- ਮੁੱਖ ਪੰਨਾ
- ਵਾਤਾਵਰਨ
- ਘਟਨਾਵਾਂ ਅਤੇ ਕੁਦਰਤੀ ਆਫ਼ਤ
ਕਿਊਬੈਕ ਵਿਚ ਲੱਗੀਆਂ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ
ਸੂਬਾਈ ਅੱਗ ਰੋਕੂ ਏਜੰਸੀ ਅਨੁਸਾਰ ਉਹ ਸਿਰਫ਼ 30 ਅੱਗਾਂ ਨਾਲ ਲੜਨ ਦੇ ਸਮਰੱਥ

ਉੱਤਰੀ ਕਿਊਬੈਕ ਵਿਚ ਪੈਂਦੇ ਸ਼ਾਪੇਅ ਕਸਬੇ ਦੇ ਕਰੀਬ ਅੱਧੇ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ।
ਤਸਵੀਰ: Nina Grondin
ਕਿਊਬੈਕ ਦੇ ਫ਼ਾਇਰਫ਼ਾਈਟਰਜ਼ ਜੰਗਲਾਂ ਵਿਚ ਲੱਗੀਆਂ ਅੱਗਾਂ ‘ਤੇ ਕਾਬੂ ਪਾਉਣ ਲਈ ਜੱਦੋ ਜਿਹਦ ਕਰ ਰਹੇ ਹਨ।
ਸੂਬੇ ਦੀ ਅੱਗ ਰੋਕੂ ਏਜੰਸੀ Société de protection des forêts contre le feu (SOPFEU) ਨੇ ਚਿਤਾਵਨੀ ਦਿੱਤੀ ਹੈ ਕਿ ਉਹ ਜਿੰਨੀਆਂ ਬੇਕਾਬੂ ਅੱਗਾਂ ਨਾਲ ਲੜਨ ਦੇ ਸਮਰੱਥ ਹੈ, ਮੌਜੂਦਾ ਗਿਣਤੀ ਉਸ ਨਾਲੋਂ ਵੱਧ ਹੈ।
SOPFEU ਦੇ ਬੁਲਾਰੇ ਸਟੀਫ਼ੇਨ ਕੈਰਨ ਨੇ ਰੇਡੀਓ-ਕੈਨੇਡਾ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਊਬੈਕ ਵਿਚ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ ਹਨ ਅਤੇ ਸ਼ੁੱਕਰਵਾਰ ਦੇ ਅੰਤ ਤੀਕਰ ਕਾਬੂ ਤੋਂ ਬਾਹਰ ਅੱਗਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਏਜੰਸੀ ਕੋਲ 30 ਬੇਕਾਬੂ ਜੰਗਲੀ ਅੱਗਾਂ ਨਾਲ ਲੜਨ ਦੀ ਸਮਰੱਥਾ ਹੈ, ਇਸ ਕਰਕੇ ਉਹ ਸਾਰੀਆਂ ਅੱਗਾਂ ਨਾਲ ਨਹੀਂ ਨਜਿੱਠ ਸਕਦੇ ਅਤੇ ਤਰਜੀਹ ਦੇ ਅਧਾਰ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਮਸਲਾ ਸਰੋਤਾਂ ਦੀ ਘਾਟ ਦਾ ਨਹੀਂ ਸਗੋਂ ਇੱਕੋ ਸਮੇਂ ‘ਤੇ ਬਹੁਤ ਵੱਡੀ ਗਿਣਤੀ ਵਿਚ ਅੱਗਾਂ ਲੱਗਣ ਦਾ ਹੈ।
ਸਟੀਫ਼ੇਨ ਨੇ ਕਿਹਾ, ਸਾਡੀ ਤਰਜੀਹ ਉਹ ਇਲਾਕੇ ਹਨ ਜਿੱਥੇ ਲੋਕ ਰਹਿੰਦੇ ਹਨ ਅਤੇ ਜਿੱਥੇ ਰਣਨੀਤਕ ਅਤੇ ਅੱਤ-ਜ਼ਰੂਰੀ ਬੁਨਿਆਦੀ ਢਾਂਚੇ ਹਨ
।

ਕਿਊਬੈਕ ਦੇ ਉੱਤਰੀ ਤੱਟਵਰਤੀ ਇਲਾਕੇ ਸੈਪਟ-ਇਲੇ ਦੇ ਨਜ਼ਦੀਕ ਜੰਗਲੀ ਅੱਗ ਦੀ ਤਸਵੀਰ।
ਤਸਵੀਰ: (Submitted by André Michel)
ਉੱਤਰੀ ਕਿਊਬੈਕ ਵਿਚ ਪੈਂਦੇ ਸ਼ਾਪੇਅ ਕਸਬੇ, ਜਿੱਥੇ ਪਿਛਲੇ ਹਫ਼ਤੇ 500 ਘਰਾਂ ਨੂੰ ਖ਼ਾਲੀ ਕਰਵਾਇਆ ਗਿਆ ਸੀ, ਵਿਚ ਸਥਿਤੀ ਸੁਧਰੀ ਹੈ, ਪਰ ਉੱਤਰੀ ਤੱਟਵਰਤੀ ਇਲਾਕੇ ਸੈਪਟ-ਇਲੇ ਦੇ ਨਜ਼ਦੀਕ ਅੱਗਾਂ ਚਿੰਤਾਜਨਕ ਹਨ।
ਸਟੀਫ਼ੇਨ ਨੇ ਕਿਹਾ ਕਿ ਹਾਈਡਰੋ ਕਿਊਬੈਕ ਦੀਆਂ ਪਾਵਰ ਲਾਈਨਾਂ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਹੈ।
ਸਟੀਫ਼ੇਨ ਨੇ ਕਿਹਾ ਕਿ ਏਜੰਸੀ ਨੇ ਮਦਦ ਮੰਗੀ ਹੈ, ਪਰ ਪੂਰਬੀ ਅਤੇ ਪੱਛਮੀ ਕੈਨੇਡਾ ਵਿਚ ਲੱਗੀਆਂ ਜੰਗਲੀ ਅੱਗਾਂ ਨਾਲ ਜੂਝਦੇ ਕ੍ਰੂ ਮੈਂਬਰਾਂ ਦੇ ਮੱਦੇਨਜ਼ਰ, ਸ਼ਾਇਦ ਵਿਦੇਸ਼ੀ ਫ਼ਾਇਰਫ਼ਾਇਟਰ ਟੀਮਾਂ ਨੂੰ ਬੁਲਾਉਣਾ ਪਵੇਗਾ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ