- ਮੁੱਖ ਪੰਨਾ
- ਅਰਥ-ਵਿਵਸਥਾ
- ਰੁਜ਼ਗਾਰ
ਕੁਝ ਇਮੀਗ੍ਰੇਸ਼ਨ ਨਿਯਮਾਂ ‘ਚ ਛੋਟ ਮਿਲਣ ਤੋਂ ਬਾਅਦ ਲੁਲੁਲੈਮਨ ਨੇ ਕੀਤਾ 2,600 ਨਵੀਆਂ ਨੌਕਰੀਆਂ ਦਾ ਵਾਅਦਾ
ਕੰਪਨੀ ਵੈਨਕੂਵਰ ਵਿੱਖੇ ਆਪਣੇ ਹੈੱਡਕੁਆਰਟਰ ਦਾ ਵੀ ਵਿਸਤਾਰ ਕਰੇਗੀ

ਲੁਲੁਲੈਮਨ ਦੇ ਸੀਈਓ, ਕੈਲਵਿਨ ਮੈਕਡੌਨਲਡ (ਖੱਬੇ) ਅਤੇ ਫ਼ੈਡਰਲ ਇਨੋਵੇਸ਼ਨ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ
ਤਸਵੀਰ: La Presse canadienne
ਵੈਨਕੂਵਰ ਅਧਾਰਿਤ ਕੰਪਨੀ ਲੁਲੁਲੈਮਨ ਦਾ ਕਹਿਣਾ ਹੈ ਕਿ ਉਹ ਆਪਣੇ ਹੈੱਡਕੁਆਰਟਰਜ਼ ਦਾ ਵਿਸਤਾਰ ਕਰ ਰਹੀ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ 2,600 ਨਵੀਆਂ ਨੌਕਰੀਆਂ ਪੈਦਾ ਕਰੇਗੀ।
ਇਹ ਐਲਾਨ ਉਦੋਂ ਹੋਇਆ ਹੈ, ਜਦੋਂ ਕੁਝ ਮਹੀਨੇ ਪਹਿਲਾਂ ਫ਼ੈਡਰਲ ਸਰਕਾਰ ਨੇ ਕੰਪਨੀ ਨੂੰ, LMIA (ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ) ਦੀ ਅਰਜ਼ੀ ਦੇ ਬਗ਼ੈਰ ਹੀ, ਸੌਫ਼ਟਵੇਅਰ ਇੰਜੀਨੀਅਰਾਂ, ਕੰਪਿਊਟਰ ਟੈਕਨੀਸ਼ਨਾਂ, ਮੈਨੇਜਮੈਂਟ ਸਮੇਤ ਕੁਝ ਹਾਈ-ਸਕਿੱਲਡ ਨੌਕਰੀਆਂ ਲਈ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਲਈ ਛੋਟ ਦਿੱਤੀ ਸੀ।
ਫ਼ੈਡਰਲ ਇਨੋਵੇਸ਼ਨ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਕਿਹਾ ਕਿ ਜੇ ਸਰਕਾਰ ਇਹ ਕਦਮ ਨਾ ਚੁੱਕਦੀ, ਤਾਂ ਕੰਪਨੀ ਵੈਨਕੂਵਰ ਤੋਂ ਆਪਣੇ ਹੈੱਡਕੁਆਰਟਰ ਨੂੰ ਕਿਤੇ ਹੋਰ ਸਥਾਪਿਤ ਕਰ ਸਕਦੀ ਸੀ।
ਕੰਪਨੀ ਦੇ ਸੀਈਓ, ਕੈਲਵਿਨ ਮੈਕਡੌਨਲਡ ਨੇ ਕਿਹਾ ਕਿ ਇਸ ਸਮਝੌਤੇ ਵਿਚ ਭਰੋਸਾ ਹੋਣ ਕਰਕੇ ਹੀ ਲੁਲੁਲੈਮਨ ਨੇ ਡਾਊਟਾਊਨ ਵੈਨਕੂਵਰ ਵਿਚ 125,000 ਵਰਗ ਕਿਲੋਮੀਟਰ ਦੀ ਵਾਧੂ ਥਾਂ ਵੀ ਸੁਰੱਖਿਅਤ ਕੀਤੀ ਹੈ।
ਕੰਪਨੀ ਦੀ ਰਿਲੀਜ਼ ਅਨੁਸਾਰ 2022 ਤੱਕ ਕੈਨੇਡਾ ਵਿਚ ਲੁਲੁਲੈਮਨ ਵਿਚ ਕਰੀਬ 9,000 ਲੋਕ ਨੌਕਰੀ ਕਰ ਰਹੇ ਸਨ।
LMIA ਇੱਕ ਪ੍ਰਕਿਰਿਆ ਹੈ ਜੋ ਕਈ ਵਾਰ ਇਹ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਹੈ ਕਿ ਕੀ ਇੱਕ ਕੰਪਨੀ ਨੂੰ ਨੌਕਰੀ ਲਈ ਉਪਲਬਧ ਕੈਨੇਡੀਅਨ ਕਾਮਿਆਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਘਾਟ ਕਾਰਨ ਭਰਤੀ ਲਈ ਇੱਕ ਵਿਦੇਸ਼ੀ ਮੁਲਾਜ਼ਮ ਦੀ ਲੋੜ ਹੈ।
ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਦਾ ਕਹਿਣਾ ਹੈ ਕਿ ਕੈਨੇਡਾ ਸਿਰਫ਼ ਘਰੇਲੂ ਕਿਰਤ ਸ਼ਕਤੀ ਨਾਲ ਆਰਥਿਕਤਾ ਦੀਆਂ ਘਰੇਲੂ ਲੋੜਾਂ ਨੂੰ ਪੂਰਾ ਨਹੀਂ ਕਰ ਸਕੇਗਾ ਅਤੇ ਪੂਰੀ ਦੁਨੀਆ ਹੀ ਹੁਨਰ ਅਤੇ ਪ੍ਰਤਿਭਾ ਲਈ ਮੁਕਾਬਲੇਬਾਜ਼ੀ ਵਿਚ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ