1. ਮੁੱਖ ਪੰਨਾ
  2. ਸਮਾਜ

ਬੱਸ ਅੰਦਰ ਆਤਸ਼ਬਾਜ਼ੀ ਚਲਾਉਣ ਵਾਲੀ 14 ਸਾਲਾ ਲੜਕੀ ਗ੍ਰਿਫ਼ਤਾਰ

ਪਿਛਲੇ 9 ਦਿਨਾਂ ਵਿਚ ਟੀਟੀਸੀ ਦੀਆਂ ਬੱਸਾਂ ਅੰਦਰ ਆਤਸ਼ਬਾਜ਼ੀ ਦੇ 7 ਮਾਮਲੇ

ਟੋਰੌਂਟੋ ਟ੍ਰਾਂਜ਼ਿਟ ਕਮੀਸ਼ਨ ਦੀ ਬੱਸ

ਟੋਰੌਂਟੋ ਟ੍ਰਾਂਜ਼ਿਟ ਕਮੀਸ਼ਨ ਦੀ ਬੱਸ

ਤਸਵੀਰ:  CBC News / Michael Wilson

RCI

ਟੋਰੌਂਟੋ ਪੁਲਿਸ ਨੇ ਟੀਟੀਸੀ ਦੀ ਬੱਸ ਅੰਦਰ ਆਤਸ਼ਬਾਜ਼ੀ ਚਲਾਉਣ ਵਾਲੀ ਮਸ਼ਕੂਕ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਸਕਾਰਬ੍ਰੋਅ ਵਿਚ ਵਾਪਰੀ ਸੀ।

ਮਸ਼ਕੂਕ ਲੜਕੀ ਨੂੰ ਸ਼ਰਾਰਤ ਕਰਨ ਅਤੇ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ। ਯੂਥ ਕ੍ਰਿਮਿਨਲ ਜਸਟਿਸ ਐਕਟ ਕਾਰਨ, ਲੜਕੀ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ।

ਟਵਿੱਟਰ ‘ਤੇ ਪੋਸਟ ਹੋਈ 22 ਸੈਕੰਡ ਦੀ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸ਼ੱਕੀ ਲੜਕੀ ਮੁਸਕਰਾ ਰਹੀ ਹੈ ਅਤੇ ਬੱਸ ਅੰਦਰ ਇਹ ਲੜਕੀ ਆਤਸ਼ਬਾਜ਼ੀ ਚਲਾ ਦਿੰਦੀ ਹੈ। ਉਹ ਆਤਸ਼ਬਾਜ਼ੀ ਨੂੰ ਬੱਸ ਦੇ ਪਿੱਛੇ ਬੈਠੀਆਂ ਸਵਾਰੀਆਂ ਦੀ ਦਿਸ਼ਾ ਵੱਲ ਚਲਾਉਂਦੀ ਹੈ, ਅਤੇ ਸਵਾਰੀਆਂ ਆਪਣੇ ਸਿਰ ਢੱਕਦੀਆਂ ਅਤੇ ਚਿਲਾਉਂਦੀਆਂ ਨਜ਼ਰੀਂ ਪੈ ਰਹੀਂਆਂ ਹਨ।

ਟੋਰੌਂਟੋ ਟ੍ਰਾਂਜ਼ਿਟ ਕਮੀਸ਼ਨ (ਟੀਟੀਸੀ) ਨੇ ਦੱਸਿਆ ਕਿ ਮੰਗਲਵਾਰ ਦੀ ਇਸ ਘਟਨਾ ਸਣੇ ਪਿਛਲੇ 9 ਦਿਨਾਂ ਵਿਚ ਬੱਸਾਂ ਅੰਦਰ ਆਤਸ਼ਬਾਜ਼ੀ ਦੇ 7 ਮਾਮਲੇ ਹੋ ਚੁੱਕੇ ਹਨ, ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਸਾਰੇ ਮਾਮਲੇ ਇੱਕ ਦੂਸਰੇ ਨਾਲ ਜੁੜੇ ਹਨ ਜਾਂ ਨ੍ਹੀਂ।

ਬੁੱਧਵਾਰ ਨੂੰ ਜਾਰੀ ਪੁਲਿਸ ਰਿਲੀਜ਼ ਅਨੁਸਾਰ ਆਤਸ਼ਬਾਜ਼ੀ ਦੀ ਘਟਨਾ ਵੇਲੇ ਟੀਟੀਸੀ ਬੱਸ ਕਿੰਗਸਟਨ ਰੋਡ ਅਤੇ ਗਿਲਡਵੁੱਡ ਪਾਰਕਵੇਅ ‘ਤੇ ਟ੍ਰੈਵਲ ਕਰ ਰਹੀ ਸੀ।

ਟੀਟੀਸੀ ਨੇ ਇੱਕ ਟਵੀਟ ਕਰਦਿਆਂ ਲੋਕਾਂ ਨੂੰ ਯਾਦ ਦਵਾਇਆ ਹੈ ਕਿ ਇਹ ਗਤੀਵਿਧੀਆਂ ਗ਼ੈਰ-ਕਾਨੂੰਨੀ ਹਨ ਅਤੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ