- ਮੁੱਖ ਪੰਨਾ
- ਸਮਾਜ
- ਮੱਤ ਅਤੇ ਧਰਮ
ਸਸਕੈਚਵਨ ਵਿਚ ‘ਵਿਸ਼ੇਸ਼ ਮੌਕਿਆਂ’ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਮਿਲੀ ਹੈਲਮੇਟ ਨਿਯਮਾਂ ਤੋਂ ਛੋਟ
ਬੀਸੀ, ਓਨਟੇਰਿਓ ਅਤੇ ਐਲਬਰਟਾ ਵਿਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਮਲੇਟ ਪਾਉਣ ਤੋਂ ਪੱਕੀ ਛੋਟ ਮਿਲੀ ਹੋਈ ਹੈ

ਸਿੱਖ ਮੋਟਰਸਾਈਕਲ ਕਲੱਬਾਂ ਦੁਆਰਾ ਸਾਲ 2022 ਦੌਰਾਨ ਐਬਟਸਫੋਰਡ ਤੋਂ ਕੈਮਲੂਪਸ ਤੱਕ ਕੀਤੀ ਗਈ ਰਾਈਡ ਦਾ ਇੱਕ ਦ੍ਰਿਸ਼
ਤਸਵੀਰ: ਧੰਨਵਾਦ ਸਹਿਤ ਦਲਜੀਤ ਸੰਧੂ
ਸਸਕੈਚਵਨ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਕੁਝ ਵਿਸ਼ੇਸ਼ ਮੌਕਿਆਂ ਦੌਰਾਨ ਮੋਟਰਸਾਈਕਲ ਚਲਾਉਣ ਵੇਲੇ ਹੈਲਮਟ ਪਾਉਣ ਦੀ ਲੋੜ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਇਸ ਨਵੀਂ ਆਰਜ਼ੀ ਛੋਟ (ਨਵੀਂ ਵਿੰਡੋ) ਦਾ ਐਲਾਨ ਕੀਤਾ ਗਿਆ ਹੈ।
ਉਕਤ ਛੋਟ ਦਾ ਉਦੇਸ਼ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਸਤਾਰ ਪਹਿਨ ਕੇ ਚੈਰਿਟੀ ਰਾਈਡਜ਼ ਵਰਗੇ ਵਿਸ਼ੇਸ਼ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣਾ ਹੈ।
ਸਰਕਾਰੀ ਰਿਲੀਜ਼ ਅਨੁਸਾਰ ਸਾਰੀਆਂ ਛੋਟਾਂ ਸਸਕੈਚਵਨ ਸਰਕਾਰੀ ਬੀਮਾ (SGI) ਲਈ ਜ਼ਿੰਮੇਵਾਰ ਮਿਨਿਸਟਰ ਦੁਆਰਾ ਮਨਜ਼ੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਸਿਰਫ਼ ਸਿੱਖ ਧਰਮ ਦੇ [ਦਸਤਾਰਧਾਰੀ] ਮੈਂਬਰਾਂ ਤੱਕ ਸੀਮਤ ਹੋਣਗੀਆਂ।
ਸੂਬੇ ਨੇ ਕਿਹਾ ਕਿ ਹੈਲਮੇਟ ਪਹਿਨਣ ਦੀ ਛੋਟ ਖ਼ਾਸ ਮੌਕਿਆਂ ਲਈ ਹੋਵੇਗੀ ਅਤੇ ਇਹ ਤਬਦੀਲੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ਦੀ ਕੋਈ ਪੱਕੀ ਅਤੇ ਮੁਕੰਮਲ ਛੋਟ ਨਹੀਂ ਦਿੰਦੀ।
ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਅਤੇ ਓਨਟੇਰਿਓ ਵਿਚ ਧਾਰਮਿਕ ਕਾਰਨਾਂ ਕਰਕੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਤੋਂ ਪੱਕੀ ਛੋਟ ਮਿਲੀ ਹੋਈ ਹੈ। ਸਰਕਾਰੀ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਸਸਕੈਚਵਨ ਦਾ ਕਾਨੂੰਨ ਸਾਰੇ ਮੋਟਰਸਾਈਕਲ ਸਵਾਰਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਦੀ ਮੰਗ ਕਰਦਾ ਹੈ।
ਪਿਛਲੇ ਕੁਝ ਸਾਲਾਂ ਤੋਂ ਬੀਸੀ ਦੇ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ ਸਸਕੈਚਵਨ ਨੂੰ ਮੰਗ ਕੀਤੀ ਜਾ ਰਹੀ ਸੀ ਕਿ ਚੈਰੀਟੇਬਲ ਕਾਰਨਾਂ ਲਈ ਪੈਸਾ ਇਕੱਠਾ ਕਰਨ ਵਾਸਤੇ ਉਨ੍ਹਾਂ ਨੂੰ ਮੋਟਰਸਾਈਕਲ ਸਵਾਰੀ ਦੌਰਾਨ ਹੈਲਮੇਟ ਨਿਯਮਾਂ ਤੋਂ ਛੋਟ ਦਿੱਤੀ ਜਾਵੇ।
SGI ਲਈ ਜ਼ਿੰਮੇਵਾਰ ਮਿਨਿਸਟਰ, ਡੌਨ ਮੌਰਗਨ ਨੇ ਕਿਹਾ, ਹੈਲਮੇਟ ਮੋਟਰਸਾਈਕਲ ਸਵਾਰਾਂ ਲਈ ਸੁਰੱਖਿਆ ਉਪਕਰਨਾਂ ਦਾ ਜ਼ਰੂਰੀ ਹਿੱਸਾ ਹਨ
।
ਹਾਲਾਂਕਿ, ਮੋਟਰਸਾਈਕਲ ਹੈਲਮੇਟ ਕਾਨੂੰਨਾਂ ਵਿਚ ਇੱਕ ਮੁਕੰਮਲ ਛੋਟ ਪੇਸ਼ ਕਰਨ ਦੀ ਸਾਡੀ ਕੋਈ ਯੋਜਨਾ ਨਹੀਂ ਹੈ, ਪਰ ਸਾਡੀ ਸਰਕਾਰ ਅਸਥਾਈ ਛੋਟਾਂ ਦੀ ਇਸ ਵਿਵਸਥਾ ਨੂੰ ਇੱਕ ਵਾਜਬ ਸਮਝੌਤੇ ਵੱਜੋਂ ਦੇਖਦੀ ਹੈ ਜੋ ਭਵਿੱਖ ਵਿਚ ਚੈਰਿਟੀ ਫ਼ੰਡਰੇਜ਼ਰਾਂ ਨੂੰ ਜਾਰੀ ਰਹਿਣ ਦੇ ਯੋਗ ਬਣਾਵੇਗੀ
।
ਲਰਨਿੰਗ ਲਾਇਸੈਂਸ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਇਸ ਛੋਟ ਦਾ ਲਾਭ ਨਹੀਂ ਮਿਲੇਗਾ।