- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਭਾਰਤ ਕੈਨੇਡਾ ‘ਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ: ਰਾਸ਼ਟਰੀ ਸੁਰੱਖਿਆ ਸਲਾਹਕਾਰ
ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਦਖ਼ਲਅੰਦਾਜ਼ੀ ਕੈਨੇਡਾ ਵਿਚ ਅਹਿਮ ਸਿਆਸੀ ਮੁੱਦਿਆਂ ਵਿਚੋਂ ਇੱਕ ਬਣਿਆ ਹੋਇਆ ਹੈ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥੌਮਸ ਦਾ ਕਹਿਣਾ ਹੈ ਕਿ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਹੈ।
ਤਸਵੀਰ: THE CANADIAN PRESS/Spencer Colby
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਕਹਿਣਾ ਹੈ ਕਿ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਹੈ।
ਜੋਡੀ ਥੌਮਸ ਦਾ ਕਹਿਣਾ ਹੈ ਕਿ ਕਈ ਸਟੇਟ ਐਕਟਰ ਅਤੇ ਨੌਨ-ਸਟੇਟ ਪ੍ਰੌਕਸੀਆਂ
ਕੈਨੇਡਾ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਕਰ ਰਹੇ ਹਨ, ਅਤੇ ਪਿਛਲੇ ਹਫ਼ਤੇ ਇੱਕ ਕਾਨਫ਼੍ਰੰਸ ਵਿਚ ਉਨ੍ਹਾਂ ਨੇ ਤਿੰਨ ਦੇਸ਼ਾਂ, ਚੀਨ, ਰੂਸ ਅਤੇ ਈਰਾਨ, ਨੂੰ ਸੂਚੀਬੱਧ ਕੀਤਾ ਸੀ ਜਿਨ੍ਹਾਂ ਦਾ ਕੈਨੇਡਾ ਸਰਕਾਰ ਜ਼ਿਕਰ ਕਰਦੀ ਰਹੀ ਹੈ।
ਪਰ ਥੌਮਸ ਨੇ ਖ਼ਾਸ ਤੌਰ ‘ਤੇ ਭਾਰਤ ਦਾ ਵੀ ਜ਼ਿਕਰ ਕੀਤਾ, ਇੱਕ ਅਜਿਹਾ ਦੇਸ਼ ਜਿਸ ਨੂੰ ਲਿਬਰਲਾਂ ਨੇ ਆਪਣੀ ਇੰਡੋ-ਪੈਸਿਫਿਕ ਰਣਨੀਤੀ ਵਿੱਚ ਇੱਕ ਨਜ਼ਦੀਕੀ ਆਰਥਿਕ ਅਤੇ ਵਿਗਿਆਨਕ ਸਬੰਧ ਸਥਾਪਤ ਕਰਨ ਲਈ ਤਰਜੀਹ ਵਜੋਂ ਉਜਾਗਰ ਕੀਤਾ ਹੈ।
ਫ਼ੈਡਰਲ ਏਜੰਸੀਆਂ ਹਾਲ ਹੀ ਦੇ ਸਾਲਾਂ ਵਿੱਚ ਚਿਤਾਵਨੀ ਦੇ ਚੁੱਕੀਆਂ ਹਨ ਕਿ ਭਾਰਤ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਅਤੇ ਥੌਮਸ ਤੋਂ ਪਹਿਲਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਿਚਲੇ ਮਾੜੇ ਅੰਸਰਾਂ ਨੇ ਟ੍ਰੂਡੋ ਦੀ ਭਾਰਤ ਫ਼ੇਰੀ ਦੌਰਾਨ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਭਾਰਤ ਵੱਲੋਂ ਵੀ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਕੈਨੇਡਾ ਵਿਚਲੇ ਕੁਝ ਅੰਸਰ, ਖ਼ਾਸ ਤੌਰ ‘ਤੇ ਕੁਝ ਸਿੱਖਾਂ ਦੀ ਅਗਵਾਈ ਵਾਲੀ ਇੱਕ ਵੱਖਵਾਦੀ ਲਹਿਰ, ਭਾਰਤ ਵਿਚ ਦਖ਼ਲਅੰਦਾਜ਼ੀ ਦਾ ਕਾਰਨ ਹਨ।
ਐਨਡੀਪੀ ਨੇ ਅਕਸਰ ਭਾਰਤ ਦਾ ਇੱਕ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਸਰੋਤ ਵੱਜੋਂ ਜ਼ਿਕਰ ਕੀਤਾ ਹੈ, ਅਤੇ ਇਹ ਦਲੀਲ ਦਿੱਤੀ ਹੈ ਕਿ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਭਾਰਤ ਨਾਲ ਆਪਣੇ ਸਬੰਧਾਂ ਨੂੰ ਸੀਮਤ ਕਰਨਾ ਚਾਹੀਦਾ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ