- ਮੁੱਖ ਪੰਨਾ
- ਵਾਤਾਵਰਨ
- ਘਟਨਾਵਾਂ ਅਤੇ ਕੁਦਰਤੀ ਆਫ਼ਤ
2023 ਕੈਨੇਡਾ ‘ਚ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਸੀਜ਼ਨ ਹੋਣ ਦੀ ਸੰਭਾਵਨਾ
ਸੋਮਵਾਰ ਦੇਰ ਦੁਪਹਿਰ ਤੱਕ, ਕੈਨੇਡਾ ਭਰ ਵਿਚ 424 ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ

ਡੋਨੀ ਕ੍ਰੀਕ ਜੰਗਲ ਦੀ ਅੱਗ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਅੱਗ ਵਿੱਚੋਂ ਇੱਕ ਹੈ।
ਤਸਵੀਰ: BC Wildfire Service
ਕੈਨੇਡਾ ਦੇ ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਦੇਸ਼ ਭਰ ਤੋਂ ਜੰਗਲੀ ਅੱਗ ਦੀਆਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਉੱਭਰ ਰਹੀਆਂ ਹਨ ਉਹ ਹੁਣ ਤੱਕ ਦੀਆਂ ਸਭ ਤੋਂ ਭਿਆਨਕ ਹਨ।
ਫ਼ੈਡਰਲ ਅੰਕੜੇ ਦਰਸਾਉਂਦੇ ਹਨ ਕਿ ਇਸ ਗਰਮੀਆਂ ਦੌਰਾਨ ਜੰਗਲੀ ਅੱਗ ਦਾ ਸੀਜ਼ਨ ਆਮ ਨਾਲੋਂ ਵਧੇਰੇ ਤੀਬਰ ਹੋਵੇਗਾ।
ਬਿਲ ਬਲੇਅਰ ਅਤੇ ਛੇ ਹੋਰ ਫ਼ੈਡਰਲ ਕੈਬਿਨੇਟ ਮਿਨਿਸਟਰਾਂ ਨੇ ਸੋਮਵਾਰ ਨੂੰ ਕੈਨੇਡਾ ਵਿਚ ਜੰਗਲੀ ਅੱਗ ਦੀ ਸਥਿਤੀ ਬਾਰੇ ਅਪਡੇਟ ਦਿੱਤੀ ਸੀ।
ਬੀਸੀ ਵਾਈਲਡਫ਼ਾਇਰ ਸਰਵਿਸ ਦਾ ਕਹਿਣਾ ਹੈ ਡੌਨੀ ਕ੍ਰੀਕ ਵਿੱਖੇ ਜੰਗਲੀ ਅੱਗ 2,400 ਵਰਗ ਕਿਲੋਮੀਟਰ ਤੋਂ ਵੱਧ ਰਕਬੇ ਚ ਫ਼ੈਲ ਚੁੱਕੀ ਹੈ, ਅਤੇ ਇਹ ਹੁਣ ਸੂਬੇ ਦੇ ਇਤਿਹਾਸ ਦੀ ਦੂਸਰੀ ਸਭ ਤੋਂ ਵੱਡੀ ਜੰਗਲੀ ਅੱਗ ਮੰਨੀ ਜਾ ਰਹੀ ਹੈ।
ਨੋਵਾ ਸਕੋਸ਼ੀਆ ਹੁਣ ਤੱਕ ਦੀ ਸਭ ਤੋਂ ਵੱਡੀ ਜੰਗਲੀ ਅੱਗ ਨਾਲ ਜੂਝ ਰਿਹਾ ਹੈ।
ਕਿਊਬੈਕ ਵਿਚ ਲੱਗੀ ਜੰਗਲੀਅੱਗ ਦਾ ਧੂੰਆਂ ਦੱਖਣੀ ਓਨਟੇਰਿਓ ਤੱਕ ਹਵਾ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਸਥਾਨਕ ਜੰਗਲੀ ਅੱਗਾਂ ‘ਤੇ ਕਿਊਬੈਕ ਦੇ ਧੂੰਏ ਕਰਕੇ ਐਨਵਾਇਰਨਮੈਂਟ ਕੈਨੇਡਾ ਨੇ ਏਅਰ ਕੁਆਲਟੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਸੋਮਵਾਰ ਦੇਰ ਦੁਪਹਿਰ ਤੱਕ, ਕੈਨੇਡਾ ਭਰ ਵਿਚ 424 ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 250 ਤੋਂ ਵੱਧ ਨੂੰ ਕਾਬੂ ਤੋਂ ਬਾਹਰ ਮੰਨਿਆ ਗਿਆ ਹੈ।
ਅੱਗ ਦੇ ਖ਼ਤਰੇ ਦੀ ਪੇਸ਼ੀਨਗੋਈ ਵਿਚ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਨੂੰ ਛੱਡ ਕੇ, ਹਰੇਕ ਸੂਬੇ ਅਤੇ ਪ੍ਰਦੇਸ਼ ਦੇ ਹਿੱਸਿਆਂ ਵਿਚ ਅੱਗ ਦਾ ਖ਼ਤਰਾ ਔਸਤ ਨਾਲੋਂ ਵਧੇਰੇ ਹੈ। ਲੈਬਰਾਡੌਰ ਦੇ ਜ਼ਿਆਦਾਤਰ ਹਿੱਸੇ ਵਿਚ ਵੀ ਖ਼ਤਰਾ ਔਸਤ ਤੋਂ ਉੱਪਰ ਹੈ, ਪਰ ਨਿਊਫ਼ੰਡਲੈਂਡ ਵਿਚ ਖ਼ਤਰਾ ਔਸਤ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ