1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜੰਗਲੀ ਅੱਗਾਂ ਬੁਝਾਉਣ ‘ਚ ਮਦਦ ਲਈ ਕਰੀਬ 700 ਹੋਰ ਅੰਤਰਰਾਸ਼ਟਰੀ ਫ਼ਾਇਰ ਫ਼ਾਈਟਰਜ਼ ਪਹੁੰਚਣਗੇ ਕੈਨੇਡਾ

ਅਗਲੇ ਦੋ ਹਫ਼ਤਿਆਂ ਵਿਚ ਕੈਨੇਡਾ ਪਹੁੰਚਣਗੇ ਫ਼ਾਇਰਫ਼ਾਈਟਰਜ਼

1 ਜੂਨ 2023 ਨੂੰ ਨੋਵਾ ਸਕੋਸ਼ੀਆ ਦੇ ਯੈਂਕੀਟਾਊਨ ਵਿਚ ਇੱਕ ਹੈਲੀਕੌਪਟਰ ਅੱਗ ਬੁਝਾਉਣ ਦੇ ਯਤਨ ਕਰਦਾ ਹੋਇਆ।

1 ਜੂਨ 2023 ਨੂੰ ਨੋਵਾ ਸਕੋਸ਼ੀਆ ਦੇ ਯੈਂਕੀਟਾਊਨ ਵਿਚ ਇੱਕ ਹੈਲੀਕੌਪਟਰ ਅੱਗ ਬੁਝਾਉਣ ਦੇ ਯਤਨ ਕਰਦਾ ਹੋਇਆ।

ਤਸਵੀਰ: (HO-Communications Nova Scotia/The Canadian Press)

RCI

ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਤੋਂ ਕਰੀਬ 700 ਫ਼ਾਇਰਫ਼ਾਈਟਰਜ਼ ਕੈਨੇਡਾ ਦੀ ਮਦਦ ਲਈ ਪਹੁੰਚ ਰਹੇ ਹਨ।

ਇਹ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ਅਗਲੇ ਦੋ ਹਫ਼ਤਿਆਂ ਵਿਚ ਕੈਨੇਡਾ ਪਹੁੰਚਣਗੇ। ਕੈਨੇਡਾ ਵਿਚ ਜੰਗਲੀ ਅੱਗਾਂ ਦੇ ਸੀਜ਼ਨ ਦੀ ਇਸ ਵਾਰੀ ਸ਼ੁਰੂਆਤ ਕਾਫ਼ੀ ਅਸਧਾਰਣ ਰਹੀ ਹੈ।

ਮਈ ਵਿਚ ਐਲਬਰਟਾ ਸੂਬੇ ਵਿਚ ਭਿਆਨਕ ਜੰਗਲੀ ਅੱਗ ਸ਼ੁਰੂ ਹੋਈ ਸੀ। ਪਿਛਲੇ ਵੀਕੈਂਡ ਤੋਂ ਨੋਵਾ ਸਕੋਸ਼ੀਆ ਸੂਬੇ ਵਿਚ ਵੀ ਕਈ ਜੰਗਲੀ ਅੱਗਾਂ ਕਾਬੂ ਤੋਂ ਬਾਹਰ ਹੋ ਗਈਆਂ ਹਨ।

ਐਲਬਰਟਾ ਵਿਚ ਪਹਿਲਾਂ ਤੋਂ ਹੀ 500 ਤੋਂ ਵੱਧ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ,ਘਟਨਾ ਕਮਾਂਡਰਜ਼ ਅਤੇ ਹੋਰ ਵਰਕਰਜ਼ ਮੌਜੂਦ ਹਨ।

ਹੋਰ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ਅਮਲੇ ਚੋਂ ਜ਼ਿਆਦਾਤਰ ਦੀ ਤੈਨਾਤੀ ਐਲਬਰਟਾ ਵਿਚ ਹੋਵੇਗੀ। ਕੁਝ ਫ਼ਾਇਰਫ਼ਾਈਟਰਜ਼ ਨੂੰ ਨੋਵਾ ਸਕੋਸ਼ੀਆ ਵਿਚ ਉਨ੍ਹਾਂ ਥਾਂਵਾਂ ‘ਤੇ ਭੇਜਿਆ ਜਾਵੇਗਾ ਜਿੱਥੇ ਅੱਗ ਬੇਕਾਬੂ ਹੋ ਚੁੱਕੀ ਹੈ।

ਫ਼ੈਡਰਲ ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡਾ ਇੰਟਰਏਜੰਸੀ ਫ਼ੌਰੈਸਟ ਫ਼ਾਇਰ ਸੈਂਟਰ ਇਹ ਯਕੀਨੀ ਬਣਾ ਰਿਹਾ ਹੈ ਕਿ ਸਾਰੇ ਸੂਬਿਆਂ ਅਤੇ ਹੋਰ ਦੇਸ਼ਾਂ ਦੇ ਅਮਲੇ ਨੂੰ ਉਨ੍ਹਾਂ ਖੇਤਰਾਂ ਵਿਚ ਭੇਜਿਆ ਜਾਵੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਦਦ ਦੀ ਲੋੜ ਹੈ।

ਮਿਨਿਸਟਰ ਬਲੇਅਰ ਨੇ ਕਿਹਾ ਕਿ ਮੁਲਕ ਵਿਚ ਇਹ ਫ਼ਾਇਰ ਸੀਜ਼ਨ, ਜੰਗਲੀ ਅੱਗਾਂ ਦੀ ਵਿਸ਼ਾਲਤਾ ਅਤੇ ਇੱਕੋ ਸਮੇਂ ‘ਤੇ ਕਈ ਸੂਬਿਆਂ ਦੇ ਅੱਗ ਨਾਲ ਪ੍ਰਭਾਵਿਤ ਹੋਣ ਕਾਰਨ, ਕਾਫ਼ੀ ਅਸਧਾਰਣ ਰਿਹਾ ਹੈ।

ਇਸ ਸਮੇਂ 214 ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 93 ਕਾਬੂ ਤੋਂ ਬਾਹਰ ਹਨ, ਜਦਕਿ ਵੀਰਵਾਰ ਤੱਕ 87 ਅੱਗਾਂ ਕਾਬੂ ਤੋਂ ਬਾਹਰ ਸਨ।

ਨੋਵਾ ਸਕੋਸ਼ੀਆ ਵਿਚ ਹੁਣ ਤੱਕ ਜੰਗਲੀ ਅੱਗਾਂ ਕਾਰਨ ਕਰੀਬ 20,000 ਲੋਕਾਂ ਨੂੰ ਘਰਾਂ ਤੋਂ ਬਾਹਰ ਸੁਰੱਖਿਅਤ ਸਥਾਨਾਂ 'ਤੇ ਪਹੁੰਚਦਾ ਕੀਤਾ ਗਿਆ ਹੈ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਫ਼ੈਡਰਲ ਸਰਕਾਰ ਨੂੰ ਕਿਹਾ ਸੀ ਕਿ ਰਸਮੀ ਬੇਨਤੀ ਤੋਂ ਪਹਿਲਾਂ ਹੀ ਜੇ ਸੰਭਵ ਹੋਵੇ ਤਾਂ ਫ਼ੈਡਰਲ ਸਰਕਾਰ ਸੂਬੇ ਦੀ ਮਦਦ ਕਰੇ।

ਪ੍ਰੀਮੀਅਰ ਹਿਊਸਟਨ ਨੇ ਇੱਕ ਇੰਟਰਵਿਊ ਦੌਰਾਨ ਪਿਛਲੇ ਸਾਲ ਫ਼ਿਓਨਾ ਤੂਫ਼ਾਨ ਵੇਲੇ ਫ਼ੈਡਰਲ ਸਰਕਾਰ ਦੀ ਰਿਸਪਾਂਸ ਦੀ ਆਲੋਚਨਾ ਵੀ ਕੀਤੀ ਸੀ।

ਪਰ ਮਿਨਿਸਟਰ ਬਲੇਅਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪ੍ਰੀਮੀਅਰ ਹਿਊਸਟਨ ਦੀ ਫ਼ਿਕਰਮੰਦੀ ਸਮਝਦੇ ਹਨ ਅਤੇ ਫ਼ੈਡਰਲ ਸਰਕਾਰ ਨੋਵਾ ਸਕੋਸ਼ੀਆ ਦੀ ਹਰ ਸੰਭਵ ਮਦਦ ਕਰੇਗੀ।

ਪਿਛਲੇ ਹਫ਼ਤੇ ਨੋਵਾ ਸਕੋਸ਼ੀਆ ਦੀ ਬੇਨਤੀ ਤੇ ਫ਼ੈਡਰਲ ਸਰਕਾਰ ਨੇ ਕੈਨੇਡੀਅਨ ਫ਼ੌਜਾਂ ਦੀ ਤੈਨਾਤੀ ਮੰਜ਼ੂਰ ਕਰ ਦਿੱਤੀ ਸੀ। ਮਿਨਿਸਟਰ ਬਲੇਅਰ ਨੇ ਦੱਸਿਆ ਕਿ ਨੋਵਾ ਸਕੋਸ਼ੀਆ ਵਿਚ ਅੱਗ ਬੁਝਾਊ ਯਤਨਾਂ ਵਿਚ ਮਦਦ ਲਈ ਅਮਰੀਕਾ ਤੋਂ ਛੇ ਵਾਟਰ ਬੌਂਬਰ ਯਾਨੀ ਪਾਣੀ ਸੁੱਟਣ ਵਾਲੇ ਜਹਾਜ਼ ਵੀ ਮੰਗਵਾਏ ਗਏ ਹਨ।

ਕਿਊਬੈਕ ਦੇ ਕੁਝ ਹਿੱਸਿਆਂ ਵਿਚ ਵੀ ਜੰਗਲੀ ਅੱਗਾਂ ਨੇ ਤੇਜ਼ੀ ਫ਼ੜ ਲਈ ਹੈ।

ਬਲੇਅਰ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੂੰ ਫ਼ਿਲਹਾਲ ਕਿਊਬੈਕ ਕੋਲੋਂ ਮਦਦ ਲਈ ਕੋਈ ਰਸਮੀ ਅਰਜ਼ੀ ਪ੍ਰਾਪਤ ਨਹੀਂ ਹੋਈ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ