- ਮੁੱਖ ਪੰਨਾ
- ਅੰਤਰਰਾਸ਼ਟਰੀ
- ਇਮੀਗ੍ਰੇਸ਼ਨ
[ ਰਿਪੋਰਟ ] ਕੰਜ਼ਰਵੇਟਿਵ ਐਮ ਪੀ ਵੱਲੋਂ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਮੁਲਤਵੀ ਕਰਨ ਦੀ ਮੰਗ
ਜਾਅਲੀ ਐਡਮਿਸ਼ਨ ਲੈਟਰ ਦਾ ਹੈ ਮਾਮਲਾ , ਧਿਆਨ ਦੋਸ਼ੀਆਂ ਨੂੰ ਫ਼ੜਨ ਵੱਲ : ਇਮੀਗ੍ਰੇਸ਼ਨ ਮਨਿਸਟਰ

ਵਿਦਿਆਰਥੀਆਂ ਉੱਪਰ ਦੋਸ਼ ਹਨ ਕਿ ਉਹ ਜਾਅਲੀ ਐਡਮਿਸ਼ਨ ਲੈਟਰ ਸਦਕਾ ਕੈਨੇਡਾ ਵਿੱਚ ਸਟੱਡੀ ਵੀਜ਼ੇ 'ਤੇ ਆਏ ਹਨ I
ਤਸਵੀਰ: CBC
ਕੈਨੇਡਾ ਵਿੱਚ 700 ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆਂ ਮੀਡੀਆ ਰਿਪੋਰਟਾਂ ਦਰਮਿਆਨ ਇਕ ਕੰਜ਼ਰਵੇਟਿਵ ਐਮ ਪੀ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਾਉਣ ਲਈ ਇਕ ਪਟੀਸ਼ਨ ਸ਼ੁਰੂ (ਨਵੀਂ ਵਿੰਡੋ) ਕੀਤੀ ਗਈ ਹੈ I
ਸੈਸਕਾਟੂਨ ਵੈਸਟ ਤੋਂ ਐਮ ਪੀ ਬਰੈਡ ਰੈਡੀਕੌਪ ਵੱਲੋਂ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਤੋਂ ਜਾਅਲੀ ਐਡਮਿਸ਼ਨ ਲੈਟਰ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ I
ਐਮ ਪੀ ਰੈਡੀਕੌਪ ਨੇ ਕੈਨੇਡਾ ਬੌਰਡਰ ਸਰਵਿਸ ਏਜੰਸੀ ਦੁਆਰਾ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਨੂੰ ਮੁਲਤਵੀ ਕਰਨ ਦੀ ਮੰਗ ਵੀ ਕੀਤੀ ਹੈ I
ਐਮ ਪੀ ਬਰੈਡ ਰੈਡੀਕੌਪ ਵੱਲੋਂ ਇਸ ਬਾਰੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ I
ਕੀ ਹੈ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਵਿਦਿਆਰਥੀਆਂ ਉੱਪਰ ਇਸ ਕਰਕੇ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਐਡਮਿਸ਼ਨ ਲੈਟਰ ਜਾਅਲੀ ਸਨ I
ਜ਼ਿਰਕਯੋਗ ਹੈ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀ ਕਿਸੇ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਫ਼ੀਸ ਭਰਦੇ ਹਨ ਅਤੇ ਵੀਜ਼ੇ ਲਈ ਆਪਣੀ ਅਰਜ਼ੀ ਦਿੰਦੇ ਹਨ I
ਸੀਬੀਸੀ ਨਾਲ ਗੱਲਬਾਤ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਉਹਨਾਂ ਨੇ ਆਪਣੇ ਏਜੰਟ ਦੇ ਕਹਿਣ 'ਤੇ ਆਪਣਾ ਕਾਲਜ ਬਦਲ ਲਿਆ I
ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਜਦੋਂ ਇਹਨਾਂ ਵਿਦਿਆਰਥੀਆਂ ਨੇ ਪੀ ਆਰ ਦੀ ਅਰਜ਼ੀ ਦਿੱਤੀ ਤਾਂ ਇਹਨਾਂ ਨੂੰ ਸੀਬੀਐਸਏ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ I
ਇੰਦਰਜੀਤ ਸਿੰਘ ਨਾਮ ਦੇ ਨੌਜਵਾਨ ਜਿਸਦੀ ਸਟੱਡੀ ਵੀਜ਼ੇ ਦੀ ਅਰਜ਼ੀ ਜਲੰਧਰ ਦੇ ਇਕ ਏਜੰਟ ਨੇ ਲਗਵਾਈ ਸੀ ਨੇ ਕੈਨੇਡਾ ਵਿੱਚ ਆ ਕੇ ਆਪਣਾ ਕਾਲਜ ਬਦਲ ਲਿਆ ਸੀ I ਉਸਨੇ ਆਪਣਾ ਦੋ ਸਾਲਾਂ ਦਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ 2021 ਵਿੱਚ ਪੂਰਾ ਕੀਤਾ I
ਅਜਿਹੀ ਹੀ ਕਹਾਣੀ 2018 ਦੌਰਾਨ ਅੰਤਰ ਰਾਸ਼ਟਰੀ ਵਿਦਿਆਰਥਣ ਦੇ ਤੌਰ 'ਤੇ ਆਈ ਕਰਮਜੀਤ ਕੌਰ ਦੀ ਹੈI ਕਰਮਜੀਤ ਦਾ ਦਾਅਵਾ ਹੈ ਏਜੰਟ ਦੁਆਰਾ 2018 ਵਿੱਚ ਉਸਨੂੰ ਟੋਰੌਂਟੋ ਦੇ ਸੇਨੇਕਾ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਦਿੱਤਾ ਗਿਆ I
ਜਦੋਂ ਕਰਮਜੀਤ ਓਨਟੇਰੀਓ ਪਹੁੰਚੀ ਤਾਂ ਉਸਦੇ ਏਜੰਟ ਨੇ ਉਸਨੂੰ ਉਕਤ ਕਾਲਜ ਵਿੱਚ ਪਲੇਸਮੈਂਟ ਨਾ ਹੋਣ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲੇ ਦੀ ਪੇਸ਼ਕਸ਼ ਕੀਤੀ I ਇਸਤੋਂ ਬਾਅਦ ਕਰਮਜੀਤ ਨੇ ਐਡਮੰਟਨ ਦੇ ਨੌਰਕੁਏਸਟ ਕਾਲਜ ਵਿੱਚ ਦਾਖ਼ਲਾ ਲੈ ਲਿਆ I

ਕਰਮਜੀਤ ਕੌਰ ਆਪਣੇ ਵਕੀਲ ਨਾਲ
ਤਸਵੀਰ: Rick Bremness/CBC
ਕਰਮਜੀਤ ਨੇ ਜੂਨ 2020 ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਲਿਆ I 25 ਮਈ 2021 ਨੂੰ ਇੱਕ ਸੀਬੀਐੱਸਏ ਅਧਿਕਾਰੀ ਨੇ ਕਰਮਜੀਤ ਨੂੰ ਦੱਸਿਆ ਕਿ ਸੇਨੇਕਾ ਕਾਲਜ ਦਾ ਪੱਤਰ ਜਾਅਲੀ ਸੀ। ਕਰਮਜੀਤ ਕੌਰ ਨੂੰ 29 ਮਈ ਨੂੰ ਭਾਰਤ ਭੇਜਿਆ ਜਾਣਾ ਸੀ ਪਰ ਉਸ ਉੱਪਰ ਫ਼ਿਲਹਾਲ ਸਟੇਅ ਲੱਗ ਗਿਆ ਹੈ I
ਆਪਣੇ ਪੱਤਰ ਵਿੱਚ ਐਮ ਪੀ ਬਰੈਡ ਰੈਡੀਕੌਪ ਨੇ ਲਿਖਿਆ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਅਪਲਾਈ ਕਰਨ ਸਮੇਂ ਕਾਗਜ਼ਾਂ ਦੀ ਜਾਂਚ ਕਰਨ ਵਿੱਚ ਅਸਫ਼ਲ ਰਿਹਾ ਹੈ ਜਦਕਿ ਇਹਨਾਂ ਵਿਦਿਆਰਥੀਆਂ ਨੇ ਆਪਣਾ ਸਮਾਂ ਅਤੇ ਪੈਸੇ ਲਗਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ I
ਕੰਜ਼ਰਵੇਟਿਵ ਐਮ ਪੀ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਸੋਸ਼ਣ ਦਾ ਸ਼ਿਕਾਰ ਹੋਏ ਹਨ I ਐਮ ਪੀ ਬਰੈਡ ਰੈਡੀਕੌਪ ਦਾ ਕਹਿਣਾ ਹੈ ਕਿ ਉਹ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਤੋਂ ਇਕ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕਰ ਚੁੱਕੇ ਹਨ I
ਰੈਡੀਕੌਪ ਮੁਤਾਬਿਕ ਇਸ ਪ੍ਰਸ਼ਨ ਦਾ ਜਵਾਬ ਮਿਲਣਾ ਚਾਹੀਦਾ ਹੈ ਕਿ ਵੀਜ਼ੇ ਦਿੱਤੇ ਜਾਣ ਸਮੇਂ ਦਸਤਾਵੇਜ਼ਾਂ ਦੀ ਸਹੀ ਜਾਂਚ ਕਿਉਂ ਨਹੀਂ ਹੋਈ ਅਤੇ ਅੱਗੇ ਤੋਂ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ I
ਧਿਆਨ ਦੋਸ਼ੀਆਂ ਨੂੰ ਫ਼ੜਨ ਵੱਲ : ਇਮੀਗ੍ਰੇਸ਼ਨ ਮਨਿਸਟਰ
ਕੈਨੇਡੀਅਨ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਦਾ ਕਹਿਣਾ ਹੈ ਕੇ ਮੰਤਰਾਲੇ ਦਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਵੱਲ ਨਹੀਂ ਸਗੋਂ ਦੋਸ਼ੀਆਂ ਨੂੰ ਫ਼ੜਨ ਵੱਲ ਹੈ I
ਇਕ ਟਵੀਟ ਦੌਰਾਨ ਮਨਿਸਟਰ ਫ਼੍ਰੇਜ਼ਰ ਨੇ ਕਿਹਾ ਅਸੀਂ ਕੈਨੇਡਾ ਵਿੱਚ ਪੜ੍ਹਨ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਅਹਿਮੀਅਤ ਸਮਝਦੇ ਹਾਂ ਅਤੇ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ I
ਮਾਮਲੇ ਵਿੱਚ ਟਿੱਪਣੀ ਲੈਣ ਲਈ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨਾਲ ਸੰਪਰਕ ਨਹੀਂ ਹੋ ਸਕਿਆ I
ਗਿਣਤੀ ਬਾਰੇ ਭੰਬਲਭੂਸਾ
ਜਾਅਲੀ ਐਡਮਿਸ਼ਨ ਲੈਟਰ ਦੇ ਮਾਮਲੇ ਵਿੱਚ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਵੀ ਭੰਬਲਭੂਸਾ ਬਰਕਰਾਰ ਹੈ I
ਭਾਵੇਂ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਨਹੀਂ ਦੱਸੀ ਗਈ ਹੈ ਪਰ ਕੁਝ ਮੀਡੀਆ ਰਿਪੋਰਟਾਂ ਵਿੱਚ 700 ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਗੱਲ ਆਖੀ ਗਈ ਸੀ I
ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇਕ ਈ-ਮੇਲ ਵਿੱਚ ਸੀਬੀਐੱਸਏ ਨੇ ਮਾਰਚ ਦੌਰਾਨ ਕਿਹਾ ਸੀ ਕਿ ਉਹਨਾਂ ਵੱਲੋਂ ਸਟੱਡੀ ਪਰਮਿਟ ਮਿਸਰੀਪਰੈਜ਼ੇਂਟੇਸ਼ਨ (misrepresentation) ਦੇ ਬਹੁਤ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਮਾਮਲੇ ਜਾਂਚ ਅਧੀਨ ਹੋਣ ਕਾਰਨ ਇਸ ਬਾਰੇ ਟਿੱਪਣੀ ਕਰਨਾ ਵਾਜਿਬ ਨਹੀਂ ਹੈ I
ਸੀਬੀਐੱਸਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2015 ਤੋਂ 2020 ਦਰਮਿਆਨ ਕਰੀਬ 58 ਹਜ਼ਾਰ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ I ਇਸ ਸਮੇਂ ਦੌਰਾਨ ਭਾਰਤ ਨੂੰ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 2056 ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਵਿਅਕਤੀ ਕੈਨੇਡਾ ਵਾਪਿਸ ਆ ਸਕਦੇ ਹਨ I ਨਿਯਮਾਂ ਅਨੁਸਾਰ ਜਿਸ ਵਿਅਕਤੀ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਂਦਾ ਹੈ , ਉਹਨਾਂ ਨੂੰ ਕੈਨੇਡਾ ਵਾਪਿਸ ਆਉਣ ਤੋਂ ਪਹਿਲਾਂ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਅਪਲਾਈ ਕਰਨਾ ਪੈਂਦਾ ਹੈ I