ਤੇ ਨਕਾਰਾਤਮਕ ਅਸਰ ਪਵੇਗਾ ਅਤੇ ਡਰਾਈਵਰਾਂ ਦੀਆਂ ਨੌਕਰੀਆਂ ਵੀ ਪ੍ਰਭਾਵਿਤ ਹੋਣਗੀਆਂ।
ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਟ੍ਰਾਂਸਪੋਰਟੇਸ਼ਨ ਇੰਡਸਟਰੀ ਵਿਚ ਸਭ ਨੂੰ ਬਰਾਬਤਾ ਨਾਲ ਦੇਖ ਰਹੀ ਹੈ? ਕਿਉਂਕਿ ਹਾਲ ਹੀ ਵਿਚ ਸੂਬੇ ਵਿਚ ਹੋਇਆ ਮਿਨਿਮਮ ਵੇਜ ਵਾਧਾ ਟੈਕਸੀ ਡਰਾਈਵਰਾਂ ‘ਤੇ ਲਾਗੂ ਹੁੰਦਾ ਹੈ, ਪਰ ਊਬਰ ਡਰਾਈਵਰਾਂ ‘ਤੇ ਲਾਗੂ ਨਹੀਂ ਹੁੰਦਾ।
ਓਕਨਾਗਨ ਟੈਕਸੀ ਅਸੋਸੀਏਸ਼ਨ ਦੇ ਬੁਲਾਰੇ, ਰੌਏ ਪੌਲਸਨ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਸ ਖੇਤਰ ਵਿਚ ਊਬਰ ਦੀ ਆਮਦ ਤੈਅ ਹੀ ਸੀ।
ਉਨ੍ਹਾਂ ਕਿਹਾ ਕਿ ਉਹ ਮੁਕਾਬਲੇਬਾਜ਼ੀ ਦਾ ਸਵਾਗਤ ਕਰਦੇ ਹਨ।
ਅਕਸ਼ੇ ਕੁਲਕਰਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ