1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਫ਼ਰਜ਼ੀ ਦਾਖ਼ਲਾ ਪੱਤਰ ਮਾਮਲਾ: ਅਦਾਲਤ ਨੇ ਆਰਜ਼ੀ ਤੌਰ ‘ਤੇ ਕਰਮਜੀਤ ਕੌਰ ਦੀ ਡਿਪੋਰਟੇਸ਼ਨ ਰੋਕੀ

ਨਿਆਂਇਕ ਸਮੀਖਿਆ ਦੇ ਨਤੀਜੇ ਤੱਕ ਕੈਨੇਡਾ ਵਿਚ ਰਹਿਣ ਦੀ ਆਗਿਆ ਮਿਲੀ

ਕਰਮਜੀਤ ਕੌਰ ਦੇ ਵਕੀਲ ਨੇ ਕਿਹਾ ਕਿ ਜੇ ਉਹ ਵਾਪਸ ਭਾਰਤ ਜਾਂਦੀ ਹੈ ਤਾਂ ਉਸਦੀ ਜਾਨ ਨੂੰ ਖ਼ਤਰਾ ਹੈ।

ਕਰਮਜੀਤ ਕੌਰ ਦੇ ਵਕੀਲ ਨੇ ਕਿਹਾ ਕਿ ਜੇ ਉਹ ਵਾਪਸ ਭਾਰਤ ਜਾਂਦੀ ਹੈ ਤਾਂ ਉਸਦੀ ਜਾਨ ਨੂੰ ਖ਼ਤਰਾ ਹੈ।

ਤਸਵੀਰ: Rick Bremness/CBC

RCI

ਕੈਨੇਡਾ ਦੀ ਫ਼ੈਡਰਲ ਕੋਰਟ ਨੇ ਕਰਮਜੀਤ ਕੌਰ ਨੂੰ ਕੈਨੇਡਾ ਤੋਂ ਵਾਪਸ ਭੇਜੇ ਜਾਣ ਦੇ ਫ਼ੈਸਲੇ ‘ਤੇ ਆਰਜ਼ੀ ਰੋਕ ਲਗਾ ਦਿੱਤੀ ਹੈ।

ਐਡਮੰਟਨ ਦੀ ਕਰਮਜੀਤ ਕੌਰ ਨੂੰ ਸੋਮਵਾਰ ਸਵੇਰੇ 6 ਵਜੇ ਡਿਪੋਰਟ ਕੀਤਾ ਜਾਣਾ ਸੀ। ਸ਼ਨੀਵਾਰ ਨੂੰ ਜਸਟਿਸ ਐਲਨ ਡਾਈਨਰ ਨੇ ਕਰਮਜੀਤ ਨੂੰ ਕੈਨੇਡਾ ਚੋਂ ਭੇਜਣ ਜਾਣ ਦੇ ਫ਼ੈਸਲੇ ‘ਤੇ ਅਸਥਾਈ ਰੋਕ ਲਗਾਈ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀ ਵੱਲੋਂ ਕਰਮਜੀਤ ਦੀ ਡਿਪੋਰਟੇਸ਼ਨ ਵਿਚ ਦੇਰੀ ਨਾ ਕਰਨ ਦੇ ਫ਼ੈਸਲੇ ਦੀ ਨਿਆਂਇਕ ਸਮੀਖਿਆ ਹੋਣ ਤੱਕ ਉਸਨੂੰ ਕੈਨੇਡਾ ਵਿਚ ਰਹਿਣ ਦੀ ਆਗਿਆ ਮਿਲ ਗਈ ਹੈ।

ਜਸਟਿਸ ਐਲਨ ਨੇ ਕਿਹਾ ਕਿ ਇਹ ਰੋਕ ਭਾਵੇਂ ਉਹੀ ਰਾਹਤ ਪ੍ਰਦਾਨ ਕਰਦੀ ਹੈ ਜੋ ਨਿਆਂਇਕ ਸਮੀਖਿਆ ਵਿਚ ਮੰਗੀ ਗਈ ਸੀ, ਪਰ ਉਨ੍ਹਾਂ ਕਿਹਾ ਕਿ ਅਜੇ ਵੀ ਇਸ ਬਾਰੇ ਖੁੱਲ੍ਹੇ ਸਵਾਲ ਹਨ ਕਿ ਅਧਿਕਾਰੀ ਨੇ ਭਾਰਤ ਵਿਚ ਕਰਮਜੀਤ ਦੀ ਵਾਪਸੀ ਦੇ ਸੰਭਾਵੀ ਜੋਖਮਾਂ ਨੂੰ ਮੁਨਾਸਬ ਤਰੀਕੇ ਨਾਲ ਵਿਚਾਰਿਆ ਸੀ ਜਾਂ ਨਹੀਂ।

ਕਰਮਜੀਤ ਪੰਜ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਪੰਜਾਬ ਤੋਂ ਕੈਨੇਡਾ ਆਈ ਸੀ।

ਉਸਦੇ ਪਰਿਵਾਰ ਨੇ ਉਸਨੂੰ ਕੈਨੇਡਾ ਭੇਜਣ ਲਈ ਇੱਕ ਇਮੀਗ੍ਰੇਸ਼ਨ ਏਜੰਟ ਨਾਲ ਸੰਪਰਕ ਕੀਤਾ ਸੀ। ਕਰਮਜੀਤ ਨੂੰ 2018 ਵਿਚ ਓਨਟੇਰਿਓ ਦੇ ਜਿਸ ਕਾਲਜ ਦੇ ਐਡਮੀਸ਼ਨ ਲੈਟਰ ਦੇ ਅਧਾਰ 'ਤੇ ਸਟੱਡੀ ਪਰਮਿਟ ਮਿਲਿਆ ਸੀ, ਉਹ ਲੈਟਰ ਜਾਅਲੀ ਨਿਕਲਿਆ।

ਭਾਵੇਂ ਕੈਨੇਡੀਅਨ ਅਧਿਕਾਰੀਆਂ ਨੇ ਮੰਨਿਆ ਹੈ ਕਿ ਲੜਕੀ ਨੂੰ ਨਹੀਂ ਪਤਾ ਸੀ ਕਿ ਉਸਦਾ ਦਾਖ਼ਲਾ ਪੱਤਰ ਫ਼ਰਜ਼ੀ ਸੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਦਾਖ਼ਲੇ ਦੀ ਪੁਸ਼ਟੀ ਕਰਨ ਦੀ ਅਖ਼ੀਰ ਜ਼ਿੰਮੇਵਾਰੀ ਉਸੇ ਦੀ ਬਣਦੀ ਸੀ।

ਕਮਰਜੀਤ ਦੇ ਵਕੀਲ, ਸਟੀਵਰਟ ਇਸਟਵੈਨਫ਼ੀ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖਤਾਵਾਦੀ ਅਧਾਰ ‘ਤੇ ਉਸਦੀ ਇੱਕ ਦੂਸਰੀ ਅਰਜ਼ੀ ਪ੍ਰੋਸੈਸ ਨਹੀਂ ਹੁੰਦੀ, ਉਦੋਂ ਤੱਕ ਕਰਮਜੀਤ ਨੂੰ ਕੈਨੇਡਾ ਵਿਚ ਰਹਿਣ ਦੀ ਆਗਿਆ ਮਿਲਣੀ ਚਾਹੀਦੀ ਹੈ।

ਵਕੀਲ ਨੇ ਕਿਹਾ ਕਿ ਕਰਮਜੀਤ ਨੂੰ ਵਾਪਸ ਭੇਜਿਆ ਜਾਣਾ ਉਸਦੀ ਜਾਨ ਨੂੰ ਖ਼ਤਰੇ ਵਿਚ ਪਾ ਸਕਦਾ ਹੈ, ਕਿਉਂਕੀ ਇਸ ਮਾਮਲੇ ਤੋਂ ਬਾਅਦ ਉਸ ਠੱਗ ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹੋਏ ਹਨ।

ਸਟੀਵਰਟ ਨੇ ਕਿਹਾ ਕਿ ਉਹ ਏਜੰਟ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਹੈ ਅਤੇ ਉਹ ਕਰਮਜੀਤ ‘ਤੇ ਤੇਜ਼ਾਬ ਸੁੱਟਣ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਚੁੱਕਾ ਹੈ।

ਵਕੀਲ ਨੇ ਦੱਸਿਆ ਕਿ ਪਿਛਲੇ ਐਤਵਾਰ ਪੰਜਾਬ ਵਿਚ ਰਹਿੰਦੇ ਕਰਮਜੀਤ ਦੇ ਭਰਾ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਹੈ।

ਸਟੀਵਰਟ ਨੇ ਕਿਹਾ ਕਿ ਖ਼ਾਲਿਸਤਾਨ ਦੇ ਸਮਰਥਨ ਵਿਚ ਹੋਈ ਇੱਕ ਰੈਲੀ ਦੌਰਾਨ ਕਰਮਜੀਤ ਦੀ ਮੌਜੂਦਗੀ ਦੀਆਂ ਕੁਝ ਤਸਵੀਰਾਂ ਵੀ ਸਰਕੂਲੇਟ ਹੋ ਰਹੀਆਂ ਹਨ, ਜਿਸ ਕਰਕੇ ਉਸਨੂੰ ਹੋਰ ਖ਼ਤਰਾ ਵਧ ਸਕਦਾ ਹੈ।

ਵਕੀਲ ਨੇ ਦਲੀਲ ਵਿਚ ਇਹ ਵੀ ਕਿਹਾ ਕਿ ਕਰਮਜੀਤ ਨੇ ਕੈਨੇਡਾ ਵਿਚ ਆਪਣੀ ਪੜ੍ਹਾਈ ਕਰਕੇ, ਇੱਥੇ ਨੌਕਰੀ ਹਾਸਲ ਕੀਤੀ ਹੈ ਅਤੇ ਚਾਰ ਸਾਲਾਂ ਤੋਂ ਮੌਜੂਦ ਉਸਦਾ ਇੰਪਲੋਇਰ ਵੀ ਉਸਦੀਆਂ ਸੇਵਾਵਾਂ ਤੋਂ ਸੰਤੁਸ਼ਟ ਹੈ।

ਸਰਕਾਰੀ ਵਕੀਲ ਦੀਆਂ ਦਲੀਲਾਂ

ਕ੍ਰਾਊਨ ਪੌਸੀਕਿਊਟਰ ਗੈਲੀਨਾ ਬਿਨਿੰਗ ਨੇ ਕਿਹਾ ਕਿ ਕਰਮਜੀਤ ਨੇ ਸਹੀ ਸਮੇਂ ਤੇ ਆਪਣੀ ਅਰਜ਼ੀ ਦਾਇਰ ਨਹੀਂ ਕੀਤੀ। ਬਿਨਿੰਗ ਅਨੁਸਾਰ ਜਾਅਲੀ ਦਾਖ਼ਲੇ ਪੱਤਰ ਦੀ ਪਛਾਣ ਤਿੰਨ ਸਾਲ ਪਹਿਲਾਂ ਕਰ ਲਈ ਗਈ ਸੀ, ਪਰ ਉਸਨੇ 4 ਜਾਂ 5 ਮਹੀਨੇ ਪਹਿਲਾਂ ਹੀ ਅਰਜ਼ੀ ਦਿੱਤੀ ਹੈ।

ਬਿਨਿੰਗ ਨੇ ਕਿਹਾ ਕਿ ਕਰਮਜੀਤ ਦੀ ਜ਼ਿੰਦਗੀ ਨੂੰ ਖ਼ਤਰੇ ਦਾ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ ਅਫਸਰ ਨੇ ਪੂਰੀ ਤਰ੍ਹਾਂ ਰੀਵਿਊ ਕੀਤਾ ਸੀ।

ਬਿਨਿੰਗ ਅਨੁਸਾਰ ਇੱਕ ਵੱਖਵਾਦੀ ਖ਼ਾਲਿਸਤਾਨੀ ਰਾਜ ਦੇ ਸਮਰਥਨ ਕਰਕੇ ਕਥਿਤ ਖ਼ਤਰੇ ਤੋਂ ਇਲਾਵਾ, ਨਵੀਂ ਅਰਜ਼ੀ ਵਿਚ ਕੁਝ ਵੀ ਨਵਾਂ ਪੇਸ਼ ਨਹੀਂ ਕੀਤਾ ਗਿਆ ਹੈ।

ਸਰਕਾਰੀ ਵਕੀਲ ਦੀ ਦਲੀਲ ਹੈ ਕਿ ਇਹ ਅਧਾਰ ਪਹਿਲਾਂ ਦਾਇਰ ਕੀਤੀਆਂ ਅਰਜ਼ੀਆਂ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ।

ਬਿਨਿੰਗ ਨੇ ਕਰਮਜੀਤ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਰਮਜੀਤ ਦੇ ਪਹਿਲਾਂ ਕਿਹਾ ਸੀ ਕਿ ਉਸਦਾ ਸਬੰਧ ਇੱਕ ਮੱਧ-ਵਰਗੀ ਪਰਿਵਾਰ ਤੋਂ ਹੈ, ਜਦਕਿ ਉਸਦੇ ਪਿਛਲੇ ਵਕੀਲ ਨੇ ਕਿਹਾ ਸੀ ਕਿ ਉਹ ਇੱਕ ਅਨਪੜ੍ਹ ਅਤੇ ਗ਼ਰੀਬ ਪਰਿਵਾਰ ਨਾਲ ਤਅੱਲਕ ਰੱਖਦੀ ਹੈ। 

ਬਿਨਿੰਗ ਨੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਬਿਨੈਕਾਰ ਉਹ ਸਭ ਕੁਝ ਕਹਿਣ ਲਈ ਤਿਆਰ ਹੈ, ਜੋ ਵੀ ਉਸਦੇ ਉਦੇਸ਼ ਨਾਲ ਮੇਲ ਖਾਂਦਾ ਹੋਵੇ

ਜਿਸ ਦਿਨ ਇਹ ਸੁਣਵਾਈ ਚਲ ਰਹੀ ਸੀ ਉਸੇ ਦਿਨ ਕੈਨੇਡੀਅਨ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਟਵੀਟ ਕੀਤਾ ਕਿ ਮੰਤਰਾਲੇ ਦਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਵੱਲ ਨਹੀਂ ਸਗੋਂ ਦੋਸ਼ੀਆਂ ਨੂੰ ਫ਼ੜਨ ਵੱਲ ਹੈ I

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ