- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਐਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ ਕਿਸਮਤ ਅਜ਼ਮਾ ਰਹੇ ਹਨ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ
87 ਸੀਟਾਂ 'ਤੇ ਚੋਣਾਂ 29 ਮਈ ਨੂੰ , 27 ਲੱਖ ਤੋਂ ਵਧੇਰੇ ਵੋਟਰ ਕਰਨਗੇ ਫ਼ੈਸਲਾ

ਇਲੈਕਸ਼ਨ ਐਲਬਰਟਾ ਮੁਤਾਬਿਕ 3 ਲੱਖ 17 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਅਡਵਾਂਸ ਪੋਲਿੰਗ ਵਿੱਚ ਵੋਟ ਕੀਤੀ ਹੈ I
ਤਸਵੀਰ: Radio-Canada / Dan McGarvey
ਐਲਬਰਟਾ ਵਿੱਚ ਹੋ ਰਹੀਆਂ ਸੂਬਾਈ ਚੋਣਾਂ ਵਿੱਚ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ I
ਐਲਬਰਟਾ ਵਿੱਚ ਇਸ ਸਮੇਂ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ I ਪ੍ਰੋਵਿੰਸ ਵਿੱਚ ਕਰੀਬ 27 ਲੱਖ 84 ਹਜ਼ਾਰ ਵੋਟਰ ਹਨ I ਐਲਬਰਟਾ ਵਿੱਚ ਕੁੱਲ 87 ਸੀਟਾਂ ਹਨ I
ਕੈਲਗਰੀ ਅਤੇ ਐਡਮੰਟਨ ਵਿੱਚ ਬਹੁਤਾਤ
ਭਾਰਤੀ ਮੂਲ ਦੇ ਉਮੀਦਵਾਰਾਂ ਦੀ ਬਹੁਤਾਤ ਕੈਲਗਰੀ ਅਤੇ ਐਡਮੰਟਨ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਹੀ ਹੈ I ਦੱਸਣਯੋਗ ਹੈ ਕਿ ਕੈਲਗਰੀ ਅਤੇ ਐਡਮੰਟਨ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਦੋਵੇਂ ਸ਼ਹਿਰ ਦੇ ਮੇਅਰ ਵੀ ਪੰਜਾਬੀ ਮੂਲ ਦੇ ਹਨ I
ਲੰਘੇ ਸਾਲ ਹੋਈਆਂ ਮਿਉਂਸਿਪਲ ਚੋਣਾਂ ਵਿੱਚ ਸਾਬਕਾ ਫ਼ੈਡਰਲ ਮਨਿਸਟਰ ਅਮਰਜੀਤ ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਚੁਣੇ ਗਏ ਸਨ I ਇਸੇ ਤਰ੍ਹਾਂ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਜੋਤੀ ਗੌਂਡੇਕ ਨੇ ਬਾਜ਼ੀ ਮਾਰੀ ਸੀ I

ਚੋਣ ਪ੍ਰਚਾਰ ਦੌਰਾਨ ਰਾਜਨ ਸਾਹਨੀ I ਸਾਹਨੀ ਨੇ ਫ਼ਰਵਰੀ ਦੌਰਾਨ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ , ਪਰ ਪਾਰਟੀ ਲੀਡਰ ਡੇਨੀਅਲ ਸਮਿੱਥ ਵੱਲੋ ਜ਼ੋਰ ਪਾਉਣ 'ਤੇ ਸਾਹਨੀ ਮੁੜ ਚੋਣ ਮੈਦਾਨ ਵਿੱਚ ਨਿੱਤਰੇ ਹਨ I
ਤਸਵੀਰ: ਧੰਨਵਾਦ ਸਹਿਤ ਰਾਜਨ ਸਾਹਨੀ ਫ਼ੇਸਬੁੱਕ ਪੇਜ
ਐਲਬਰਟਾ ਦੀ ਸਾਬਕਾ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ , ਰਾਜਨ ਸਾਹਨੀ ਮੁੜ ਤੋਂ ਚੋਣ ਮੈਦਾਨ ਵਿੱਚ ਹਨ I ਸਾਹਨੀ , ਕੈਲਗਰੀ ਨੌਰਥ ਵੈਸਟ ਤੋਂ ਉਮੀਦਵਾਰ ਹਨ I
ਹਾਲਾਂਕਿ ਸਾਹਨੀ ਨੇ ਫ਼ਰਵਰੀ ਦੌਰਾਨ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ ਪਰ ਪਾਰਟੀ ਲੀਡਰ ਡੇਨੀਅਲ ਸਮਿੱਥ ਵੱਲੋ ਜ਼ੋਰ ਪਾਉਣ 'ਤੇ ਸਾਹਨੀ ਮੁੜ ਚੋਣ ਮੈਦਾਨ ਵਿੱਚ ਨਿੱਤਰੇ ਹਨ I
ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਉਮੀਦਵਾਰ ਅਤੇ ਵਿਧਾਇਕ ਦਵਿੰਦਰ ਤੂਰ ਮੁੜ ਤੋਂ ਚੋਣ ਲੜ ਰਹੇ ਹਨ ਅਤੇ ਇਸ ਸੀਟ ਤੋਂ ਪਰਮੀਤ ਸਿੰਘ ਬੋਪਾਰਾਏ ਐਨਡੀਪੀ ਉਮੀਦਵਾਰ ਹਨ I ਇਸ ਸੀਟ ਤੋਂ ਅਹਿਮਦ ਹਸਨ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਉਮੀਦਵਾਰ ਹਨ I

ਦਵਿੰਦਰ ਤੂਰ ਦੀ ਕਾਗਜ਼ ਦਾਖ਼ਲ ਕਰਨ ਮੌਕੇ ਦੀ ਤਸਵੀਰ I
ਤਸਵੀਰ: ਧੰਨਵਾਦ ਸਹਿਤ ਦਵਿੰਦਰ ਤੂਰ ਫ਼ੇਸਬੁੱਕ ਪੇਜ
2019 ਵਿੱਚ ਮੁੜ ਜੇਤੂ ਰਹੇ ਇਰਫ਼ਾਨ ਸਾਬਿਰ ਐਨਡੀਪੀ ਉਮੀਦਵਾਰ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ I ਸਾਬਿਰ , ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਨੂੰ ਟੱਕਰ ਦੇ ਰਹੇ ਹਨ I
ਇਹਨਾਂ ਚੋਣਾਂ ਦੌਰਾਨ ਐਨਡੀਪੀ ਵੱਲੋਂ ਕੈਲਗਰੀ ਕਰਾਸ ਰਾਈਡਿੰਗ ਤੋਂ ਗੁਰਿੰਦਰ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਅਮਨ ਸੰਧੂ ਨੂੰ ਟੱਕਰ ਦੇ ਰਹੇ ਹਨ I

ਐਨਡੀਪੀ ਉਮੀਦਵਾਰ ਪਰਮਜੀਤ ਸਿੰਘ ਬੋਪਾਰਾਏ ਦੀ ਚੋਣ ਪ੍ਰਚਾਰ ਕਰਨ ਮੌਕੇ ਦੀ ਤਸਵੀਰ I
ਤਸਵੀਰ: ਧੰਨਵਾਦ ਸਹਿਤ ਪਰਮਜੀਤ ਸਿੰਘ ਬੋਪਾਰਾਏ ਫ਼ੇਸਬੁੱਕ ਪੇਜ
ਐਡਮੰਟਨ ਮੀਡੋਜ਼ ਤੋਂ ਜਸਵੀਰ ਦਿਓਲ ਐਨਡੀਪੀ ਉਮੀਦਵਾਰ ਹਨ ਅਤੇ ਉਹਨਾਂ ਖ਼ਿਲਾਫ਼ ਯੂਸੀਪੀ ਨੇ ਪੰਜਾਬੀ ਮੂਲ ਦੇ ਅਮ੍ਰਿਤਪਾਲ ਸਿੰਘ ਮਠਾੜੂ ਨੂੰ ਟਿਕਟ ਦਿੱਤੀ ਹੈ I ਐਡਮੰਟਨ ਮਿਲ ਵੁਡਜ਼ ਤੋਂ ਰਮਨ ਅਠਵਾਲ ਚੋਣ ਮੈਦਾਨ ਵਿੱਚ ਨਿਤਰੇ ਹਨ I
ਹੈਲਥ ਕੇਅਰ , ਨੌਕਰੀਆਂ ਅਹਿਮ ਮੁੱਦੇ
ਇਹਨਾਂ ਚੋਣਾਂ ਦੌਰਾਨ ਸਿਹਤ ਸਹੂਲਤਾਂ ਇਕ ਵੱਡਾ ਮੁੱਦਾ ਹੈ I ਅੰਕੜਿਆਂ ਅਨੁਸਾਰ 6 ਲੱਖ ਤੋਂ ਵਧੇਰੇ ਐਲਬਰਟਾ ਨਿਵਾਸੀਆਂ ਕੋਲ ਆਪਣਾ ਫ਼ੈਮਲੀ ਡਾਕਟਰ ਨਹੀਂ ਹੈ I ਐਮਰਜੈਂਸੀ ਵਿੱਚ ਲੰਬੀ ਉਡੀਕ ਨੂੰ ਲੈ ਕੇ ਵੀ ਲੋਕ ਪ੍ਰੇਸ਼ਾਨ ਹਨ I

ਪੰਜਾਬੀ ਮੂਲ ਦੇ ਜਸਵੀਰ ਦਿਓਲ 2019 ਦੌਰਾਨ ਐਮਐਲਏ ਚੁਣੇ ਗਏ ਸਨ I ਦਿਓਲ ਐਨਡੀਪੀ ਉਮੀਦਵਾਰ ਹਨ I
ਤਸਵੀਰ: ਧੰਨਵਾਦ ਸਹਿਤ ਜਸਵੀਰ ਦਿਓਲ ਫ਼ੇਸਬੁੱਕ ਪੇਜ
ਇਸਤੋਂ ਇਲਾਵਾ ਨੌਕਰੀਆਂ ਨੂੰ ਲੈ ਕੇ ਵੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਵਾਅਦੇ ਕੀਤੇ ਜਾ ਰਹੇ ਹਨ I ਐਨਡੀਪੀ ਵੱਲੋਂ ਕੈਲਗਰੀ ਵਿੱਚ $1.2 ਬਿਲੀਅਨ ਦੀ ਰਾਸ਼ੀ ਨਾਲ ਹਸਪਤਾਲ, ਸਕੂਲ ਅਤੇ ਲਾਈਟ ਰੇਲ ਟਰਾਂਜ਼ਿਟ ਲਾਈਨਾਂ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ I ਜਦੋਂ ਕਿ ਯੂਸੀਪੀ ਨੇ ਸ਼ਹਿਰ ਵਿੱਚ ਇੱਕ ਸਟੇਡੀਅਮ ਪ੍ਰੋਜੈਕਟ ਲਈ $330 ਮਿਲੀਅਨ ਦਾ ਵਾਅਦਾ ਕੀਤਾ ਹੈ।
ਵੋਟਾਂ 29 ਮਈ ਨੂੰ
ਐਲਬਰਟਾ ਵਿੱਚ ਸਿਆਸੀ ਜੰਗ ਪ੍ਰਮੁੱਖ ਤੌਰ 'ਤੇ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਅਤੇ ਐਲਬਰਟਾ ਐਨਡੀਪੀ ਵਿਚਕਾਰ ਹੈ I ਦੋਵੇਂ ਪਾਰਟੀਆਂ ਨੂੰ ਨੁਮਾਇੰਦਗੀ ਔਰਤਾਂ ਕਰ ਰਹੀਆਂ ਹਨ I ਡੇਨੀਅਲ ਸਮਿੱਥ ਜੋ ਕਿ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ , ਐਲਬਰਟਾ ਦੇ ਪ੍ਰੀਮੀਅਰ ਬਣੇ ਸਨ , ਯੂਸੀਪੀ ਦੀ ਵਾਂਗਡੋਰ ਸੰਭਾਲ ਰਹੇ ਹਨ I

ਇਕ ਡਿਬੇਟ ਦੌਰਾਨ ਐਲਬਰਟਾ ਐਨਡੀਪੀ ਲੀਡਰ ਰੇਸ਼ਲ ਨੋਟਲੀ ਅਤੇ ਯੂਸੀਪੀ ਲੀਡਰ ਡੇਨੀਅਲ ਸਮਿੱਥ I
ਤਸਵੀਰ: La Presse canadienne / Jason Franson
ਐਲਬਰਟਾ ਐਨਡੀਪੀ ਦੀ ਕਮਾਨ ਪਾਰਟੀ ਲੀਡਰ ਰੇਸ਼ਲ ਨੋਟਲੀ ਕੋਲ ਹੈ I ਇਸਤੋਂ ਇਲਾਵਾ ਐਲਬਰਟਾ ਪਾਰਟੀ ਅਤੇ ਐਲਬਰਟਾ ਲਿਬਰਲ ਪਾਰਟੀ ਵੀ ਚੋਣ ਮੈਦਾਨ ਵਿੱਚ ਹਨ I ਕੁਝ ਉਮੀਦਵਾਰ ਆਜ਼ਾਦ ਤੌਰ 'ਤੇ ਚੋਣਾਂ ਲੜ ਰਹੇ ਹਨ I
2019 ਦੀਆਂ ਚੋਣਾਂ ਦੌਰਾਨ ਯੂਸੀਪੀ ਨੂੰ 63 ਅਤੇ ਐਨਡੀਪੀ ਨੂੰ 24 ਸੀਟਾਂ ਹਾਸਿਲ ਹੋਈਆਂ ਸਨ I
ਵੋਟਾਂ 29 ਮਈ ਨੂੰ ਸਵੇਰ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੋਣਗੀਆਂ I 23 ਮਈ ਨੂੰ ਸ਼ੁਰੂ ਹੋਈ ਅਡਵਾਂਸ ਪੋਲਿੰਗ 27 ਮਈ ਨੂੰ ਖ਼ਤਮ ਹੋਵੇਗੀ I
ਇਲੈਕਸ਼ਨ ਐਲਬਰਟਾ ਮੁਤਾਬਿਕ 3 ਲੱਖ 17 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਅਡਵਾਂਸ ਪੋਲਿੰਗ ਵਿੱਚ ਵੋਟ ਕੀਤੀ ਹੈ I
ਦੱਸਣਯੋਗ ਹੈ ਕਿ 2019 ਦੌਰਾਨ ਐਲਬਰਟਾ ਵਿੱਚ ਰਿਕਾਰਡ ਤੋਂ ਪੋਲਿੰਗ ਹੋਈ ਸੀ I ਲੰਘੀਆਂ ਚੋਣਾਂ ਦੌਰਾਨ ਕਰੀਬ 70 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ I