1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

ਫ਼ਰਜ਼ੀ ਦਾਖ਼ਲਾ ਪੱਤਰ ਦੇ ਮਾਮਲੇ ਵਿੱਚ ਡਿਪੋਰਟੇਸ਼ਨ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ

ਕੈਨੇਡਾ ਬੌਰਡਰ ਸਰਵਿਸ ਏਜੰਸੀ ਕਰਦੀ ਹੈ ਡਿਪੋਰਟ

ਡਿਪੋਰਟੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ I

ਡਿਪੋਰਟੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ I

ਤਸਵੀਰ: ਧੰਨਵਾਦ ਸਹਿਤ ਨੌਜਵਾਨ ਸਪੋਰਟ ਨੈਟਵਰਕ

ਸਰਬਮੀਤ ਸਿੰਘ

ਫ਼ਰਜ਼ੀ ਦਾਖ਼ਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ੇ ਹਾਸਿਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਖ਼ਿਲਾਫ਼ ਸੈਂਕੜੇ ਵਿਦਿਆਰਥੀਆਂ ਵੱਲੋਂ ਮਿਸੀਸਾਗਾ ਸਥਿਤ ਕੈਨੇਡਾ ਬੌਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ I

ਦੱਸਣਯੋਗ ਹੈ ਕਿ ਕੈਨੇਡਾ ਵਿੱਚੋਂ ਡਿਪੋਰਟ ਕਰਨ ਦਾ ਕੰਮ ਕੈਨੇਡਾ ਬੌਰਡਰ ਸਰਵਿਸ ਏਜੰਸੀ  ਦੁਆਰਾ ਦੇਖਿਆ ਜਾਂਦਾ ਹੈ I  ਡਿਪੋਰਟ ਕੀਤੇ ਜਾਣ ਤੋਂ ਭਾਵ ਕਿਸੇ ਵਿਅਕਤੀ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾਣਾ ਹੈ I ਡਿਪੋਰਟ ਕੀਤੇ ਵਿਅਕਤੀ ਨੂੰ ਕੈਨੇਡਾ ਵਾਪਿਸ ਆਉਣ ਲਈ ਆਗਿਆ ਲੈਣੀ ਪੈਂਦੀ ਹੈ I

ਕੁਝ ਅੰਤਰ ਵਿਦਿਆਰਥੀਆਂ ਉੱਪਰ ਇਸ ਕਰਕੇ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਐਡਮਿਸ਼ਨ ਲੈਟਰ ਜਾਅਲੀ ਸਨ I ਇਮੀਗ੍ਰੇਸ਼ਨ ਮੰਤਰਾਲੇ ਨੂੰ ਇਸ ਮਸਲੇ ਦੀ ਭਿਣਕ ਉਸ ਸਮੇਂ ਪਈ ਜਦੋਂ ਪੜ੍ਹਾਈ ਕਰਨ ਉਪਰੰਤ ਇਹਨਾਂ ਵਿਦਿਆਰਥੀਆਂ ਨੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ ) ਦੀ ਅਰਜ਼ੀ ਦਿੱਤੀ I

ਪ੍ਰਦਰਸ਼ਨ ਵਿੱਚ ਸ਼ਾਮਿਲ ਨੌਜਵਾਨਾਂ ਦਾ ਕਹਿਣ ਹੈ ਕਿ ਉਹ ਖ਼ੁਦ ਪੀੜਤ ਧਿਰ ਹਨ I ਇਹਨਾਂ ਨੌਜਵਾਨਾਂ ਮੁਤਾਬਿਕ ਉਹਨਾਂ ਨੇ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਲਈ ਬਹੁਤ ਸਾਰੇ ਪੈਸੇ ਖ਼ਰਚੇ ਹਨ ਅਤੇ ਕੈਨੇਡਾ ਦੀ ਆਰਥਿਕਤਾ ਵਿੱਚ ਯੋਗਦਾਨ ਵੀ ਪਾਇਆ ਹੈ I

ਇਹ ਨੌਜਵਾਨ ਡਿਪੋਰਟੇਸ਼ਨ ਰੋਕਣ ਦੀ ਮੰਗ ਕਰ ਰਹੇ ਹਨ ਅਤੇ ਫ਼ਰਜ਼ੀ ਦਾਖ਼ਲਾ ਪੱਤਰ ਵਰਤ ਕੇ ਵੀਜ਼ਾ ਲਗਵਾਉਣ ਵਾਲੇ ਏਜੰਟਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰ ਰਹੇ ਹਨ I

ਜ਼ਿਰਕਯੋਗ ਹੈ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀ ਕਿਸੇ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਫ਼ੀਸ ਭਰਦੇ ਹਨ ਅਤੇ ਵੀਜ਼ੇ ਲਈ ਆਪਣੀ ਅਰਜ਼ੀ ਦਿੰਦੇ ਹਨ I

ਕੰਜ਼ਰਵੇਟਿਵ ਐਮ ਪੀ ਵੱਲੋਂ ਪਟੀਸ਼ਨ

ਸੈਸਕਾਟੂਨ ਵੈਸਟ ਤੋਂ ਐਮ ਪੀ ਬਰੈਡ ਰੈਡੀਕੌਪ ਵੱਲੋਂ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਤੋਂ ਜਾਅਲੀ ਐਡਮਿਸ਼ਨ ਲੈਟਰ ਮਾਮਲੇ ਵਿੱਚ ਜਾਂਚ ਦੀ ਮੰਗ ਕਰਦਿਆਂ ਇਕ ਪਟੀਸ਼ਨ ਸ਼ੁਰੂ (ਨਵੀਂ ਵਿੰਡੋ) ਕੀਤੀ ਗਈ ਹੈ I

ਕੰਜ਼ਰਵੇਟਿਵ ਐਮ ਪੀ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਸੋਸ਼ਣ ਦਾ ਸ਼ਿਕਾਰ ਹੋਏ ਹਨ I ਐਮ ਪੀ ਬਰੈਡ ਰੈਡੀਕੌਪ ਦਾ ਕਹਿਣਾ ਹੈ ਕਿ ਉਹ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਤੋਂ ਇਕ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕਰ ਚੁੱਕੇ ਹਨ I

ਧਿਆਨ ਦੋਸ਼ੀਆਂ ਨੂੰ ਫ਼ੜਨ ਵੱਲ : ਇਮੀਗ੍ਰੇਸ਼ਨ ਮਨਿਸਟਰ

ਉਧਰ ਕੈਨੇਡੀਅਨ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਦਾ ਕਹਿਣਾ ਹੈ ਕੇ ਮੰਤਰਾਲੇ ਦਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਵੱਲ ਨਹੀਂ ਸਗੋਂ ਦੋਸ਼ੀਆਂ ਨੂੰ ਫ਼ੜਨ ਵੱਲ ਹੈ I

ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਨਿਸਟਰ I

ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਨਿਸਟਰ I

ਤਸਵੀਰ: Radio-Canada

ਇਕ ਟਵੀਟ ਦੌਰਾਨ ਮਨਿਸਟਰ ਫ਼੍ਰੇਜ਼ਰ ਨੇ ਕਿਹਾ ਅਸੀਂ ਕੈਨੇਡਾ ਵਿੱਚ ਪੜ੍ਹਨ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਅਹਿਮੀਅਤ ਸਮਝਦੇ ਹਾਂ ਅਤੇ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ I

ਕਰਮਜੀਤ ਕੌਰ ਦੀ ਡਿਪੋਰਟੇਸ਼ਨ ਟਲੀ

ਕੈਨੇਡਾ ਦੀ ਫ਼ੈਡਰਲ ਕੋਰਟ ਵੱਲੋਂ ਕਰਮਜੀਤ ਕੌਰ ਨੂੰ ਕੈਨੇਡਾ ਤੋਂ ਵਾਪਸ ਭੇਜੇ ਜਾਣ ਦੇ ਫ਼ੈਸਲੇ ‘ਤੇ ਆਰਜ਼ੀ ਰੋਕ ਲਗਾ ਦਿੱਤੀ ਹੈ।

ਕਰਮਜੀਤ ਕੌਰ ਦੇ ਵਕੀਲ ਨੇ ਕਿਹਾ ਕਿ ਜੇ ਉਹ ਵਾਪਸ ਭਾਰਤ ਜਾਂਦੀ ਹੈ ਤਾਂ ਉਸਦੀ ਜਾਨ ਨੂੰ ਖ਼ਤਰਾ ਹੈ।

ਕਰਮਜੀਤ ਕੌਰ ਦੇ ਵਕੀਲ ਨੇ ਕਿਹਾ ਕਿ ਜੇ ਉਹ ਵਾਪਸ ਭਾਰਤ ਜਾਂਦੀ ਹੈ ਤਾਂ ਉਸਦੀ ਜਾਨ ਨੂੰ ਖ਼ਤਰਾ ਹੈ।

ਤਸਵੀਰ: Radio-Canada / Rick Bremness

ਕਰਮਜੀਤ ਕੌਰ ਨੂੰ 29 ਮਈ ਨੂੰ 6 ਵਜੇ ਡਿਪੋਰਟ ਕੀਤਾ ਜਾਣਾ ਸੀ। ਕਰਮਜੀਤ ਨੂੰ 2018 ਵਿਚ ਓਨਟੇਰਿਓ ਦੇ ਜਿਸ ਕਾਲਜ ਦੇ ਐਡਮੀਸ਼ਨ ਲੈਟਰ ਦੇ ਅਧਾਰ 'ਤੇ ਸਟੱਡੀ ਪਰਮਿਟ ਮਿਲਿਆ ਸੀ, ਉਹ ਲੈਟਰ ਜਾਅਲੀ ਨਿਕਲਿਆ ਸੀ I

58 ਹਜ਼ਾਰ ਵਿਅਕਤੀ ਹੋਏ ਹਨ ਡਿਪੋਰਟ

ਸੀਬੀਐੱਸਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2015 ਤੋਂ 2020 ਦਰਮਿਆਨ ਕਰੀਬ 58 ਹਜ਼ਾਰ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ I  ਇਸ ਸਮੇਂ ਦੌਰਾਨ ਭਾਰਤ ਨੂੰ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 2056 ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਵਿਅਕਤੀ ਕੈਨੇਡਾ ਵਾਪਿਸ ਆ ਸਕਦੇ ਹਨ I ਨਿਯਮਾਂ ਅਨੁਸਾਰ ਜਿਸ ਵਿਅਕਤੀ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਂਦਾ ਹੈ , ਉਹਨਾਂ ਨੂੰ ਕੈਨੇਡਾ ਵਾਪਿਸ ਆਉਣ ਤੋਂ ਪਹਿਲਾਂ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਅਪਲਾਈ ਕਰਨਾ ਪੈਂਦਾ ਹੈ I

ਸਰਬਮੀਤ ਸਿੰਘ

ਸੁਰਖੀਆਂ