1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਮੈਨੀਟੋਬਾ ਦੇ ਵਕੀਲਾਂ ਲਈ ਮੂਲਨਿਵਾਸੀ ਸੱਭਿਆਚਾਰ ਸਬੰਧੀ ਸਿਖਲਾਈ ਹੋਵੇਗੀ ਲਾਜ਼ਮੀ

ਲੌਅ ਸੁਸਾਇਟੀ ਅਨੁਸਾਰ ਇਹ ਕਦਮ ਮੂਲਨਿਵਾਸੀਆਂ ਨਾਲ ਸੁਲ੍ਹਾ ਦੇ ਸਿਲਸਿਲੇ ਨੂੰ ਅੱਗੇ ਤੋਰੇਗਾ

ਲੌਅ ਸੁਸਾਇਟੀ ਔਫ਼ ਮੈਨੀਟੋਬਾ ਦੀ ਇਕੁਇਟੀ ਅਫ਼ਸਰ ਅਤੇ ਪੌਲਿਸੀ ਕੌਂਸਲ, ਐਲੀਸਾ ਸ਼ੈਕਟਰ (ਖੱਬੇ) ਅਤੇ ਨਵੇਂ ਮੂਲਨਿਵਾਸੀ ਕੋਰਸ ਨੂੰ ਤਿਆਰ ਕਰਨ ਵਾਰੇ NVision Insight ਗਰੁੱਪ ਨਾਲ ਜੁੜੀ ਸੀਨੀਅਰ ਕਨਸਲਟੈਂਟ, ਜੈਨੀਫ਼ਰ ਡੇਵਿਡ।

ਲੌਅ ਸੁਸਾਇਟੀ ਔਫ਼ ਮੈਨੀਟੋਬਾ ਦੀ ਇਕੁਇਟੀ ਅਫ਼ਸਰ ਅਤੇ ਪੌਲਿਸੀ ਕੌਂਸਲ, ਐਲੀਸਾ ਸ਼ੈਕਟਰ (ਖੱਬੇ) ਅਤੇ ਨਵੇਂ ਮੂਲਨਿਵਾਸੀ ਕੋਰਸ ਨੂੰ ਤਿਆਰ ਕਰਨ ਵਾਰੇ NVision Insight ਗਰੁੱਪ ਨਾਲ ਜੁੜੀ ਸੀਨੀਅਰ ਕਨਸਲਟੈਂਟ, ਜੈਨੀਫ਼ਰ ਡੇਵਿਡ।

ਤਸਵੀਰ: (Gary Solilak/CBC)

RCI

ਮੈਨੀਟੋਬਾ ਦੇ ਵਕੀਲਾਂ ਲਈ ਜਲਦੀ ਹੀ ਮੂਲਨਿਵਾਸੀ ਅਧਿਕਾਰਾਂ ਅਤੇ ਇਤਿਹਾਸ ਬਾਰੇ ਸਿਖਲਾਈ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ।

ਸੂਬੇ ਵਿਚ ਵਕਾਲਤ ਦੇ ਪੇਸ਼ੇ ਦਾ ਨਿਯੰਤਰਣ ਕਰਨ ਵਾਲੇ ਅਦਾਰੇ, ਲੌਅ ਸੁਸਾਇਟੀ ਔਫ਼ ਮੈਨੀਟੋਬਾ ਨੇ ਇਸ ਨਵੀਂ, ਇੱਕ ਵਾਰੀ ਦੀ ਟ੍ਰੇਨਿੰਗ ਨੂੰ ਲਾਜ਼ਮੀ ਕੀਤਾ ਹੈ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਨੀਟੋਬਾ ਦੇ ਸਾਰੇ ਵਕੀਲਾਂ ਕੋਲ ਮੂਲਨਿਵਾਸੀ ਮੁੱਦਿਆਂ ‘ਤੇ ਸਮਾਨ ਗਿਆਨ ਅਧਾਰ ਹੋਵੇ।

ਲੌਅ ਸੁਸਾਇਟੀ ਦੀ ਇਕੁਇਟੀ ਅਫ਼ਸਰ ਅਤੇ ਪੌਲਿਸੀ ਕੌਂਸਲ, ਐਲੀਸਾ ਸ਼ੈਕਟਰ ਅਨੁਸਾਰ ਲੌਅ ਸੁਸਾਇਟੀ ਦਾ ਮੰਨਣਾ ਹੈ ਕਿ ਇਹ ਸਿੱਖਿਆ ਪ੍ਰਾਪਤ ਕਰਨਾ ਯੋਗਤਾ ਦਾ ਮਾਮਲਾ ਹੈ।

ਉਨ੍ਹਾਂ ਕਿਹਾ, ਵਕੀਲਾਂ ਨੂੰ ਆਪਣੇ ਕਲਾਇੰਟਸ ਦੀ ਮਦਦ ਕਰਨ ਅਤੇ ਉਹਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨੁਮਾਇੰਦਗੀ ਕਰਨ ਦੇ ਯੋਗ ਹੋਣ ਲਈ ਉਸ ਸਥਾਨ ਜਿੱਥੇ ਅਸੀਂ ਰਹਿੰਦੇ ਹਾਂ, ਉਸਦੇ ਇਤਿਹਾਸ ਅਤੇ ਯੂਰਪੀਅਨ ਸੰਪਰਕ ਤੋਂ ਪਹਿਲਾਂ ਦੇ ਇੱਥੇ ਰਹਿਣ ਵਾਲੇ ਲੋਕਾਂ ਦੀ ਸਹੀ ਸਮਝ ਹੋਣੀ ਚਾਹੀਦੀ ਹੈ

ਇਸ ਕਰਕੇ, ਇਹ ਅੰਸ਼ਕ ਤੌਰ 'ਤੇ ਕਾਨੂੰਨੀ ਪ੍ਰਣਾਲੀ, ਪੇਸ਼ੇ ਅਤੇ ਨਿਆਂ ਦੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਦਾ ਮਾਮਲਾ ਹੈ

ਇਹ ਨਵੀਂ ਲਾਜ਼ਮੀ ਸਿਖਲਾਈ, ਟ੍ਰੁੱਥ ਐਂਡ ਰੀਕਨਸੀਲੀਏਸ਼ਨ ਕਮੀਸ਼ਨ ਦੀਆਂ ਮੰਗਾਂ ਵਿਚੋਂ ਇੱਕ, ਐਕਸ਼ਨ 27 (ਨਵੀਂ ਵਿੰਡੋ), ਦੇ ਜਵਾਬ ਵਿਚ ਹੈ, ਜਿਸ ਤਹਿਤ ਕਮੀਸ਼ਨ ਨੇ ਮੁਲਕ ਦੀਆਂ ਲੌਅ ਸੁਸਾਇਟੀਜ਼ ਵੱਲੋਂ ਵਕੀਲਾਂ ਨੂੰ ਮੂਲਨਿਵਾਸੀ ਇਤਿਹਾਸ ਅਤੇ ਸੱਭਿਆਚਾਰ ਬਾਰੇ ਢੁੱਕਵੀਂ ਸਿਖਲਾਈ ਸੁਨਿਸ਼ਚਿਤ ਕੀਤੇ ਜਾਣ ਦੀ ਮੰਗ ਕੀਤੀ ਸੀ।

ਇਸ ਪਹਿਲੂ ‘ਤੇ 2021 ਤੋਂ ਕੰਮ ਕੀਤਾ ਜਾ ਰਿਹਾ ਸੀ, ਜਦੋਂ ਲੌਅ ਸੁਸਾਇਟੀ ਨੇ ਮੂਲਨਿਵਾਸੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਸੀ।

ਮੈਨੀਟੋਬਾ ਦੇ ਸਾਰੇ ਵਕੀਲਾਂ, ਭਾਵੇਂ ਉਹਨਾਂ ਦਾ ਕਾਨੂੰਨੀ ਅਭਿਆਸ ਖੇਤਰ ਕੋਈ ਵੀ ਹੋਵੇ, ਨੂੰ ਇਹ ਸਿਖਲਾਈ ਪੂਰੀ ਕਰਨ ਦੀ ਲੋੜ ਹੋਵੇਗੀ। ਕਮੇਟੀ ਦੀ ਵਾਈਸ-ਚੇਅਰ ਅਤੇ ਵਕੀਲ ਜੈਸਿਕਾ ਸੌਂਡਰਜ਼ ਅਨੁਸਾਰ ਇਹ ਸਿਖਲਾਈ ਮਹੱਤਵਪੂਰਨ ਹੈ।

ਜੈਸਿਕਾ, ਜੋਕਿ ਓਪਸਕਵੇਯਕ ਕ੍ਰੀ ਨੇਸ਼ਨ (ਮੂਲਨਿਵਾਸੀ ਭਾਈਚਾਰਾ) ਦੇ ਮੈਂਬਰ ਹਨ, ਨੇ ਕਿਹਾ, ਜੋ ਕੋਈ ਵੀ ਇਸ ਜ਼ਮੀਨ ‘ਤੇ ਤੁਰਦਾ ਹੈ, ਉਸਨੂੰ ਇਸਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ

ਨਵਾਂ ਕੋਰਸ 1 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਲੌਅ ਸੁਸਾਇਟੀ ਔਫ਼ ਮੈਨੀਟੋਬਾ ਦੇ ਵਕੀਲਾਂ ਕੋਲ ਇਹ ਕੋਰਸ ਮੁਕੰਮਲ ਕਰਨ ਲਈ 18 ਮਹੀਨਿਆਂ ਦਾ ਸਮਾਂ ਹੋਵੇਗਾ।

ਜਿਹੜੇ ਵਕੀਲ ਇਹ ਕੋਰਸ ਕਰਨ ਤੋਂ ਮਨ੍ਹਾਂ ਕਰਨਗੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਹੋਵੇਗੀ, ਪਰ ਐਲੀਸਾ ਨੇ ਕਿਹਾ ਕਿ ਇਸ ਕੋਰਸ ਬਾਰੇ ਹੁਣ ਤੱਕ ਦਾ ਰਿਸਪਾਂਸ ਸਾਰਥਕ ਰਿਹਾ ਹੈ, ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਸ ਕਿਸਮ ਦੀ ਕੋਈ ਦਿੱਕਤ ਪੇਸ਼ ਆਵੇਗੀ।

ਕੋਰਸ ਵਿਚ ਕੀ ਹੈ?

ਲੌਅ ਸੁਸਾਇਟੀ ਦੁਆਰਾ ਲਾਜ਼ਮੀ ਕੀਤੀ ਗਈ ਟ੍ਰੇਨਿੰਗ ਵਿਚ, The Path ਸ਼ਾਮਲ ਹੈ, ਜੋ ਕਿ ਇੱਕ ਔਨਲਾਈਨ ਕੋਰਸ (ਨਵੀਂ ਵਿੰਡੋ) ਹੈ। ਇਸ ਕੋਰਸ ਵਿਚ ਮੂਲਨਿਵਾਸੀ ਸੱਭਿਆਚਾਰ ਬਾਰੇ ਵੱਖਰੇ ਵੱਖਰੇ ਮੌਡਿਊਲਜ਼ ਵਿਚ ਪੜ੍ਹਾਇਆ ਜਾਵੇਗਾ।

ਇਸ ਕੋਰਸ ਨੂੰ ਤਿਆਰ ਕਰਨ ਵਾਰੇ NVision Insight ਗਰੁੱਪ ਨਾਲ ਜੁੜੀ ਸੀਨੀਅਰ ਕਨਸਲਟੈਂਟ, ਜੈਨੀਫ਼ਰ ਡੇਵਿਡ ਨੇ ਦੱਸਿਆ ਇਹ ਕੋਰਸ 2018 ਵਿਚ ਬਣਾਇਆ ਗਿਆ ਸੀ ਅਤੇ ਇਸ ਵਿਚ ਲੋਕਾਂ ਨੂੰ ਮੂਲਨਿਵਾਸੀ ਦ੍ਰਿਸ਼ਟੀਕੋਣ ਤੋਂ ਕੈਨੇਡੀਅਨ ਇਤਿਹਾਸ, ਮੂਲਨਿਵਾਸੀ ਸੱਭਿਆਚਾਰ ਅਤੇ ਸਮਕਾਲੀ ਮੁੱਦਿਆਂ ਬਾਰੇ ਪੜ੍ਹਾਇਆ ਜਾਂਦਾ ਹੈ।

ਇਹ ਕਿਸੇ ਵੀ ਖੇਤਰ ਵਿਚ ਕੰਮ ਕਰ ਰਹੇ ਕਿਸੇ ਵੀ ਕੈਨੇਡੀਅਨ ਲਈ ਹੈ

ਉਨ੍ਹਾਂ ਕਿਹਾ ਕਿ ਇਸ ਕੋਰਸ ਦਾ ਉਦੇਸ਼ ਲੋਕਾਂ ਨੂੰ ਮੁੱਢਲੀ ਜਾਣਕਾਰੀ ਦੇਕੇ ਸੁਲ੍ਹਾ ਦੇ ਸਿਲਸਿਲੇ ਨੂੰ ਅੱਗੇ ਤੋਰਨਾ ਹੈ।

ਅਸੀਂ ਉਦੋਂ ਤੱਕ ਰਿਸ਼ਤੇ ਕਿਵੇਂ ਬਹਾਲ ਕਰ ਸਕਦੇ ਹਾਂ ਜਦੋਂ ਤੱਕ ਇੱਕ ਧਿਰ ਨੂੰ ਦੂਸਰੀ ਧਿਰ ਬਾਰੇ ਨਾ-ਮਾਤਰ ਜਾਣਕਾਰੀ ਹੋਵੇ, ਜਾਂ ਜੋ ਉਹ ਜਾਣਦੇ ਹੋਣ, ਉਹ ਗ਼ਲਤ ਧਾਰਨਾਵਾਂ, ਰੂੜ੍ਹੀਵਾਦੀ ਜਾਂ ਨਸਲਵਾਦੀ ਰਵੱਈਆ ਹੋਵੇ

ਬਿਹਤਰ ਰਿਸ਼ਤਿਆਂ ਦਾ ਨਿਰਮਾਣ

ਕ੍ਰਿਮਿਨਲ ਡਿਫ਼ੈਂਸ ਵਕੀਲਾਂ ਦੀ ਅਸੋਸੀਏਸ਼ਨ ਨਾਲ ਜੁੜੇ, ਕ੍ਰਿਸਟੋਫ਼ਰ ਗੈਂਬੀ ਨੇ ਕਿਹਾ ਕਿ ਇਹ ਸਿਖਲਾਈ ਪ੍ਰਾਪਤ ਕਰਨ ਨਾਲ ਵਕੀਲਾਂ ਨੂੰ ਆਪਣੇ ਮੂਲਨਿਵਾਸੀ ਕਲਾਇੰਟਸ ਨਾਲ ਬਿਹਤਰ ਰਿਸ਼ਤੇ ਕਾਇਮ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਉਹ ਅਦਾਲਤ ਵਿਚ ਉਨ੍ਹਾਂ ਦੀ ਬਿਹਤਰ ਨੁਮਾਇੰਦਗੀ ਕਰ ਸਕਣਗੇ।

ਐਲਬਰਟਾ, ਬੀਸੀ ਅਤੇ ਯੂਕੌਨ ਵਿਚਲੀਆਂ ਲੌਅ ਸੁਸਾਇਟੀਆਂ ਵੀ ਮੂਲਨਿਵਾਸੀ ਸੱਭਿਆਚਾਰ ਸਬੰਧੀ ਸਿਖਲਾਈ ਲਾਜ਼ਮੀ ਕਰ ਚੁੱਕੀਆਂ ਹਨ, ਅਤੇ ਯੂਨੀਵਰਸਿਟੀ ਔਫ਼ ਮੈਨੀਟੋਬਾ ਦੇ ਰੌਬਿਨਸਨ ਹੌਲ ਲੌਅ ਸਕੂਲ ਨੇ ਗ੍ਰੈਜੁਏਟ ਹੋਣ ਵਾਸਤੇ ਵੀ ਅਜਿਹਾ ਹੀ ਕੋਰਸ ਲਾਜ਼ਮੀ ਕੀਤਾ ਹੋਇਆ ਹੈ।

ਸੈਰਾਹ ਪੈਟਜ਼ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ