- ਮੁੱਖ ਪੰਨਾ
- ਸਮਾਜ
- ਇਮੀਗ੍ਰੇਸ਼ਨ
ਵਿਨੀਪੈਗ ‘ਚ ਭਾਰਤ ਤੋਂ ਆਏ ਇੱਕ ਵਿਅਕਤੀ ਨੇ ਲੋਕਲ ਇਮੀਗ੍ਰੇਸ਼ਨ ਕੰਸਲਟੈਂਟ ‘ਤੇ ਠੋਕਿਆ ਮੁਕੱਦਮਾ
ਕੇਸ ਕਰਨ ਵਾਲੇ ਵਿਅਕਤੀ ਦਾ ਦੋਸ਼ ਹੈ ਕਿ ਕੰਸਲਟੈਂਟ ਨੇ ਉਸਨੂੰ ਕੰਮ ਦਾ ਅਧਿਕਾਰ ਨਾ ਹੋਣ ਦੇ ਬਾਵਜੂਦ ਵੀ ਕੰਮ ਜਾਰੀ ਰੱਖਣ ਦੀ ਸਲਾਹ ਦਿੱਤੀ

ਕੈਨੇਡੀਅਨ ਪਾਥਵੇਅ ਇਮੀਗ੍ਰੇਸ਼ਨ ਸਰਵਿਸੇਜ਼ ਦੀ ਵੈੱਬਸਾਈਟ ਦਾ ਹੋਮਪੇਜ, ਜਿਸ ਵਿਚ ਸੂਰਜ ਜਸਰਾ ਨੂੰ ਇਮੀਗ੍ਰੇਸ਼ਨ ਕੰਸਲਟੈਂਟ ਵੱਜੋਂ ਦਿਖਾਇਆ ਗਿਆ ਹੈ।
ਤਸਵੀਰ: (CBC)
ਭਾਰਤ ਤੋਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਤੇ ਆਏ ਇੱਕ ਵਿਅਕਤੀ ਨੇ ਵਿਨੀਪੈਗ ਦੇ ਇੱਕ ਲੋਕਲ ਇਮੀਗ੍ਰੇਟਸ਼ਨ ਕੰਸਲਟੈਂਟ ਅਤੇ ਉਸਦੇ ਕਾਰੋਬਾਰ ‘ਤੇ ਮੁਕੱਦਮਾ ਠੋਕਿਆ ਹੈ।
ਉਸਦਾ ਇਲਜ਼ਾਮ ਹੈ ਕਿ ਇਮੀਗ੍ਰੇਸ਼ਨ ਕੰਸਲਟੈਂਟ ਦੀ ਮਾੜੀ ਸਲਾਹ ਨੇ ਉਸਦੇ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਨ ਦੇ ਰਾਹ ਵਿਚ ਮੁਸ਼ਕਿਲ ਪੈਦਾ ਕਰ ਦਿੱਤੀ ਹੈ।
ਕਰਮ ਸਿੰਘ ਗਿੱਲ ਨੇ ਸੂਰਜ ਜਸਰਾ ਅਤੇ ਉਸਦੇ ਕਾਰੋਬਾਰ, ਕੈਨੇਡੀਅਨ ਪਾਥਵੇਅ ਇਮੀਗ੍ਰੇਸ਼ਨ ਸਰਵਿਸੇਜ਼ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਵੈਨਕੂਵਰ ਅਧਾਰਤ ਕੋਲ ਹਾਰਬਰ ਲੌਅ ਨਾਲ ਜੁੜੇ ਜੋਸ਼ੂਆ ਸਲੇਅਨ ਕਰਮ ਗਿੱਲ ਦੇ ਵਕੀਲ ਹਨ।
ਕਰਮ ਵੱਲੋਂ ਦਾਇਰ ਬਿਆਨ ਅਨੁਸਾਰ, ਉਸਨੇ ਫ਼ਰਵਰੀ 2022 ਵਿਚ ਵਿਨੀਪੈਗ ਦੀ ਰੂਟ ਲਿੰਕ ਲੌਜਿਸਟਿਕਸ ਵਿਚ ਕੰਮ ਸ਼ੁਰੂ ਕੀਤਾ ਸੀ।
ਇਸ ਕੰਪਨੀ ਨੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਦੇ ਤਹਿਤ ਕਰਮ ਗਿੱਲ ਨੂੰ ਸਪੌਂਸਰ ਕੀਤਾ ਸੀ ਅਤੇ ਕਰਮ ਨੇ ਆਪਣੀ ਇਮੀਗ੍ਰੇਸ਼ਨ ਕਾਰਵਾਈ ਪੂਰੀ ਕਰਨ ਲਈ ਸੂਰਜ ਜਸਰਾ ਅਤੇ ਉਸਦੀ ਕੰਪਨੀ ਨਾਲ ਸੰਪਰਕ ਕੀਤਾ ਸੀ।
ਪਰ ਕਰਮ ਗਿੱਲ ਦਾ ਇਲਜ਼ਾਮ ਹੈ ਕਿ ਵਰਕ ਪਰਮਿਟ ਲਾਉਣ ਵੇਲੇ ਸੂਰਜ ਜਸਰਾ ਨੇ ਲੋੜੀਂਦੀ ਫ਼ੀਸ ਨਹੀਂ ਭਰੀ ਸੀ, ਜਿਸ ਦੇ ਨਤੀਜੇ ਵੱਜੋਂ ਸਤੰਬਰ 2022 ਵਿਚ ਉਸਦੀ ਅਰਜ਼ੀ ਰੱਦ ਹੋ ਗਈ ਸੀ।
ਕਰਮ ਵੱਲੋਂ ਦਾਇਰ ਬਿਆਨ ਅਨੁਸਾਰ, ਸੂਰਜ ਅਤੇ ਕੈਨੇਡੀਅਨ ਪਾਥਵੇਅ ਇਮੀਗ੍ਰੇਸ਼ਨ ਸਰਵਿਸੇਜ਼ ਨੇ ਕਰਮ ਗਿੱਲ ਦੇ ਕੈਨੇਡਾ ਵਿਚ ਕੰਮ ਕਰਨ ਦੇ ਅਧਿਕਾਰ ਨੂੰ ਬਹਾਲ
ਕਰਨ ਲਈ ਇਮੀਗ੍ਰੇਸ਼ਨ ਵਿਭਾਗ ਕੋਲ ਨਵੀਂ ਵਰਕ ਪਰਮਿਟ ਅਰਜ਼ੀ ਜਮਾਂ ਕੀਤੀ।
ਕਰਮ ਨੇ ਇਲਜ਼ਾਮ ਲਗਾਇਆ ਹੈ ਕਿ ਸੂਰਜ ਨੇ ਉਸਨੂੰ ਸਲਾਹ ਦਿੱਤੀ ਸੀ ਕਿ ਵਰਕ ਪਰਮਿਟ ਦੀ ਅਰਜ਼ੀ ਦਾ ਨਤੀਜਾ ਆਉਣ ਤੱਕ ਕਰਮ ਆਪਣਾ ਕੰਮ ਜਾਰੀ ਰੱਖ ਸਕਦਾ ਹੈ, ਜਦਕਿ ਇਹ ਫ਼ੈਡਰਲ ਨਿਯਮਾਂ ਦੇ ਅਨੁਕੂਲ ਨਹੀਂ ਹੈ ਅਤੇ ਇਸ ਦਾ ਨਤੀਜਾ ਕੈਨੇਡਾ ਤੋਂ ਇੱਕ ਸਾਲ ਦਾ ਬੈਨ ਵੀ ਹੋ ਸਕਦਾ ਹੈ।
ਕਰਮ ਵੱਲੋਂ ਦਾਇਰ ਬਿਆਨ ਅਨੁਸਾਰ, ਕੁਝ ਮਹੀਨਿਆਂ ਬਾਅਦ ਮਾਰਚ ਮਹੀਨੇ, ਇਮੀਗ੍ਰੇਸ਼ਨ ਰਿਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਰਮ ਦੇ ਮੌਜੂਦਾ ਕਾਨੂੰਨੀ ਜਾਂ ਕੰਮ ਬਾਰੇ ਸਥਿਤੀ
ਦੀ ਪੁਸ਼ਟੀ ਕਰਨ ਲਈ ਦਸਤਾਵੇਜ਼ ਮੰਗੇ।
ਕਰਮ ਦਾ ਇਲਜ਼ਾਮ ਹੈ ਕਿ ਜਦੋਂ ਉਹ ਸਲਾਹ ਲੈਣ ਲਈ ਸੂਰਜ ਕੋਲ ਗਿਆ, ਤਾਂ ਉਸ ਵੇਲੇ ਸੂਰਜ ਨੇ ਉਸਨੂੰ ਦੱਸਿਆ ਕਿ ਉਸਨੇ ਕਰਮ ਨੂੰ ਇਸ ਕਰਕੇ ਕੰਮ ਜਾਰੀ ਰੱਖਣ ਲਈ ਕਿਹਾ ਸੀ ਕਿਉਂਕਿ ਉਸਨੂੰ ਲੱਗਿਆ ਸੀ ਕਿ ਕਰਮ ਕੈਸ਼
‘ਤੇ ਕੰਮ ਕਰ ਰਿਹਾ ਸੀ।
ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਸੂਰਜ ਸਲਾਹ ਨਾ ਦਿੰਦਾ ਤਾਂ ਕਰਮ ਗਿੱਲ ਬਗ਼ੈਰ ਵਰਕ ਪਰਮਿਟ ਤੋਂ ਕੰਮ ਨਾ ਕਰਦਾ।
ਦਾਅਵੇ ਵਿਚ ਕਿਹਾ ਗਿਆ ਹੈ ਕਿ ਨਤੀਜੇ ਵੱਜੋਂ, ਕਰਮ ਹੁਣ ਪੈਸੇ ਕਮਾਉਣ ਤੋਂ ਅਯੋਗ ਹੈ ਅਤੇ ਉਸ ਉੱਤੇ ਕੈਨੇਡਾ ਤੋਂ ਇੱਕ ਸਾਲ ਦੇ ਬੈਨ ਸਣੇ ਮੁਲਕੋਂ ਬਾਹਰ ਕੱਢੇ ਜਾਣ ਦਾ ਜੋਖਮ ਵੀ ਮੰਡਰਾ ਰਿਹਾ ਹੈ।
ਇਨ੍ਹਾਂ ਵਿਚੋਂ ਕੋਈ ਵੀ ਇਲਜ਼ਾਮ ਅਦਾਲਤ ਵਿਚ ਸਾਬਿਤ ਨਹੀਂ ਹੋਇਆ ਹੈ।
ਸੋਮਵਾਰ ਨੂੰ ਸੂਰਜ ਨਾਲ ਟੈਲੀਫ਼ੋਨ ਰਾਹੀਂ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਕਾਨੂੰਨੀ ਬਚਾਅ ਦੀ ਤਿਆਰੀ ਕਰ ਰਹੇ ਹਨ ਤੇ ਇਸ ਮਾਮਲੇ ‘ਤੇ ਹੋਰ ਟਿੱਪਣੀ ਨਹੀਂ ਕਰਨਗੇ।
ਕਰਮ ਗਿੱਲ ਦੇ ਵਕੀਲ ਜੋਸ਼ੂਆ ਸਲੇਅਨ ਨੇ ਵੀ ਇਸ ਮਾਮਲੇ ‘ਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸੈਰਾਹ ਪੈਟਜ਼ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ