1. ਮੁੱਖ ਪੰਨਾ
  2. ਸਮਾਜ

ਕੀ ਹੈ ਕਿਰਾਏਦਾਰਾਂ ਦੀ ਹੜਤਾਲ - ਕੀ ਇਸ ਨਾਲ ਕੁਝ ਹੁੰਦਾ ਹੈ?

ਕਿਰਾਏ ਵਿਚ ਵਾਧੇ ਨੂੰ ਲੈਕੇ ਟੋਰੌਂਟੋ ਦੇ ਦੋ ਇਲਾਕਿਆਂ ਵਿਚ ਕਿਰਾਏਦਾਰਾਂ ਵੱਲੋਂ ਹੜਤਾਲ

ਚਿਆਰਾ ਪਡੋਵਾਨੀ ਨੇ ਕਿਹਾ ਕਿ ਟੋਰੌਂਟੋ ਦੇ ਕਿਰਾਏਦਾਰਾਂ ਦੇ ਇੱਕ ਸਮੂਹ ਦੁਆਰਾ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਮਕਾਨ ਮਾਲਕ ਤੋਂ ਤਸੱਲੀਬਖਸ਼ ਜਵਾਬ ਨਹੀਂ ਮਿਲਦਾ।

ਚਿਆਰਾ ਪਡੋਵਾਨੀ ਨੇ ਕਿਹਾ ਕਿ ਟੋਰੌਂਟੋ ਦੇ ਕਿਰਾਏਦਾਰਾਂ ਦੇ ਇੱਕ ਸਮੂਹ ਦੁਆਰਾ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਮਕਾਨ ਮਾਲਕ ਤੋਂ ਤਸੱਲੀਬਖਸ਼ ਜਵਾਬ ਨਹੀਂ ਮਿਲਦਾ।

ਤਸਵੀਰ: (Jared Ong/York South-Weston Tenant Union)

RCI

ਟੋਰੌਂਟੋ ਵਿਚ ਕਰੀਬ 200 ਕਿਰਾਏਦਾਰ ਹੜਤਾਲ (Rent strike) ‘ਤੇ ਹਨ ਅਤੇ ਉਹਨਾਂ ਨੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 

ਪਿਛਲੇ ਇੱਕ ਦਹਾਕੇ ਵਿਚ ਕਿਰਾਇਆਂ ਵਿਚ ਵਾਧੇ ਸਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਵਧੇਰੇ ਹੋਏ ਵਾਧੇ ਦੇ ਮੱਦੇਨਜ਼ਰ ਇਹ ਕਿਰਾਏਦਾਰ ਹੁਣ ਬਿਲਡਿੰਗ ਦੇ ਮਾਲਕ ਵਿਰੁੱਧ ਹੜਤਾਲ ‘ਤੇ ਹਨ।

ਸ਼ਹਿਰ ਦੇ ਇੱਕ ਹੋਰ ਹਿੱਸੇ ਵਿਚ ਇੱਕ ਅਪਾਰਟਮੈਂਟ ਕੰਪਲੈਕਸ ਦੇ 100 ਤੋਂ ਵੱਧ ਕਿਰਾਏਦਾਰਾਂ ਨੇ ਪਿਛਲੇ ਦੋ ਸਾਲਾਂ ਵਿਚ ਕਿਰਾਏ ਵਿਚ ਹੋਏ ਤਕਰੀਬਨ 10 ਪ੍ਰਤੀਸ਼ਤ ਵਾਧੇ ਦੇ ਵਿਰੋਧ ਵਿਚ ਕਿਰਾਇਆ ਦੇਣਾ ਬੰਦ ਕਰ ਦਿੱਤਾ ਹੈ। 

ਹੜਤਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬੱਸ ਬਹੁਤ ਹੋਇਆ। ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਕੈਨੇਡਾ ਵਿਚ ਕਿਰਾਏਦਾਰਾਂ ਨੇ ਹੜਤਾਲ ਕੀਤੀ ਹੋਵੇ।

ਸਾਲ 2017 ਵਿਚ ਟੋਰੌਂਟੋ ਦੇ ਪਾਰਕਡੇਲ ਇਲਾਕੇ ਵਿਚ 12 ਰਿਹਾਇਸ਼ੀ ਬਿਲਡਿੰਗਾਂ ਦੇ 300 ਤੋਂ ਵੱਧ ਕਿਰਾਏਦਾਰਾਂ ਨੇ ਤਿੰਨ ਮਹੀਨੇ ਦੀ ਹੜਤਾਲ ਕਰ ਦਿੱਤੀ ਸੀ, ਜਿਸ ਦਾ ਨਤੀਜਾ ਕਿਰਾਏਦਾਰਾਂ ਦੇ ਪੱਖ ਵਿਚ ਭੁਗਤਿਆ (ਨਵੀਂ ਵਿੰਡੋ) ਸੀ। ਉਸ ਤੋਂ ਅਗਲੇ ਸਾਲ ਹੈਮਿਲਟਨ, ਓਨਟੇਰਿਓ ਵਿਚ ਵੀ ਅਜਿਹੀ ਹੀ ਹੜਤਾਲ ਹੋਈ ਸੀ, ਹਾਲਾਂਕਿ ਉਹ ਹੜਤਾਲ ਕਿਰਾਏਦਾਰਾਂ ਦੇ ਨਜ਼ਰੀਏ ਤੋਂ ਸਫਲ ਨਹੀਂ ਸੀ।

ਕੈਨੇਡੀਅਨ ਸੈਂਟਰ ਫ਼ੌਰ ਪੌਲਿਸੀ ਆਲਟਰਨੇਟਿਵਜ਼, ਔਟਵਾ ਵਿਚ ਰਾਜਨੀਤਿਕ ਅਰਥਸ਼ਾਸਤਰੀ ਅਤੇ ਲੇਖਕ, ਰਿਕਾਰਡੋ ਟ੍ਰੈਨਜਨ ਨੇ ਕਿਹਾ ਇਹ ਵਰਤਾਰਾ ਦਰਸਾਉਂਦਾ ਹੈ ਕਿ ਹਾਊਸਿੰਗ ਦੀ ਸਮੁੱਚੀ ਸਥਿਤੀ ਜਾਂ ਇੱਕ ਖ਼ਾਸ ਮਕਾਨਮਾਲਕਾਂ ਵੱਲੋਂ ਇਸ ਹੱਦ ਤੱਕ ਕਿਰਾਇਆ ਵਧਾ ਦਿੱਤਾ ਗਿਆ ਕਿ ਕਿਰਾਏਦਾਰ ਨੇ ਅਜਿਹਾ ਦਲੇਰਾਨਾ ਕਦਮ ਚੁੱਕਣ ਦੀ ਸੋਚੀ।

ਆਓ ਜਾਣੀਏ ਕਿ ਕੀ ਹੁੰਦੀਆਂ ਹਨ ਕਿਰਾਏਦਾਰਾਂ ਦੀਆਂ ਹੜਤਾਲਾਂ ਅਤੇ ਕਿਰਾਏਦਾਰਾਂ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ।

ਕੀ ਹੈ ਕਿਰਾਇਆ ਹੜਤਾਲ?

ਕਿਰਾਇਆ ਹੜਤਾਲ ਜਾਂ ਕਿਰਾਏਦਾਰਾਂ ਦੀ ਹੜਤਾਲ ਉਹ ਸਥਿਤੀ ਹੈ ਜਦੋਂ ਕਿਰਾਏਦਾਰ ਕੁਝ ਖ਼ਾਸ ਸ਼ਰਤਾਂ ਮੰਨੀਆਂ ਜਾਣ ਤੱਕ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੰਦੇ ਹਨ।

ਕਈ ਵਾਰੀ ਕਿਰਾਏਦਾਰ ਸਮੂਹਿਕ ਤੌਰ ‘ਤੇ ਆਪਣੇ ਪੱਧਰ ‘ਤੇ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰੀ ਕਿਰਾਏਦਾਰ ਇੱਕ ਅਧਿਕਾਰਤ ਯੂਨੀਅਨ ਦਾ ਗਠਨ ਕਰਦੇ ਹਨ ਅਤੇ ਹਾਊਸਿੰਗ ਦੀ ਵਕਾਲਤ ਕਰਨ ਵਾਲੇ ਜਾਂ ਕੋਰ ਕਾਰਕੁਨਾਂ ਨਾਲ ਸਹਿਯੋਗ ਵਿਚ ਕੰਮ ਕਰਦੇ ਹਨ। ਉਨ੍ਹਾਂ ਦੀ ਹੜਤਾਲ ਜਾਂ ਯਤਨ ਮੈਂਬਰਸ਼ਿਪ ਫ਼ੀਸ ਜਾਂ ਡੋਨੇਸ਼ਨਾਂ ਰਾਹੀਂ ਸਮਰਥਿਤ ਹੋ ਸਕਦੀ ਹੈ।

ਟੋਰੌਂਟੋ ਵਿਚ ਚਲ ਰਹੀ ਕਿਰਾਏਦਾਰਾਂ ਦੀ ਹੜਤਾਲ ਦੇ ਮਾਮਲੇ ਵਿਚ, ਯੌਰਕ ਸਾਊਥ ਵੈਸਟਨ ਟੈਨੈਂਟ ਯੂਨੀਅਨ ਮੁੱਖ ਸਮੂਹ ਹੈ ਜਿਸ ਵਿਚ ਕਈ ਛੋਟੀਆਂ ਕਿਰਾਏਦਾਰ ਯੂਨੀਅਨਾਂ ਸ਼ਾਮਲ ਹਨ। ਇਹ ਗਰੁੱਪ ਲੋਕਾਂ ਨੂੰ ਮੁਫ਼ਤ ਵਿੱਚ ਮੈਂਬਰ ਬਣਨ ਲਈ ਸੱਦਾ ਦਿੰਦਾ ਹੈ ਪਰ ਨਾਲ ਹੀ ਡੋਨੇਸ਼ਨਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਟੋਰੌਂਟੋ ਵਿਚ ਹੜਤਾਲ ਕਰ ਰਹੇ ਕਿਰਾਏਦਾਰ ਆਪਣੇ ਮਾਲਕ ਨੂੰ  ਮੰਗ ਕਰ ਰਹੇ ਹਨ ਕਿ ਵਾਧੇ ਬਾਬਤ ਦਿਸ਼ਾ-ਨਿਰਦੇਸ਼ਾਂ ਤੋਂ ਵੱਧ ਦੇ ਵਾਧੇ ਦੀ ਨਵੀਂ ਅਰਜ਼ੀ ਰੱਦ ਕੀਤੀ ਜਾਵੇ ਅਤੇ ਉਸਾਰੀ ਦੌਰਾਨ ਪ੍ਰਭਾਵਿਤ ਹੋਈਆਂ ਸੇਵਾਵਾਂ ਲਈ ਮੁਆਵਜ਼ਾ ਵੀ ਦਿੱਤਾ ਜਾਵੇ।

ਸਾਂਭ-ਸੰਭਾਲ (Maintenance) ਦਾ ਮੁੱਦਾ ਵੀ ਕਿਰਾਏਦਾਰਾਂ ਦੀ ਹੜਤਾਲ ਦਾ ਆਮ ਮੁੱਦਾ ਹੁੰਦਾ ਹੈ।

ਕੀ ਕਿਰਾਏਦਾਰਾਂ ਦੀ ਹੜਤਾਲ ਨਵਾਂ ਰੁਝਾਨ ਹੈ?

ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਕਿਰਾਏਦਾਰਾਂ ਦੀਆਂ ਹੜਤਾਲਾਂ ਦਾ ਲੰਮਾ ਇਤਿਹਾਸ ਹੈ। 1860ਵਿਆਂ ਵਿਚ ਪ੍ਰਿੰਸ ਐਡਵਰਡ ਆਈਲੈਂਡ ਦੇ ਕਿਰਾਏਦਾਰ ਕਿਸਾਨਾਂ ਨੇ ਇੱਕ ਯੂਨੀਅਨ ਬਣਾਈ ਅਤੇ ਜ਼ਮੀਨ ਦੇ ਮਾਲਕਾਂ ਖ਼ਿਲਾਫ਼ ਹੜਤਾਲ ਕੀਤੀ ਸੀ, ਬਾਅਦ ਵਿਚ ਸੂਬਾ ਸਰਕਾਰ ਨੇ ਜ਼ਮੀਨ ‘ਤੇ ਕਬਜ਼ਾ ਕਰ ਲਿਆ ਸੀ।

1880ਵਿਆਂ ਵਿਚ ਗਲਾਸਗੋ ਵਿਚ ਕਿਰਾਏਦਾਰਾਂ ਦੀ ਹੜਤਾਲ, 1931 ਵਿਚ ਬਾਰਸੀਲੋਨਾ, 1963-64 ਵਿਚ ਨਿਊ ਯੌਰਕ ਵਿਚ ਹੜਤਾਲ ਵਰਗੀਆਂ ਕਈ ਹੜਤਾਲਾਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਹਨ।

ਕੋਵਿਡ-19 ਮਹਾਂਮਾਰੀ ਦੌਰਾਨ ਵੀ ਕਿਰਾਏਦਾਰਾਂ ਦੀਆਂ ਹੜਤਾਲਾਂ ਦਾ ਮੁੱਦਾ ਉੱਭਰਿਆ ਸੀ, ਜਦੋਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਕਿਰਾਇਆ ਨਹੀਂ ਸੀ ਦੇ ਸਕਦੇ। ਓਨਟੇਰਿਓ ਵਿਚ ਕੋਵਿਡ ਦੌਰਾਨ ਕਿਰਾਏਦਾਰਾਂ ਨੂੰ ਕੱਢਣ ‘ਤੇ ਪਾਬੰਦੀ ਲੱਗ ਗਈ ਸੀ।

ਟ੍ਰੈਨਜਨ ਨੇ ਕਿਹਾ ਕਿ ਮਹਾਂਮਾਰੀ ਇੱਕ ਅਹਿਮ ਪਲ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਕੋਵਿਡ ਨੇ ਇੱਕ ਭਾਵੁਕ ਦੁਚਿੱਤੀ ਪੈਦਾ ਕਰ ਦਿੱਤੀ ਸੀ ਕਿ ਕੀ ਜਨਤਕ ਸਿਹਤ ਕਾਰਨਾਂ ਕਰਕੇ ਆਰਥਿਕਤਾ ਨੂੰ ਬੰਦ ਕਰਨ ਕਰਕੇ ਲੋਕਾਂ ਨੂੰ ਘਰੋਂ ਬੇਦਖ਼ਲ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ।

ਕੀ ਕਿਰਾਏਦਾਰਾਂ ਦੀਆਂ ਹੜਤਾਲਾਂ ਸਫਲ ਹੁੰਦੀਆਂ ਹਨ?

ਟ੍ਰੈਨਜਨ ਨੇ ਕਿਹਾ ਕਿ ਸਫਲਤਾ ਨੂੰ ਮਾਪਣਾ ਮੁਸ਼ਕਲ ਹੋ ਸਕਦਾ ਹੈ, ਪਰ ਆਮ ਤੌਰ ‘ਤੇ ਇਹ ਹੜਤਾਲਾਂ ਸਫਲ ਹੁੰਦੀਆਂ ਹਨ। ਭਾਵੇਂ ਕਿਰਾਏਦਾਰ ਹਮੇਸ਼ਾ ਉਹ ਪ੍ਰਾਪਤ ਨਹੀਂ ਕਰਦੇ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ, ਪਰ ਇਸ ਹੜਤਾਲ ਦੀ ਕਾਰਵਾਈ ਦੇ ਨਤੀਜੇ ਵੱਜੋਂ ਉਹ ਆਪਣੇ ਕਾਰਪੋਰੇਟ ਮਾਲਕ ਨਾਲ ਸੌਦੇਬਾਜ਼ੀ ਕਰ ਸਕਦੇ ਹਨ ਅਤੇ ਇਸ ਨਾਲ ਸ਼ਕਤੀ ਦਾ ਬਰਾਬਰ ਸੰਤੁਲਨ ਪ੍ਰਦਾਨ ਹੋ ਸਕਦਾ ਹੈ।

ਟ੍ਰੈਨਜਨ ਨੇ ਕਿਹਾ ਹੜਤਾਲਾਂ ਸਰੋਤਾਂ ਨੂੰ ਜੁਟਾ ਸਕਦੀਆਂ ਹਨ, ਜਨਤਕ ਰਾਏ ਨੂੰ ਬਦਲ ਸਕਦੀਆਂ ਹਨ ਅਤੇ ਦੂਜਿਆਂ ਨੂੰ ਪ੍ਰੇਰਿਤ ਕਰ ਸਕਦੀਆਂ ਹਨ।

ਕੀ ਹੋਰ ਹੜਤਾਲਾਂ ਵੀ ਹੋ ਸਕਦੀਆਂ ਹਨ?

ਪੀਈਆਈ ਫ਼ਾਈਟ ਫ਼ੌਰ ਅਫੋਰਡੇਬਲ ਹਾਊਸਿੰਗ ਦੇ ਸਟਾਫ਼ ਮੈਂਬਰ, ਕੋਰੀ ਪੇਟਰ ਨੇ ਕਿਹਾ ਕਿ ਹੋਰ ਹੜਤਾਲਾਂ ਬਿਲਕੁਲ ਹੋ ਸਕਦੀਆਂ ਹਨ। ਇਹ ਗਰੁੱਪ ਕਿਰਾਏਦਾਰਾਂ ਨਾਲ ਉਨ੍ਹਾਂ ਨੇ ਅਧਿਕਾਰਾਂ ਅਤੇ ਆਈਲੈਂਡ ਦੀ ਕਿਫ਼ਾਇਤੀ ਰਿਹਾਇਸ਼ ਦੀ ਘਾਟ ਨੂੰ ਹੱਲ ਕਰਨ ਲਈ ਕੰਮ ਕਰਦਾ ਹੈ।

ਇੱਕ ਜ਼ੂਮ ਇੰਟਰਵਿਊ ਵਿਚ ਪੇਟਰ ਨੇ ਕਿਹਾ, ਇਸ ਤਰ੍ਹਾਂ ਦੀਆਂ ਕਿਰਾਇਆ ਹੜਤਾਲਾਂ, ਆਪਣੇ ਗੁਆਂਢੀਆਂ ਨਾਲ ਸੰਗਠਿਤ ਕਾਰਵਾਈ ਕਰਨਾ, ਕਿਰਾਏ ਨੂੰ ਕਿਫਾਇਤੀ ਪੱਧਰ 'ਤੇ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹਨ

ਜਦੋਂ ਤੁਸੀਂ ਕਾਰਪੋਰੇਟ ਜ਼ਮੀਂਦਾਰਾਂ ਦੇ ਮੁਨਾਫ਼ਿਆਂ ਵਿਚ ਰਿਕਾਵਟ ਪਾਉਂਦੇ ਹੋ, ਫਿਰ ਉਹ ਧਿਆਨ ਦਿੰਦੇ ਹਨ

ਜੋਖਮ ਕੀ ਹੈ?

ਭਾਵੇਂ ਕਿਰਾਇਆ ਹੜਤਾਲਾਂ ਭਲੀਆਂ ਹੁੰਦੀਆਂ ਹਨ, ਪਰ ਉਨ੍ਹਾਂ ਵਿਚ ਕੁਝ ਜੋਖਮ ਵੀ ਹੁੰਦੇ ਹਨ। ਕਿਰਾਏਦਾਰਾਂ ਨੂੰ ਘਰੋਂ ਕੱਢਿਆ ਜਾ ਸਕਦਾ ਹੈ ਜਾਂ ਕਿਰਾਇਆ ਨਾ ਦੇਣ ਕਰਕੇ ਉਨ੍ਹਾਂ ਦਾ ਕ੍ਰੈਡਿਟ ਸਕੋਰ ਪ੍ਰਭਾਵਿਤ ਹੋ ਸਕਦਾ ਹੈ।

ਪਰ ਪੇਟਰ ਨੇ ਕਿਹਾ ਕਿ ਭਾਵੇਂ ਇਸ ਨਾਲ ਜੋਖਮ ਜੁੜੇ ਹਨ ਪਰ ਇਸਦਾ ਮੁੱਲ ਵੀ ਪੈਂਦਾ ਹੈ।

ਪੇਟਰ ਨੇ ਕਿਹਾ ਕਿ ਜੇ ਲੋਕ ਅਜਿਹੀ ਸਥਿਤੀ ਵਿਚ ਹਨ ਕਿ ਉਹ ਹੜਤਾਲ ਕਰ ਰਹੇ ਹਨ, ਯਾਨੀ ਜੇ ਕਿਰਾਇਆ ਵਧਦਾ ਹੈ ਤਾਂ ਉਹ ਆਪਣਾ ਘਰ ਗੁਆ ਸਕਦੇ ਹਨ, ਤਾਂ ਅਜਿਹੇ ਵਿਚ ਉਨ੍ਹਾਂ ਨੂੰ ਆਪਣੇ ਸਿਰ ‘ਤੇ ਛੱਤ ਤੋਂ ਵੱਧ ਆਪਣੇ ਕ੍ਰੈਡਿਟ ਸਕੋਰ ਦੀ ਚਿੰਤਾ ਨਹੀਂ ਹੁੰਦੀ।

ਮੈਰੀ ਵੈਲਿਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ