1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਏਸ਼ੀਅਨ ਹੈਰੀਟੇਜ ਮੰਥ: ਤੁਸੀਂ ਆਪਣਾ ਸੱਭਿਆਚਾਰ ਕਿਵੇਂ ਸੰਭਾਲਦੇ ਹੋ

ਸੀਬੀਸੀ ਕਿਊਬੈਕ ਦੀ ਇਸ ਸੀਰੀਜ਼ ਵਿਚ ਏਸ਼ੀਆਈ ਕੈਨੇਡੀਅਨਜ਼ ਨਾਲ ਸਪੱਸ਼ਟ ਗੱਲਬਾਤ ਸ਼ਾਮਲ ਹੈ

ਕੈਰਿੰਗ ਅਵਰ ਕਲਚਰਜ਼

ਕੈਰਿੰਗ ਅਵਰ ਕਲਚਰਜ਼ ਸੀਰੀਜ਼ ਕਿਊਬੈਕ ਵਿਚ ਏਸ਼ੀਅਨ ਕਹਾਣੀਆਂ ਨੂੰ ਉਜਾਗਰ ਕਰਨ ਅਤੇ ਏਸ਼ੀਆਈ ਕੈਨੇਡੀਅਨ ਅਨੁਭਵ ‘ਤੇ ਨੇੜਿਓਂ ਝਾਤ ਮਾਰਨ ਦੀ ਇੱਛਾ ਚੋਂ ਨਿਕਲੀ ਹੈ।

ਤਸਵੀਰ:  (CBC News)

RCI

ਇਸ ਏਸ਼ੀਅਨ ਹੈਰੀਟੇਜ ਮੰਥ ਲਈ, ਸੀਬੀਸੀ ਕਿਊਬੈਕ ਨੇ ਇੱਕ ਵਿਸ਼ੇਸ਼ ਸੀਰੀਜ਼ ਤਿਆਰ ਕੀਤੀ ਹੈ ਜਿਸ ਵਿਚ ਏਸ਼ੀਆਈ ਕੈਨੇਡੀਅਨਜ਼ ਨਾਲ ਉਹਨਾਂ ਦੇ ਸੱਭਿਆਚਾਰ, ਪਿਛੋਕੜ, ਕਦਰਾਂ-ਕੀਮਤਾਂ ਅਤੇ ਵਿਰਾਸਤ ਨੂੰ ਸੰਭਾਲਣ ਬਾਰੇ ਸਪੱਸ਼ਟ ਗੱਲਬਾਤ ਕੀਤੀ ਗਈ।

Carrying Our Cultures [ਸੱਭਿਆਚਾਰ ਦੀ ਸਾਂਭ] ਸੀਰੀਜ਼ ਕਿਊਬੈਕ ਵਿਚ ਏਸ਼ੀਅਨ ਕਹਾਣੀਆਂ ਨੂੰ ਉਜਾਗਰ ਕਰਨ ਅਤੇ ਏਸ਼ੀਆਈ ਕੈਨੇਡੀਅਨ ਅਨੁਭਵ ‘ਤੇ ਨੇੜਿਓਂ ਝਾਤ ਮਾਰਨ ਦੀ ਇੱਛਾ ਚੋਂ ਨਿਕਲੀ ਹੈ।

ਪੂਰੇ ਮਈ ਮਹੀਨੇ ਦੌਰਾਨ, ਸੀਬੀਸੀ ਕਿਊਬੈਕ ਨੇ ਇਹਨਾਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਹੈ। ਇੰਟਰਵਿਊ ਦੇ ਪਾਤਰਾਂ ਨੇ ਆਪਣੇ ਜੀਵਨ ਦੇ ਸਫ਼ਰ ਨੂੰ ਸਾਂਝਾ ਕੀਤਾ ਅਤੇ ਆਪਣੇ ਖਾਣ-ਪੀਣ ਤੋਂ ਲੈਕੇ ਪਹਿਰਾਵੇ ਤੱਕ ਅਤੇ ਕਈ ਹੋਰ ਸੱਭਿਆਚਾਰਕ ਪਹਿਲੂਆਂ 'ਤੇ ਗੱਲਬਾਤ ਕੀਤੀ।

ਇਹ ਸੀਰੀਜ਼ ਸੀਬੀਸੀ ਮੌਂਟਰੀਅਲ ਵਿਖੇ ਏਸ਼ੀਅਨ ਕੈਨੇਡੀਅਨ ਟੀਮ ਦੁਆਰਾ ਤਿਆਰ ਕੀਤੀ ਗਈ ਸੀ ਅਤੇ ਸੀਬੀਸੀ ਟੀਮ ਉਨ੍ਹਾਂ ਲੋਕਾਂ ਦੀ ਖ਼ਾਸ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਸਪੱਸ਼ਟ ਗੱਲਬਾਤ ਲਈ ਸਮਾਂ ਕੱਢਿਆ।

ਮਰੀਅਮ ਨਦੀਮੀ ਮੌਂਟਰੀਅਲ-ਅਧਾਰਤ ਇੱਕ ਕਲਾਕਾਰ ਅਤੇ ਜੀਵ ਵਿਗਿਆਨੀ ਹੈ। ਉਹ ਈਰਾਨ ਵਿੱਚ ਵੱਡੀ ਹੋਈ ਅਤੇ ਜੈਨੇਟਿਕਸ ਵਿੱਚ ਪੀਐਚਡੀ ਲਈ ਮੌਂਟਰੀਅਲ ਯੂਨੀਵਰਸਿਟੀ ਚਲੀ ਗਈ। ਉਹ ਹੁਣ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ ਜਿੱਥੇ ਉਹ ਤਜ਼ਹੀਬ ਸਿਖਾਉਂਦੀ ਹੈ, ਜੋ ਕਿ ਇਸਲਾਮੀ ਈਰਾਨੀ ਕਲਾ ਦਾ ਇੱਕ ਰਵਾਇਤੀ ਰੂਪ ਹੈ।

ਮੈਰੀ ਗ੍ਰੇਸ ਓਕੈਂਪੋ ਇੱਕ ਨਰਸ ਹੈ ਅਤੇ ਕਿਊਬੈਕ ਦੀ ਫਿਲੀਪੀਨੋ ਨਰਸ ਅਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹੈ। ਉਹ ਫਿਲੀਪੀਨਜ਼ ਵਿੱਚ ਵੱਡੀ ਹੋਈ ਅਤੇ ਆਪਣੇ ਪਤੀ ਨੂੰ ਮਿਲਣ ਤੋਂ ਬਾਅਦ ਉਹ ਮੌਂਟਰੀਅਲ ਆਈ। 

ਆਪਣੇ ਨਾਲ ਉਹ ਬਾਯਾਨਿਹਾਨ ਵਰਗੀਆਂ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਵੀ ਲੈ ਕੇ ਆਈ ਹੈ, ਜੋ ਕਿ ਭਾਈਚਾਰੇ ਅਤੇ ਏਕਤਾ ਨੂੰ ਵਧਾਉਣ ਦਾ ਫਿਲੀਪੀਨੋ ਤਰੀਕਾ ਹੈ। ਉਹ ਮੌਂਟਰੀਅਲ ਨਿਊਰੋਲੌਜੀਕਲ ਇੰਸਟੀਟਿਊਟ-ਹਸਪਤਾਲ ਵਿੱਚ ਆਪਣੇ ਕੰਮ ਦੌਰਾਨ ਵੀ ਇਨ੍ਹਾਂ ਕਦਰਾਂ ਨੂੰ ਸੰਭਾਲ ਕੇ ਰੱਖਦੀ ਹੈ।

ਮੇ ਚਿਊ ਇੱਕ ਕਮਿਊਨਿਟੀ ਕਾਰਕੁਨ ਹੈ ਅਤੇ ਚਾਈਨਾਟਾਊਨ ਰਾਊਂਡਟੇਬਲ ਦੀ ਕੋ-ਆਰਡੀਨੇਟਰ ਹੈ। ਉਸਦੀ ਸਰਗਰਮੀ ਅਤੇ ਕੰਮ ਮੌਂਟਰੀਅਲ ਦੇ ਚਾਈਨਾਟਾਊਨ ਅਤੇ ਆਲੇ-ਦੁਆਲੇ ਦੇ ਏਸ਼ੀਅਨ ਭਾਈਚਾਰਿਆਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਪ੍ਰਫ਼ੁਲਿੱਤ ਕਰਨ ਦੇ ਦੁਆਲੇ ਕੇਂਦਰਿਤ ਹੈ। ਉਹ ਕਮਿਊਨਿਟੀ ਦੀਆਂ ਲੋੜਾਂ ਦਾ ਜਵਾਬ ਦੇਣ ਦੇ ਆਪਣੇ ਕੰਮ ਦੇ ਨਾਲ, ਚਾਈਨਾਟਾਊਨ ਵਿੱਚ ਏਸ਼ੀਅਨ ਕਾਰੋਬਾਰਾਂ, ਸੰਸਥਾਵਾਂ ਅਤੇ ਕਮਿਊਨਿਟੀ ਮੈਂਬਰਾਂ ਦੀ ਵਕਾਲਤ ਕਰਨਾ ਵੀ ਜਾਰੀ ਰੱਖਦੀ ਹੈ।

ਕੈਵਿਨ ਪਾਰਕ-ਜੁੰਗ ਹੂ ਅਤੇ ਜਿਨ ਹੀ ਵੂੰਗ ਕੋਰੀਅਨ ਕੈਨੇਡੀਅਨ ਕਲਾਕਾਰ ਹਨ। ਦੋਵੇਂ ਪਛਾਣਾਂ ਵਿਚ ਰਹਿਣ ਨੇ ਉਨ੍ਹਾਂ ਨੂੰ ਮੌਕੇ ਵੀ ਪ੍ਰਦਾਨ ਕੀਤੇ ਹਨ, ਪਰ ਨਾਲ ਹੀ ਘਾਟੇ ਅਤੇ ਇਕੱਲਤਾ ਦੀਆਂ ਭਾਵਨਾਵਾਂ ਵੀ ਲਿਆਂਦੀਆਂ ਹਨ। ਉਹਨਾਂ ਨੇ ਇਸ ਅਨੁਭਵ ਨੂੰ ਇਸ ਸਪਰਿੰਗ ਦੌਰਾਨ Montreal, arts interculturels (ਇੱਕ ਸੱਭਿਆਚਾਰਕ ਸੰਗਠਨ) ਦੀ Migrant Instability (ਮਾਈਗ੍ਰੈਂਟ ਅਸਥਿਰਤਾ) ਦੇ ਸਿਰਲੇਖ ਵਾਲੀ ਇੱਕ ਪ੍ਰਦਰਸ਼ਨੀ ਦੌਰਾਨ ਬਿਆਨ ਕੀਤਾ।

ਮੇਸ਼ਨ ਚਾਏਸ਼ਾਏ ਮੌਂਟਰੀਅਲ ਡਾਊਨਟਾਊਨ ਵਿਚ ਇੱਕ ਪਰਿਵਾਰਕ ਰੈਸਟੋਰੈਂਟ ਹੈ। ਇਸਦੀ ਸਹਿ-ਮਾਲਕ ਅਤੇ ਕਈ ਪਕਵਾਨਾਂ ਦੀ ਰਸੋਈਆ ਨਾਹੀਦ ਅਜ਼ੀਜ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਸਾਂਝਾ ਕਰਨ ਲਈ ਦੱਖਣੀ ਭਾਰਤ ਤੋਂ ਆਪਣੇ ਪਰਿਵਾਰਕ ਪਕਵਾਨਾਂ ਦੀ ਵਿਧੀ ਲਿਆਂਦੀ ਸੀ ਅਤੇ ਹੌਲੀ ਹੌਲੀ ਜਦੋਂ ਉਨ੍ਹਾਂ ਨੇ ਦੱਖਣੀ ਏਸ਼ੀਆ ਦੇ ਮੌਂਟਰੀਅਲ ਵਾਸੀਆਂ ਵਿਚ ਅਜਿਹੀਆਂ ਥਾਂਵਾਂ ਦੀ ਘਾਟ ਮਹਿਸੂਸ ਕੀਤੀ ਤਾਂ ਆਪਣੇ ਰੈਸਟੋਰੈਂਟ ਰਾਹੀਂ ਉਨ੍ਹਾਂ ਨੇ ਮੌਂਟਰੀਅਲ ਦੇ ਭਾਈਚਾਰੇ ਨਾਲ ਵੀ ਇਸਨੂੰ ਸਾਂਝਾ ਕੀਤਾ। ਉਹ ਆਪਣੇ ਪਤੀ ਸਮਦ ਰਜ਼ਾਕ ਅਤੇ ਧੀ ਨਿਕਿਤਾ ਅਜ਼ੀਜ਼ ਰਜ਼ਾਕ ਨਾਲ ਇਹ ਰੈਸਟੋਰੈਂਟ ਚਲਾਉਂਦੀ ਹੈ।

ਇਹ ਵਿਸ਼ੇਸ਼ ਸੀਰੀਜ਼ ਸੀਬੀਸੀ ਨਾਲ ਜੁੜੇ ਪੱਤਰਕਾਰਾਂ ਸ਼ਾਹਰੋਜ਼ ਰਊਫ਼, ਰੈਨਾ ਲਿਊ, ਜੈਸਿਕਾ ਵੂ, ਜੈਨਿਫ਼ਰ ਯੂਨ ਅਤੇ ਟਿਮ ਚਿਨ ਨੇ ਮਿਲ ਕੇ ਤਿਆਰ ਕੀਤੀ ਹੈ।

ਸੀਬੀਸੀ ਕਿਊਬੈਕ ਦੀ ਕੈਰਿੰਗ ਅਵਰ ਕਲਚਰਜ਼ ਸੀਰੀਜ਼ ਪਿੱਛੇ ਦੀ ਟੀਮ।

ਸੀਬੀਸੀ ਕਿਊਬੈਕ ਦੀ ਕੈਰਿੰਗ ਅਵਰ ਕਲਚਰਜ਼ ਸੀਰੀਜ਼ ਪਿੱਛੇ ਦੀ ਟੀਮ।

ਤਸਵੀਰ: Tim Chin

ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ