- ਮੁੱਖ ਪੰਨਾ
- ਵਾਤਾਵਰਨ
- ਘਟਨਾਵਾਂ ਅਤੇ ਕੁਦਰਤੀ ਆਫ਼ਤ
ਹੈਲੀਫ਼ੈਕਸ ਇਲਾਕੇ ‘ਚ ਜੰਗਲੀ ਅੱਗ ਹੋਈ ਬੇਕਾਬੂ, ਹਜ਼ਾਰਾਂ ਘਰਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ
ਮਿਉਂਸਿਪਲ ਅਧਿਕਾਰੀਆਂ ਦੀ ਸਲਾਹ ਤੋਂ ਪਹਿਲਾਂ ਰੈਜ਼ੀਡੈਂਟਸ ਨੂੰ ਘਰ ਵਾਪਸ ਆਉਣ ਦੀ ਇਜਾਜ਼ਤ ਨਹੀਂ

ਧੂੰਏ ਨਾਲ ਘਿਰੇ ਵੈਸਟਵੁੱਡ ਹਿੱਲਜ਼ ਇਲਾਕੇ ਦੀ ਸੋਮਵਾਰ ਸਵੇਰ ਦੀ ਤਸਵੀਰ
ਤਸਵੀਰ: CBC News / Mark Crosby
ਨੋਵਾ ਸਕੋਸ਼ੀਆ ਸੂਬੇ ਦੇ ਹੈਲੀਫ਼ੈਕਸ ਇਲਾਕੇ ਵਿਚ ਫੈਲੀ ਜੰਗਲੀ ਅੱਗ ਬੇਕਾਬੂ ਹੋ ਗਈ ਹੈ ਅਤੇ ਅੱਗ ਨੇ ਕਈ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਹਾਲਾਤ ਦੇ ਮੱਦੇਨਜ਼ਰ ਸੋਮਵਾਰ ਸਵੇਰ ਨੂੰ ਹਜ਼ਾਰਾਂ ਘਰਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਹੈਲੀਫ਼ੈਕਸ ਦੇ 25 ਕਿਲੋਮੀਟਰ ਦੇ ਦਾਇਰੇ ਵਿਚ ਪੈਂਦੇ ਕਸਬਿਆਂ ਹੈਮੰਡਜ਼ ਪਲੇਨਜ਼, ਅਪਰ ਟੈਂਟਲਨ ਅਤੇ ਪੌਕਵੌਕ ਲਈ ਘਰ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਹੋਏ ਹਨ।
ਸੋਮਵਾਰ ਸਵੇਰੇ ਨੂੰ ਅਪਡੇਟ ਦਿੰਦਿਆਂ ਹੈਲੀਫ਼ੈਕਸ ਰੀਜਨਲ ਫ਼ਾਇਰ ਐਂਡ ਐਮਰਜੈਂਸੀ ਡਿਪਟੀ ਚੀਫ਼ ਡੇਵ ਮੈਲਡਰਮ ਨੇ ਕਿਹਾ ਕਿ ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ, ਪਰ ਜੰਗਲੀ ਅੱਗ ਕਾਰਨ ਕਈ ਇਮਾਰਤਾਂ ਪ੍ਰਭਾਵਿਤ ਜਾਂ ਤਬਾਹ ਹੋ ਗਈਆਂ ਹਨ।
ਪ੍ਰਭਾਵਿਤ ਇਲਾਕੇ:
- ਵੈਸਟਵੁੱਡ ਸਬ-ਡਿਵੀਜ਼ਨ
- ੜਹਾਈਟ ਹਿਲਜ਼ ਸਬ-ਡਿਵੀਜ਼ਨ
- ਹਾਈਲੈਂਡ ਪਾਰਕ ਸਬ-ਡਿਵੀਜ਼ਨ
- ਹੈਲੀਬਰਟਰਨ ਹਿਲਜ਼
- ਪੌਕਵੌਕ ਰੋਡ
- ਗਲੈਨ ਆਰਬਰ
- ਲੁਕਸਵਿਲ ਰੋਡ ਤੋਂ ਸੈਕਵਿਲ ਡਰਾਈਵ ਤੱਕ
- ਮੇਪਲਵੁੱਡ
- ਵੋਯੇਜਰ ਵੇਅ
- ਸੇਂਟ ਜੌਰਜ ਬੁਲੇਵਾਰਡ
- ਮਕੈਬੇ ਲੇਕ ਦਾ ਇਲਾਕਾ
- ਇੰਡੀਗੋ ਸ਼ੋਰਜ਼
ਐਤਵਾਰ ਤੱਕ ਕਰੀਬ 10 ਇਮਾਰਤਾਂ ਅੱਗ ਦੀ ਲਪੇਟ ਵਿਚ ਆਈਆਂ ਮੰਨੀਆਂ ਜਾ ਰਹੀਆਂ ਸਨ। ਡੇਵ ਨੇ ਸੋਮਵਾਰ ਨੂੰ ਇਸ ਬਾਰੇ ਅਪਡੇਟ ਤਾਂ ਨਹੀਂ ਦਿੱਤੀ ਪਰ ਉਨ੍ਹਾਂ ਕਿਹਾ ਕਿ ਇਹ ਅੰਕੜਾ ਉੱਪਰ ਜਾਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਮਿਉਂਸਿਪੈਲਟੀ ਜਾਂ ਸੂਬਾ ਸਰਕਾਰ ਜਲਦੀ ਇੱਕ ਸੂਚੀ ਤਿਆਰ ਕਰਕੇ ਉਨ੍ਹਾਂ ਲੋਕਾਂ ਨੂੰ ਸੂਚਿਤ ਕਰੇਗੀ ਜਿਨ੍ਹਾਂ ਦੇ ਘਰ ਪ੍ਰਭਾਵਿਤ ਹੋਏ ਹਨ।
ਐਤਵਾਰ ਦੁਪਹਿਰ 3:30 ਵਜੇ ਵੈਸਟਵੁੱਡ ਹਿਲਜ਼ ਵਿਚ ਸਭ ਤੋਂ ਪਹਿਲੀ ਅੱਗ ਰਿਪੋਰਟ ਹੋਈ ਸੀ। ਅੱਗ ਲੱਗਣ ਦੇ ਕਾਰਨ ਅਜੇ ਵੀ ਜਾਂਚ ਅਧੀਨ ਹਨ।
ਡੇਵ ਨੇ ਕਿਹਾ ਕਿ ਅੱਗ ਬੁਝਾਉਣ ਦੇ ਯਤਨਾਂ ਵਿਚ ਸਮਾਂ ਲੱਗੇਗਾ। ਇਹ ਅੱਗਾਂ ਇੱਕੋ ਦਿਨ ਵਿਚ ਅਸਾਨੀ ਨਾਲ ਖ਼ਤਮ ਨਹੀਂ ਹੁੰਦੀਆਂ। ਡੇਵ ਅਨੁਸਾਰ ਅਜਿਹੇ ਯਤਨਾਂ ਵਿਚ ਕਿਸੇ ਲੁਕੀ ਹੋਈ ਸੁਲਗਦੀ ਅੱਗ ਦੀ ਪਛਾਣ ਕਰਕੇ ਉਸਨੂੰ ਕਾਬੂ ਕਰਨਾ ਜ਼ਰੂਰੀ ਹੁੰਦਾ ਹੈ, ਤਾਂ ਕਿ ਸੁਲਗਦੀ ਅੱਗ ਕਿਤੇ ਫੇਰ ਲਾਟਾਂ ਵਿਚ ਨਾ ਬਦਲ ਜਾਵੇ।
ਹੈਲੀਫ਼ੈਕਸ ਦੇ ਮੇਅਰ ਮਾਈਕ ਸੈਵੇਜ ਨੇ ਕਿਹਾ ਕਿ ਥਾਂ ਖਾਲੀ ਕਰਨ ਦੇ ਨਿਰਦੇਸ਼ਾਂ ਨਾਲ ਕਰੀਬ 18,000 ਲੋਕ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਲਈ ਇਹ ਬਹੁਤ ਹੀ ਤਣਾਅਪੂਰਨ ਅਤੇ ਤਬਾਹਕੁੰਨ ਸਮਾਂ ਹੈ। ਅਜਿਹੀ ਘਟਨਾ ਪ੍ਰਭਾਵਿਤ ਲੋਕਾਂ ਦਾ ਜੀਵਨ ਬਦਲ ਦਿੰਦੀ ਹੈ।
ਸੈਵੇਜ ਨੇ ਕਿਹਾ ਕਿ ਉਨ੍ਹਾਂ ਨੇ ਸੂਬਾਈ ਐਮਰਜੈਂਸੀ ਮਿਨਿਸਟਰ ਜੌਨ ਲੋਰ, ਪ੍ਰੀਮੀਅਰ ਟਿਮ ਹਿਊਸਟਨ ਅਤੇ ਫ਼ੈਡਰਲ ਐਮਰਜੈਂਸੀ ਪ੍ਰੀਪੈਅਰਡਨੈੱਸ ਮਿਨਿਸਟਰ ਬਿਲ ਬਲੇਅਰ ਨਾਲ ਵੀ ਗੱਲ ਕੀਤੀ ਹੈ।
ਮੇਅਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਰਜੀਹ ਇਹ ਨਿਰਧਾਰਤ ਕਰਨਾ ਹੈ ਕਿ ਅੱਗ ਨਾਲ ਕਿਹੜੇ ਘਰ ਪ੍ਰਭਾਵਿਤ ਹੋਏ ਹਨ, ਅਤੇ ਇਸ ਜਾਣਕਾਰੀ ਨੂੰ ਰੈਜ਼ੀਡੈਂਟਸ ਨਾਲ ਸਾਂਝਾ ਕਰਨਾ ਹੈ।
ਮੇਅਰ ਨੇ ਕਿਹਾ ਕਿ ਇਹ ਜਾਣਕਾਰੀ ਇਸ ਲਈ ਜ਼ਰੂਰੀ ਹੈ ਤਾਂ ਕਿ ਲੋਕ ਪ੍ਰਭਾਵਿਤ ਸਥਾਨਾਂ ‘ਤੇ ਨਾ ਪਹੁੰਚਣ ਕਿਉਂਕਿ ਅੱਗ ਦੁਬਾਰਾ ਸ਼ੁਰੂ ਹੋ ਸਕਦੀ ਹੈ, ਇਸ ਕਰਕੇ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ