1. ਮੁੱਖ ਪੰਨਾ
  2. ਟੈਕਨੋਲੌਜੀ
  3. ਆਰਟੀਫਿਸ਼ਲ ਇੰਟੈਲੀਜੈਂਸ

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ, ਤਕਨੀਕੀ ਮਾਹਰਾਂ ਦੀ ਚਿਤਾਵਨੀ

ਮਾਹਰਾਂ ਅਨੁਸਾਰ ਏਆਈ ਨੂੰ ਮਹਾਮਾਂਰੀ ਅਤੇ ਪ੍ਰਮਾਣੂ ਯੁੱਧ ਵਰਗੇ ਜੋਖਮਾਂ ਵਾਂਗ ਦੇਖਣਾ ਚਾਹੀਦਾ ਹੈ

OpenAI ਦੇ ਸੀਈਓ ਸੈਮ ਔਲਟਮੈਨ

OpenAI ਦੇ ਸੀਈਓ ਸੈਮ ਔਲਟਮੈਨ, 16 ਮਈ ਨੂੰ ਅਮਰੀਕਾ ਦੀ ਸੈਨੇਟ ਬੈਠਕ ਵਿਚ ਬੋਲਦੇ ਹੋਏ। ਮਾਹਰਾਂ ਨੇ ਇੱਕ ਪੱਤਰ ਵਿਚ ਕਿਹਾ ਹੈ ਕਿ ਏਆਈ ਨੂੰ ਮਹਾਮਾਂਰੀ ਅਤੇ ਪ੍ਰਮਾਣੂ ਯੁੱਧ ਵਰਗੇ ਜੋਖਮਾਂ ਵਾਂਗ ਦੇਖਣਾ ਚਾਹੀਦਾ ਹੈ ਅਤੇ ਇਹ ਇੱਕ ਆਲਮੀ ਤਰਜੀਹ ਹੋਣੀ ਚਾਹੀਦੀ ਹੈ।

ਤਸਵੀਰ: (Patrick Semansky/The Associated Press)

RCI

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਮਾਹਰਾਂ ਅਤੇ ਪ੍ਰੋਫ਼ੈਸਰਾਂ ਦਾ ਕਹਿਣਾ ਹੈ ਕਿ ਇਹ ਨਵੀਂ ਤਕਨੀਕ ਮਨੁੱਖਤਾ ਲਈ ਗੰਭੀਰ ਖ਼ਤਰੇ ਪੈਦਾ ਕਰ ਸਕਦੀ ਹੈ।

ਇਸ ਤਕਨੀਕ ਨੂੰ ਇੱਕ ਖ਼ਤਰੇ ਵੱਜੋਂ ਦੇਖਣ ਬਾਬਤ ਸਰਕਾਰ ਨੂੰ ਅਪੀਲ ਕਰਨ ਵਾਲੇ ਮਾਹਰਾਂ ਵਿਚ OpenAI ਦੇ ਸੀਈਓ ਸੈਮ ਔਲਟਮੈਨ ਵੀ ਸ਼ਾਮਲ ਹਨ।

ਸੈਂਟਰ ਫ਼ੋਰ ਏਆਈ ਸੇਫ਼ਟੀ ਨਾਮੀ ਗ਼ੈਰ-ਮੁਨਾਫ਼ਾ ਸੰਸਥਾ ਵੱਲੋਂ ਪ੍ਰਕਾਸ਼ਿਤ 350 ਤੋਂ ਵੱਧ ਹਸਤਾਖਰਕਰਤਾਵਾਂ ਵਾਲੇ ਪੱਤਰ  (ਨਵੀਂ ਵਿੰਡੋ)ਵਿਚ ਲਿਖਿਆ ਹੈ ਕਿ ਏਆਈ ਨੂੰ ਮਹਾਮਾਂਰੀ ਅਤੇ ਪ੍ਰਮਾਣੂ ਯੁੱਧ ਵਰਗੇ ਜੋਖਮਾਂ ਵਾਂਗ ਦੇਖਣਾ ਚਾਹੀਦਾ ਹੈ ਅਤੇ ਇਹ ਇੱਕ ਆਲਮੀ ਤਰਜੀਹ ਹੋਣੀ ਚਾਹੀਦੀ ਹੈ।

ਇਹਨਾਂ ਹਸਤਾਖਰਕਰਤਾਵਾਂ ਵਿਚ ਔਲਟਮੈਨ ਤੋਂ ਇਲਾਵਾ, ਏਆਈ ਕੰਪਨੀਆਂ DeepMind ਅਤੇ Anthropic ਦੇ ਸੀਈਓਜ਼ ਅਤੇ ਮਾਈਕਰੋਸੌਫ਼ਟ ਤੇ ਗੂਗਲ ਦੇ ਐਗਜ਼ੈਕਟਿਵਜ਼ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਇਨ੍ਹਾਂ ਵਿਚ ਏਆਈ ਦੇ ਤਿੰਨ ਪਿਤਾਮਾਵਾਂ ਵਿਚੋਂ ਦੋ ਜਿਓਫ਼ਰੀ ਹਿੰਟਨ ਅਤੇ ਯੋਸ਼ੂਆ ਬੈਨਜੀਓ ਵੀ ਸ਼ਾਮਲ ਹਨ, ਜਿਨ੍ਹਾਂ ਨੂੰ 2018 ਵਿਚ ਇਸ ਤਕਨੀਕ ਦੇ ਮੁੱਢ ਸਬੰਧੀ ਟਿਊਰਿੰਗ ਪੁਰਸਕਾਰ ਵੀ ਮਿਲੀਆ ਸੀ। ਨਾਲ ਹੀ ਹਾਰਵਰਡ ਯੂਨੀਵਰਸਿਟੀ ਤੋਂ ਲੈਕੇ ਚੀਨ ਦੀ ਸਿੰਗੁਆ ਯੂਨੀਵਰਸਿਟੀ ਦੇ ਵੀ ਕਈ ਮਾਹਰਾਂ ਨੇ ਉਕਤ ਪੱਤਰ ‘ਤੇ ਦਸਤਖ਼ਤ ਕੀਤੇ ਹਨ।

ਇਹ ਪੱਤਰ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੀ ਵਪਾਰਕ ਅਤੇ ਤਕਨੀਕ ਕੌਂਸਲ ਸਵੀਡਨ ਵਿਚ ਮੀਟਿੰਗ ਕਰ ਰਹੇ ਹਨ ਜਿੱਥੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੂੰ ਨਿਯਮਤ ਕਰਨ ਬਾਰੇ ਗੱਲ ਹੋਣ ਦੀ ਉਮੀਦ ਹੈ।

ਬੈਂਜੀਓ, ਐਲੋਨ ਮਸਕ, ਅਤੇ 1,000 ਤੋਂ ਵੱਧ ਹੋਰ ਮਾਹਰ ਅਤੇ ਐਗਜ਼ੈਕਟਿਵਜ਼ ਅਪ੍ਰੈਲ ਵਿਚ ਪਹਿਲਾਂ ਹੀ ਏਆਈ ਦੇ ਸਮਾਜ ਲਈ ਸੰਭਾਵੀ ਖ਼ਤਰੇ ਦੇ ਖ਼ਦਸ਼ੇ ਪ੍ਰਗਟਾ ਚੁੱਕੇ ਹਨ।

ਏਆਈ ਦੇ ਹਾਲੀਆ ਵਿਕਾਸ ਨੇ ਅਜਿਹੇ ਟੂਲਜ਼ ਤਿਆਰ ਕੀਤੇ ਹਨ ਜੋ ਮੈਡੀਕਲ ਡਾਇਗਨੌਸਟਿਕਸ ਤੋਂ ਲੈਕੇ ਕਾਨੂੰਨੀ ਸੰਖੇਪ ਲਿਖਣ ਤੱਕ ਕਈ ਐਪਸ ਵਿਚ ਵਰਤੇ ਜਾ ਸਕਦੇ ਹਨ। ਪਰ ਇਸ ਨਾਲ ਇਹ ਡਰ ਪੈਦਾ ਹੋ ਗਿਆ ਹੈ ਕਿ ਇਹ ਟੈਕਨੋਲੌਜੀ ਗੋਪਨੀਯਤਾ ਦੀ ਉਲੰਘਣਾ ਅਤੇ ਸ਼ਕਤੀਸ਼ਾਲੀ ਗ਼ਲਤ ਜਾਣਕਾਰੀ ਮੁਹਿੰਮਾਂ ਦਾ ਕਾਰਨ ਬਣ ਸਕਦੀ ਹੈ। ਨਾਲ ਹੀ ਆਪਣੇ ਆਪ ਸੋਚਣ ਵਾਲੀਆਂ ਸਮਾਰਟ ਮਸ਼ੀਨਾਂ ਵੀ ਸਮੱਸਿਆ ਖੜੀ ਕਰ ਸਕਦੀਆਂ ਹਨ।

ਏਆਈ ਦੇ ਪਿਤਾਮਾ ਹਿੰਟਨ ਰੋਏਟਰਜ਼ ਨਾਲ ਗੱਲਬਾਤ ਦੌਰਾਨ ਕਹਿ ਚੁੱਕੇ ਹਨ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਲਈ ਕਲਾਈਮੇਟ ਚੇਂਜ ਤੋਂ ਜ਼ਿਆਦਾ ਖ਼ਤਰਾ ਪੈਦਾ ਕਰ ਸਕਦਾ ਹੈ।

ਯੂਰਪੀਅਨ ਕਮੀਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡੇਰ ਲੇਯਨ ਵੀਰਵਾਰ ਨੂੰ ਔਲਟਮੈਨ ਨਾਲ ਮੁਲਾਕਾਤ ਕਰਨਗੇ।

ਸੁਪੰਥਾ ਮੁਖਰਜੀ - ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ